ਜੇ.ਜੇ.ਪਾ ਨਹੀਂ ਲੜੇਗੀ ਦਿੱਲੀ ‘ਚ ਚੋਣ, ਭਾਜਪਾ ਨੇ ਦਿੱਤੀ ਸੀ ਸਿਰਫ਼ ਇੱਕ ਸੀਟ

ਜਨ ਨਾਇਕ ਜਨਤਾ ਪਾਰਟੀ ਵਲੋਂ ਚੋਣ ਨਿਸ਼ਾਨ ਨਹੀਂ ਮਿਲਣ ਦਾ ਦੱਸਿਆ ਜਾ ਰਿਹਾ ਐ ਕਾਰਨ

ਦਿੱਲੀ ਵਿਖੇ 10 ਸੀਟਾਂ ਮੰਗ ਰਹੀਂ ਸੀ ਜਨ ਨਾਇਕ ਜਨਤਾ ਪਾਰਟੀ ਪਰ ਮਿਲੀ ਸਿਰਫ਼ ਇੱਕ ਸੀਟ

ਭਾਜਪਾ ਵਲੋਂ ਇਸ ਇੱਕ ਸੀਟ ‘ਤੇ ਵੀ ਭਾਜਪਾ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਲਈ ਦਿੱਤਾ ਸੀ ਆਦੇਸ਼

ਚੰਡੀਗੜ,(ਅਸ਼ਵਨੀ ਚਾਵਲਾ)। ਹਰਿਆਣਾ ਸੱਤਾ ਧਾਰੀ ਗਠਜੋੜ ‘ਚ ਭਾਈਵਾਲ ਨਾਇਕ ਜਨਤਾ ਪਾਰਟੀ (ਜਜਪਾ) (JJP) ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਨਹੀਂ ਉੱਤਰੇਗੀ। ਕੁਝ ਦਿਨ ਤੱਕ 10 ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੀਂ ਜਜਪਾ ਨੂੰ ਅਚਾਨਕ ਭਾਜਪਾ ਵੱਲੋਂ ਸਿਰਫ਼ 1 ਸੀਟ ਤੱਕ ਹੀ ਸੀਮਤ ਕਰ ਦਿੱਤਾ ਗਿਆ ਅਤੇ ਇਸੇ ਇੱਕ ਸੀਟ ‘ਤੇ ਭਾਜਪਾ ਦੇ ਚੋਣ ਨਿਸ਼ਾਨ ਫੁੱਲ ‘ਤੇ ਹੀ ਲੜਨ ਲਈ ਕਿਹਾ ਗਿਆ, ਜਿਸ ਨੂੰ ਲੈ ਕੇ ਦੁਸ਼ਯੰਤ ਚੌਟਾਲਾ ਤਿਆਰ ਨਹੀਂ ਹੋਏ ਅਤੇ ਉਨਾਂ ਨੇ ਹੁਣ ਇਸ ਇੱਕ ਸੀਟ ‘ਤੇ ਵੀ ਚੋਣ ਲੜਨ ਲਈ ਸਾਫ਼ ਇਨਕਾਰ ਕਰ ਦਿੱਤਾ ਹੈ।

ਦੁਸ਼ਿਅੰਤ ਚੌਟਾਲਾ ਵਲੋਂ ਦਿੱਲੀ ਵਿਖੇ ਚੋਣ ਨਾ ਲੜਨ ਦੇ ਮਾਮਲੇ ਵਿੱਚ ਆਪਣਾ ਵੱਖਰਾ ਹੀ ਕਾਰਨ ਦੱਸਿਆ ਜਾ ਰਿਹਾ ਹੈ ਚੌਟਾਲਾ ਅਨੁਸਾਰ ਉਨਾਂ ਦੀ ਪਾਰਟੀ ਨੂੰ ਸਿੰਬਲ ਹੀ ਜਾਰੀ ਨਹੀਂ ਕੀਤਾ ਜਾ ਰਿਹਾ ਸੀ, ਜਿਹੜਾ ਕਿ ਉਹ ਚਾਹੁੰਦੇ ਸਨ, ਜਿਸ ਕਾਰਨ ਉਨਾਂ ਵਲੋਂ ਚੋਣ ਮੈਦਾਨ ਵਿੱਚੋਂ ਬਾਹਰ ਰਹਿਣ ਦਾ ਹੀ ਫੈਸਲਾ ਕੀਤਾ ਗਿਆ ਹੈ ਹਾਲਾਂਕਿ ਚੌਟਾਲਾ ਵੱਲੋਂ ਦਿੱਲੀ ਵਿਖੇ ਭਾਜਪਾ ਦੇ ਹੱਕ ਵਿੱਚ ਲਗਾਤਾਰ ਪ੍ਰਚਾਰ ਕਰਨ ਬਾਰੇ ਐਲਾਨ ਕੀਤਾ ਗਿਆ ਹੈ। ਇਥੇ ਹੀ ਦੁਸ਼ਯੰਤ ਚੌਟਾਲਾ ਵਲੋਂ ਇਸ ਮਾਮਲੇ ਵਿੱਚ ਕਿਸੇ ਵੀ ਤਰਾਂ ਦੇ ਸਿਆਸੀ ਕਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ।

