Lok Sabha Election 2024: ਬਿਨਾ ‘ਗੱਠਜੋੜ’ ਹੋਣ ਵਾਲੇ ਚੋਣ ਅਖਾੜੇ ’ਚ ਮੁੱਦੇ ਵੱਖੋ-ਵੱਖਰੇ, ਮਕਸਦ ਸਿਰਫ਼ ‘ਵੋਟ’

Election

ਸਮੂਹ ਸਿਆਸੀ ਧਿਰਾਂ ਲਈ ਆਪਣੇ ਸਿਰਕੱਢ ਆਗੂਆਂ ਤੇ ਉਨ੍ਹਾਂ ਨਾਲ ਜੁੜੇ ਵਰਕਰਾਂ ਨੂੰ ਖੁਸ਼ ਰੱਖਣਾ ਬਣਿਆ ਵੱਕਾਰ ਦਾ ਸੁਆਲ | Lok Sabha Election 2024

ਲੁਧਿਆਣਾ (ਜਸਵੀਰ ਸਿੰਘ ਗਹਿਲ)। 2024 ਦੀਆਂ ਆਮ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ ਤਿਉਂ-ਤਿਉਂ ਵੱਖ-ਵੱਖ ਥਾਈਂ ਸਿਆਸੀ ਸਮੀਕਰਨ ਵੀ ਆਏ ਦਿਨ ਬਦਲ ਰਹੇ ਹਨ। ਪੰਜਾਬ ’ਚ ਪਹਿਲੀ ਵਾਰ ਬਿਨਾਂ ਕਿਸੇ ਗੱਠਜੋੜ ਦੇ ਚੋਣਾਂ ਹੋਣ ਜਾ ਰਹੀਆਂ ਹਨ। ਜਿਨ੍ਹਾਂ ’ਚ ਫ਼ਿਲਹਾਲ ਸਮੂਹ ਸਿਆਸੀ ਧਿਰਾਂ ਲਈ ਆਪਣੀ ਪਾਰਟੀ ਦੇ ਸਿਰਕੱਢ ਆਗੂਆਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਰਿਝਾਅ ਕੇ ਜੋੜੀ ਰੱਖਣਾ ਵੱਕਾਰ ਦਾ ਸੁਆਲ ਬਣਿਆ ਹੋਇਆ ਹੈ। ਦੇਸ਼ ਅੰਦਰ ਵੱਖ-ਵੱਖ ਥਾਈਂ ਸੱਤ ਗੇੜਾਂ ’ਚ ਹੋਣ ਵਾਲੀਆਂ ਚੋਣਾਂ ਦੇ ਬਾਵਜੂਦ ਪੰਜਾਬ ’ਚ ਫ਼ਿਲਹਾਲ ਸਿਆਸੀ ਸਰਗਮੀਆਂ ਸੁਸਤ ਚੱਲ ਰਹੀਆਂ ਹਨ। ਕਿਉਂਕਿ ਪੰਜਾਬ ਅੰਦਰ ਚੋਣ ਅਖਾੜੇ ’ਚ ਕੁੱਦਣ ਵਾਲੀਆਂ ਚਾਰ ਮੁੱਖ ਪਾਰਟੀਆਂ ਦੇ ਜ਼ਿਆਦਾਤਰ ਆਗੂ ਪਹਿਲੇ ਛੇ ਪੜਾਵਾਂ ਵਿੱਚ ਦੇਸ਼ ਦੇ ਦੂਸਰੇ ਸੂਬਿਆਂ ਅੰਦਰ ਹੋਣ ਜਾ ਰਹੀਆਂ ਚੋਣਾਂ ਦੇ ਪ੍ਰਚਾਰ ’ਚ ਰੁੱਝੇ ਹੋਏ ਹਨ। (Lok Sabha Election 2024)

ਹਾਲ ਦੀ ਘੜੀ ਸਿਰਫ਼ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੀ ਪੰਜਾਬ ਅੰਦਰ ਆਪਣੇ ਉਮੀਦਵਾਰਾਂ ਦੇ ਹੱਕ ’ਚ ਚੋਣ ਰੈਲੀਆਂ ਕਰਕੇ ਅਖਾੜਾ ਮਘਾਇਆ ਹੋਇਆ ਹੈ। ਜਦੋਂ ਕਿ ਭਾਰਤੀ ਜਨਤਾ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਵੀ ਇਸ ਵਾਰ ਆਪਣੇ ਬਲਬੂਤੇ ਪੰਜਾਬ ਦੇ ਚੋਣ ਅਖਾੜੇ ’ਚ ਆਪਣੇ ਉਮੀਦਵਾਰਾਂ ਨੂੰ ਅਜ਼ਮਾ ਰਹੇ ਹਨ। ਜਿਨ੍ਹਾਂ ਵਿੱਚੋਂ ਕਿਸੇ ਵੱਲੋਂ ਵੀ ਹਾਲੇ ਆਪਣੀ ਪਾਰਟੀ ਦੇ ਉਮੀਦਵਾਰ ਲਈ ਚੋਣ ਰੈਲੀਆਂ ਦਾ ਸਿਲਸਿਲਾ ਸ਼ੁਰੂ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਦਿੱਲੀ ਮਾਡਲ ’ਤੇ ਹੋ ਚੁੱਕੇ ਤੇ ਹੋ ਰਹੇ ਵਿਕਾਸ ਕਾਰਜਾਂ ਦੇ ਨਾਂਅ ’ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ।

