ਪੈਰਾ ਏਸ਼ੀਅਨ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਜੂਨੀਅਰ ਖੇਡ ਅਧਿਕਾਰੀ ਦਾ ਸਨਮਾਨ

Para Asian Games
ਪਟਿਆਲਾ : ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ ਚਾਂਦੀ ਦਾ ਤਗਮਾ ਜਿੱਤਣ ਵਾਲੇ ਰਾਜ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ

ਪੁਰਸ਼ਾਂ ਦੇ ਡਬਲ ਬੈਡਮਿੰਟਨ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਆਪਣੇ ਜੂਨੀਅਰ ਸਪੋਰਟਸ ਅਫਸਰ ਰਾਜ ਕੁਮਾਰ ਨੂੰ ਹਾਲ ਹੀ ਵਿੱਚ ਚੀਨ ਦੇ ਹਾਂਗਜ਼ੂ ਵਿੱਚ ਹੋਈਆਂ ਚੌਥੀ ਪੈਰਾ ਏਸ਼ੀਅਨ ਖੇਡਾਂ ਵਿੱਚ ਸ਼ਾਨਦਾਰ ਉਪਲੱਬਧੀ ਹਾਸਿਲ ਕਰਨ ਲਈ ਸਨਮਾਨਿਤ ਕੀਤਾ ਹੈ। ਰਾਜ ਕੁਮਾਰ ਨੇ ਆਪਣੇ ਸਾਥੀ ਉੱਤਰਾਖੰਡ ਦੇ ਇੱਕ ਆਈਟੀਓ ਚਿਰਾਗ ਬਰੇਥਾ ਦੇ ਸਹਿਯੋਗ ਨਾਲ ਦੇਸ਼ ਭਰ ਦੇ ਖੇਡ ਪ੍ਰੇਮੀਆਂ ਦੇ ਦਿਲਾਂ ਨੂੰ ਜਿੱਤਦੇ ਹੋਏ ਪੁਰਸ਼ਾਂ ਦੇ ਡਬਲ ਬੈਡਮਿੰਟਨ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਦੌਰਾਨ ਰਾਜ ਕੁਮਾਰ ਅਤੇ ਚਿਰਾਗ ਬਰੇਥਾ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਮਿਸਾਲ ਹੁਨਰ ਅਤੇ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ, ਪ੍ਰਸ਼ੰਸਕਾਂ ਅਤੇ ਸਾਥੀ ਖਿਡਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ( Para Asian Games)

ਹਾਲਾਂਕਿ ਭਾਰਤੀ ਜੋੜੀ ਨੂੰ ਸੈਮੀਫਾਈਨਲ ਵਿੱਚ ਤਿੰਨ ਸੈੱਟਾਂ ਤੱਕ ਚੱਲੇ ਮੁਕਾਬਲੇ ਵਿੱਚ ਵੀਅਤਨਾਮੀ ਜੋੜੀ ਦੀ ਜ਼ਬਰਦਸਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲਾ ਸੈੱਟ 16-21 ਨਾਲ ਗੁਆਉਣ ਦੇ ਬਾਵਜੂਦ, ਉਨ੍ਹਾਂ ਨੇ ਦਿ੍ਰੜਤਾ ਦਾ ਪ੍ਰਦਰਸ਼ਨ ਕਰਦਿਆਂ ਅਗਲੇ ਦੋ ਸੈੱਟ 21-17 ਅਤੇ 21-15 ਨਾਲ ਜਿੱਤ ਕੇ ਅੰਤਮ ਮੁਕਾਬਲੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ। ਜਦਕਿ ਸੋਨ ਤਗਮੇ ਦੇ ਮੈਚ ਵਿੱਚ ਰਾਜ ਕੁਮਾਰ ਅਤੇ ਚਿਰਾਗ ਬਰੇਥਾ ਆਪਣੇ ਇੰਡੋਨੇਸ਼ੀਆਈ ਵਿਰੋਧੀਆਂ ਨਾਲ ਆਹਮੋ-ਸਾਹਮਣੇ ਹੋਏ ਸਨ। ਇਸ ਦੌਰਾਨ ਦੋਵਾਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਭਾਰਤੀ ਜੋੜੀ ਸਿਖਰਲੇ ਸਥਾਨ ਤੋਂ ਖੁੰਝ ਗਈ ਅਤੇ ਉਸਨੂੰ ਇੰਡੋਨੇਸ਼ੀਆ ਦੇ ਹੱਕ ਵਿੱਚ 1-2 ਵਾਲੇ ਮੁਕਾਬਲੇ ਦੇ ਬਾਅਦ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।