ਉਨਾਂ ਵੱਲੋਂ ਸਾਫ਼ ਕੀਤਾ ਗਿਆ ਕਿ ਕਿਸੇ ਵੀ ਤਰੀਕੇ ਦੀ ਸਿਆਸੀ ਨਰਾਜ਼ਗੀ ਕਿਸੇ ਵੀ ਪਾਰਟੀ ਤੋਂ ਨਹੀਂ ਹੈ ਅਤੇ ਸਿਆਸੀ ਤੌਰ ‘ਤੇ ਕੋਈ ਵੀ ਕਾਰਨ ਨਹੀਂ ਰਿਹਾ ਹੈ, ਜਿਸ ਕਾਰਨ ਉਹ ਦਿੱਲੀ ਵਿਖੇ ਚੋਣਾਂ ਲੜਨ ਤੋਂ ਪਿੱਛੇ ਹਟ ਰਹੇ ਹਨ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਨਾਂ ਵਲੋਂ ਪਾਰਟੀ ਪੱਧਰ ‘ਤੇ ਮੀਟਿੰਗ ਕਰ ਲਈ ਗਈ ਹੈ ਅਤੇ ਉਹ ਦਿੱਲੀ ਵਿਖੇ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿੱਚ ਹਰ ਹਾਲਤ ‘ਚ ਪ੍ਰਚਾਰ ਕਰਨਗੇ ਅਤੇ ਇਸ ਸਬੰਧੀ ਜਲਦ ਹੀ ਡਿਊਟੀਆਂ ਵੀ ਲਗਾ ਦਿੱਤੀ ਜਾਣਗੀਆਂ।

ਹਰਿਆਣਾ ‘ਚ ਨੁਕਸਾਨ ਨਾ ਹੋਵੇ ਤਾਂ ਚੁੱਪ ਬੈਠੇ ਦੁਸ਼ਯੰਤ!

ਦਿੱਲੀ ਵਿਧਾਨ ਸਭਾ ਦੀਆਂ 10 ਸੀਟਾਂ ‘ਤੇ ਆਪਣਾ ਪ੍ਰਭਾਵ ਦੱਸਣ ਵਾਲੀ ਸਿਆਸੀ ਪਾਰਟੀ ਜਨ ਨਾਇਕ ਜਨਤਾ ਪਾਰਟੀ ਵਲੋਂ ਅਚਾਨਕ ਚੋਣ ਮੈਦਾਨ ਵਿੱਚੋਂ ਹੀ ਪਿੱਛੇ ਹਟ ਜਾਣ ਵਾਲੀ ਕਾਰਵਾਈ ਕਿਸੇ ਦੇ ਹਜ਼ਮ ਨਹੀਂ ਹੋ ਰਹੀਂ ਹੈ। ਇਸ ਪਿੱਛੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਹਰਿਆਣਾ ਵਿੱਚ ਦੁਸ਼ਯੰਤ ਚੌਟਾਲਾ ਭਾਜਪਾ ਦੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਹੋਣ ਦੇ ਨਾਲ ਹੀ ਉਨਾਂ ਦੀ ਪਾਰਟੀ ਭਾਜਪਾ ਦੀ ਭਾਈਵਾਲ ਹੈ। ਇਸ ਗੱਲ ਦੀ ਚਰਚਾ ਹੈ ਕਿ ਦਿੱਲੀ ਵਿਖੇ ਕਿਸੇ ਵੀ ਤਰਾਂ ਦਾ ਵਿਰੋਧ ਹੋਣ ਨਾਲ ਹਰਿਆਣਾ ਵਿੱਚ ਇਸ ਦਾ ਅਸਰ ਪੈ ਸਕਦਾ ਹੈ, ਜਿਸ ਕਾਰਨ ਦੁਸਯੰਤ ਚੌਟਾਲਾ ਵੱਲੋਂ ਦਿੱਲੀ ਵਿਖੇ ਕੋਈ ਵੀ ਵਿਰੋਧ ਕਰਨ ਦੀ ਥਾਂ ‘ਤੇ ਹਰਿਆਣਾ ਵਿੱਚ ਹੀ ਆਪਣਾ ਫੋਕਸ ਰੱਖਣ ਨੂੰ ਤਰਜੀਹ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।