Lok Sabha Election 2024

ਇਸ ਦੇ ਨਾਲ ਹੀ ‘ਆਪ’ ਵੱਲੋਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਕੇਂਦਰੀ ਵਜ਼ਾਰਤ ਦੀ ਤਾਨਾਸ਼ਾਹੀ ਨੂੰ ਵੀ ਆਪਣੇ ਚੋਣ ਪ੍ਰਚਾਰ ਵਿੱਚ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਜਦੋਂ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਪਾਰਟੀ ’ਚ ਕਾਂਗਰਸ ਦੇ ਕਈ ਵੱਡੇ ਚਿਹਰਿਆਂ ਦੀ ਸ਼ਮੂਲੀਅਤ ਨਾਲ ਵੱਖ-ਵੱਖ ਸਿਆਸੀ ਧਿਰਾਂ ਨਾਲ ਟੱਕਰ ’ਚ ਆ ਗਈ ਹੈ। ਉੱਥੇ ਹੀ ਕਾਂਗਰਸ ਵੱਲੋਂ ਵੀ ਵੱਖ-ਵੱਖ ਮੁੱਦਿਆਂ ’ਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਭੰਡਣ ਦਾ ਕੋਈ ਮੌਕਾ ਨਹੀਂ ਖੁੰਝਾਇਆ ਜਾ ਰਿਹਾ।

Lok Sabha Election 2024

ਸ਼੍ਰੋਮਣੀ ਅਕਾਲੀ ਦਲ (ਬ) ਜੋ ਸਿਰਫ਼ ਪੰਜਾਬ ਤੱਕ ਹੀ ਸੀਮਤ ਹੈ, ਲਈ ਆਪਣੀ ਹੋਂਦ ਬਚਾਉਣਾ ਹੀ ਵੱਡੀ ਚੁਣੌਤੀ ਬਣਿਆ ਹੋਇਆ ਹੈ ਜੋ ਅਗਾਮੀ ਚੋਣਾਂ ਦੇ ਮੱਦੇਨਜ਼ਰ ‘ਪੰਜਾਬ ਬਚਾਓ’ ਦੇ ਨਾਂਅ ’ਤੇ ਵੋਟਾਂ ਵਟੋਰਨ ਦੀ ਫ਼ਿਰਾਕ ’ਚ ਹੈ। ਕੁੱਲ ਮਿਲਾ ਕੇ ਹਰੇਕ ਉਮੀਦਵਾਰ ਵੱਖੋ-ਵੱਖਰੇ ਮੁੱਦਿਆਂ ’ਤੇ ਬਿਆਨਬਾਜ਼ੀ ਕਰਕੇ ਵਿਰੋਧੀ ਧਿਰ ਨੂੰ ਭੰਡਣ ’ਚ ਜੁਟਿਆ ਹੋਇਆ ਹੈ। ਜਦੋਂ ਕਿ ਸਭਨਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਆਪਣੇ ਵਿਰੋਧੀ ਤੋਂ ਵੱਧ ‘ਵੋਟ’ ਹਾਸਲ ਕਰਕੇ ਜਿੱਤਣਾ ਹੀ ਹੈ।

Also Read : ਹਲਕਾ ਲੁਧਿਆਣਾ : ਪੇਂਡੂ ਵੋਟਰਾਂ ਨੂੰ ਰਿਝਾਉਣਾ ਉਮੀਦਵਾਰਾਂ ਲਈ ਬਣਿਆ ਮੁੱਛ ਦਾ ਸਵਾਲ

ਸੂਬੇ ਅੰਦਰ ਇਸ ਵਾਰ ਬਿਨਾਂ ਕਿਸੇ ਗੱਠਜੋੜ ਦੇ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ’ਚ ਫ਼ਿਲਹਾਲ ਸਮੁੱਚੀਆਂ ਧਿਰਾਂ ਲਈ ਆਪਣੀ ਪਾਰਟੀ ਦੇ ਸਿਰਕੱਢ ਆਗੂਆਂ ਤੇ ਉਨ੍ਹਾਂ ਦੇ ਇਸ਼ਾਰੇ ’ਤੇ ਭੁਗਤਣ ਵਾਲੇ ਵਰਕਰਾਂ ਨੂੰ ਰਿਝਾ ਕੇ ਰੱਖਣਾ ਹੀ ਚੁਣੌਤੀ ਬਣਿਆ ਹੋਇਆ ਹੈ। ਇਸ ਦੇ ਬਾਵਜੂਦ ਆਏ ਦਿਨ ਕੋਈ ਟਿਕਟ ਨਾ ਮਿਲਣ ਕਾਰਨ ਅਤੇ ਕੋਈ ਵੱਖ-ਵੱਖ ਜਾਂਚ ਏਜੰਸੀਆਂ ਦੇ ਡਰੋਂ ਅਚਾਨਕ ਟਪੂਸੀ ਮਾਰ ਸਿਆਸੀ ਪਾਲਾ ਬਦਲ ਰਿਹਾ ਹੈ।

LEAVE A REPLY

Please enter your comment!
Please enter your name here