ਇਸ ਮੌਕੇ ਪੀਐੱਸਪੀਸੀਐੱਲ ਦੇ ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ ਨੇ ਰਾਜ ਕੁਮਾਰ ਨੂੰ ਉਨ੍ਹਾਂ ਦੀ ਬੇਮਿਸਾਲ ਕਾਰਗੁਜ਼ਾਰੀ ਲਈ ਤਹਿ ਦਿਲੋਂ ਵਧਾਈ ਦਿੱਤੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੀਐਸਪੀਸੀਐਲ ਆਪਣੇ ਸਟਾਫ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਰਾਜ ਕੁਮਾਰ ਦੀ ਪ੍ਰਾਪਤੀ ਸਾਰੇ ਕਰਮਚਾਰੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਕਾਰਪੋਰੇਸ਼ਨ ਨੂੰ ਆਪਣੇ ਸਮਰਪਿਤ ਖੇਡ ਅਫਸਰਾਂ ਅਤੇ ਅਥਲੀਟਾਂ ’ਤੇ ਮਾਣ ਹੈ, ਜੋ ਸੰਸਥਾ ਅਤੇ ਪੰਜਾਬ ਰਾਜ ਦਾ ਨਾਮ ਰੌਸ਼ਨ ਕਰਦੇ ਹਨ।

ਇਹ ਵੀ ਪੜ੍ਹੋ : ਵਿਆਹ ਬੰਧਨ ’ਚ ਬੱਝੇ ਖੇਡ ਮੰਤਰੀ ਮੀਤ ਹੇਅਰ, ਵੇਖੋ ਖੂਬਸੂਰਤ ਤਸਵੀਰਾਂ

ਇਸ ਤੋਂ ਇਲਾਵਾ, ਡਾਇਰੈਕਟਰ ਐਡਮਿਨ ਨੇ ਖੁਲਾਸਾ ਕੀਤਾ ਕਿ ਰਾਜ ਕੁਮਾਰ ਦੀ ਸ਼ਾਨਦਾਰ ਉਪਲਬਧੀ ਨੂੰ ਸਨਮਾਨ ਦਿੰਦੇ ਹੋਏ, ਪੀਐਸਪੀਸੀਐਲ ਨੇ ਉਸਨੂੰ ਵਿਤੀ ਸਹਾਇਤਾ ਦਾ ਫਾਇਦਾ ਦਿੱਤਾ ਸੀ। ਉਨ੍ਹਾਂ ਨੂੰ ਪੀਐਸਪੀਸੀਐਲ ਦੀ ਖੇਡ ਨੀਤੀ ਅਨੁਸਾਰ ਖੇਡ ਅਧਿਕਾਰੀ ਵਜੋਂ ਤਰੱਕੀ ਦਿੱਤੀ ਜਾਵੇਗੀ। ਇੰਜ: ਪੀ.ਐੱਸ.ਪੀ.ਸੀ.ਐੱਲ. ਦੇ ਸਪੋਰਟਸ ਸੈੱਲ ਦੇ ਡਿਪਟੀ ਚੀਫ ਇੰਜੀਨੀਅਰ/ਟੈਕਨੀਕਲ ਕਮ ਇੰਚਾਰਜ ਤੇਜ ਪਾਲ ਬਾਂਸਲ ਨੇ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਦੇ ਅੰਦਰ ਬੈਡਮਿੰਟਨ ਨੂੰ ਤਰਜੀਹੀ ਖੇਡ ਵਜੋਂ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾਣਗੇ ਅਤੇ ਜਲਦੀ ਹੀ ਅੰਤਰ-ਬੋਰਡ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾਵੇਗਾ ਅਤੇ ਇਹ ਪਲੇਟਫਾਰਮ ਵਜੋਂ ਕੰਮ ਕਰੇਗਾ ਕਰਮਚਾਰੀਆਂ ਲਈ ਉਨ੍ਹਾਂ ਦੇ ਹੁਨਰ, ਟੀਮ ਵਰਕ ਅਤੇ ਖੇਡਾਂ ਦਾ ਪ੍ਰਦਰਸ਼ਨ ਕਰਨ ਲਈ।