ਕਾਕਾ ਬਰਾੜ ਲੱਖੇਵਾਲੀ ਨੇ ਹੋਰ ਪਾਰਟੀ ’ਚ ਜਾਣ ਦੇ ਦਿੱਤੇ ਸੰਕੇਤ

Kaka Brar Lakhewali
ਕਾਕਾ ਬਰਾੜ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਤੇ ਸਾੜੀਆਂ ਹੋਈਆਂ ਪਾਰਟੀ ਦੀਆਂ ਨਿਸ਼ਾਨੀਆਂ। ਫੋਟੋ : ਸੁਰੇਸ਼ ਗਰਗ

ਰੋਸ ਪ੍ਰਗਟਾਉਂਦਿਆਂ ਰਾਹੁਲ ਗਾਂਧੀ ਤੋਂ ਪੁੱਛਿਆ ਕਿ ਪੰਜਾਬ ਨੂੰ ਅਜਿਹਾ ਪ੍ਰਧਾਨ ਕਿਉਂ ਦਿੱਤਾ?

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਬੀਤੇ ਦਿਨੀਂ ਕਾਂਗਰਸ ਪਾਰਟੀ ਤੋਂ ਬਾਗੀ ਹੋਏ ਸਾਬਕਾ ਯੂਥ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਲਕਾ ਮਲੋਟ ਦੇ ਸਰਬਜੀਤ ਸਿੰਘ ਕਾਕਾ ਬਰਾੜ ਲੱਖੇਵਾਲੀ ਨੇ ਆਪਣੇ ਗ੍ਰਹਿ ਵਿਖੇ ਵਿਸੇਸ਼ ਪ੍ਰੈਸ ਕਾਨਫਰੰਸ ਇਸ ਤੋਂ ਪਹਿਲਾ ਆਪਣੇ ਘਰ ਵਿੱਚ ਪਈਆਂ ਕਾਂਗਰਸ ਪਾਰਟੀ ਦੀਆਂ ਨਿਸ਼ਾਨੀਆਂ ਝੰਡੇ ਅਤੇ ਹੋਰ ਸਮਾਨ ਨੂੰ ਪਿੰਡ ’ਚ ਗਲੀ ’ਚ ਅਗਨੀ ਭੇਂਟ ਕੀਤਾ ਤੇ ਕਿਹਾ ਕਿ ਉਹ ਅਜਿਹੀ ਪਾਰਟੀ ਦੀਆਂ ਯਾਦਾਂ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ ਜਿਸ ਨੇ ਸਾਡੀ ਵਫ਼ਾਦਾਰੀ ਦੀ ਕਦਰ ਨਹੀਂ ਕੀਤੀ।

ਇਸ ਮੌਕੇ ਕਾਕਾ ਬਰਾੜ ਨੇ ਸਮੁੱਚੀ ਕਾਂਗਰਸ ਹਾਈਕਮਾਂਡ ਤੇ ਪ੍ਰਧਾਨ ਰਾਹੁਲ ਗਾਂਧੀ ’ਤੇ ਆਪਣਾ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਸੀ ਤਾਂ ਫਿਰ ਪੰਜਾਬ ਨੂੰ ਅਜਿਹਾ ਪ੍ਰਧਾਨ ਕਿਉਂ ਦਿੱਤਾ? ਜੋ ਖੁਦ ਹੀ ਬੇਈਮਾਨ ਹੈ ਤੇ ਧੋਖੇਬਾਜ ਹੈ। ਇਸ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਦੋਸ਼ ਲਾਏ ਕਿ ਜਿਸ ਸਮੇਂ ਗੁਜਰਾਤ ’ਚ ਹੜ ਆਏ ਸਨ ਤਾਂ ਉਸ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਤਾਂ ਉਨ੍ਹਾਂ ਨੇ ਹੜ ਪੀੜਤਾਂ ਲਈ ਇਕੱਠੀ ਕੀਤੀ ਕਣਕ ਤੱਕ ਵੀ ਵੇਚ ਦਿੱਤੀ ਸੀ।

ਉਨ੍ਹਾਂ ਕਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਉਨ੍ਹਾਂ ਕੋਲ ਅਜੇ ਬਹੁਤ ਕੁਝ ਹੈ, ਜਿਸ ਨੂੰ ਉਹ ਜਲਦੀ ਹੀ ਲੋਕਾਂ ਦੀ ਕਚਹਿਰੀ ’ਚ ਪੇਸ਼ ਕਰਨਗੇ। ਉਨ੍ਹਾਂ ਦੋਸ਼ ਲਾਏ ਕਿ ਰਾਜਾ ਵੜਿੰਗ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਘਾਤਕ ਹਨ ਤੇ ਆਉਣ ਵਾਲੀਆਂ 2024 ਦੀਆਂ ਚੋਣਾਂ ’ਚ ਰਾਜਾ ਵੜਿੰਗ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਕਾਕਾ ਬਰਾੜ ਨੇ ਵੱਡੀ ਪਾਰਟੀ ’ਚ ਜਾਣ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਹ ਜਿਹੜੀ ਪਾਰਟੀ ’ਚ ਵੀ ਜਾਣਗੇ, ਪੂਰੀ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣਗੇ। ਆਖਿਰ ’ਚ ਕਾਕਾ ਬਰਾੜ ਨੇ ਕਿਹਾ ਕਿ ਰਾਜਾ ਵੜਿੰਗ ਬਾਰੇ ਅਜੇ ਤਾਂ ਬਹੁਤ ਸਾਰੇ ਪੰਨੇ ਖੋਲ੍ਹਣੇ ਬਾਕੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।