ਜਗਦੀਸ਼ ਭੋਲਾ ਨੂੰ ਮਿਲੀ ਇੱਕ ਦਿਨ ਦੀ ਪੈਰੋਲ

jagdish bhola

700 ਕਰੋੜ ਡਰੱਗ ਰੈਕੇਟ ਮਾਮਲਾ: ਮਾਂ ਦੀ ਖਰਾਬ ਸਿਹਤ ਦਾ ਦਿੱਤਾ ਹਵਾਲਾ

(ਐੱਮ.ਕੇ.ਸ਼ਾਇਨਾ) ਮੋਹਾਲੀ। ਪੰਜਾਬ ਦੇ 700 ਕਰੋੜ ਰੁਪਏ ਦੇ ਡਰੱਗ ਰੈਕੇਟ ਮਾਮਲੇ ’ਚ ਦੋਸ਼ੀ ਜਗਦੀਸ਼ ਭੋਲਾ (Jagdish Bhola) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਭੋਲਾ ਨੂੰ 17 ਮਾਰਚ ਨੂੰ ਸਵੇਰੇ 10 ਵਜੇ ਤੋਂ ਸਾਮ 4 ਵਜੇ ਤੱਕ ਆਪਣੀ ਮਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਹੈ। ਉਸ ਨੇ ਆਪਣੀ ਮਾਂ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਹਾਈ ਕੋਰਟ ‘ਚ ਪੈਰੋਲ ਪਟੀਸਨ ਦਾਇਰ ਕੀਤੀ ਸੀ। ਇਸ ‘ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਉਨ੍ਹਾਂ ਨੂੰ 17 ਮਾਰਚ ਨੂੰ ਕਰੀਬ 6 ਘੰਟੇ ਦਾ ਸਮਾਂ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਡੀਐਸਪੀ ਜਗਦੀਸ ਭੋਲਾ (Jagdish Bhola) ਨੂੰ ਡਰੱਗ ਰੈਕੇਟ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ। ਉਸ ਦੇ ਕਬਜੇ ‘ਚੋਂ ਸਿੰਥੈਟਿਕ ਡਰੱਗ, ਹੈਰੋਇਨ, ਵਿਦੇਸ਼ੀ ਕਰੰਸੀ, ਹਥਿਆਰ ਅਤੇ ਲਗਜਰੀ ਗੱਡੀਆਂ ਬਰਾਮਦ ਹੋਈਆਂ ਹਨ। 2012 ਵਿੱਚ ਉਸ ਨੂੰ ਪੰਜਾਬ ਪੁਲੀਸ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਸਾਲ 2019 ਵਿੱਚ ਮੋਹਾਲੀ ਦੀ ਅਦਾਲਤ ਨੇ ਅਰਜੁਨ ਐਵਾਰਡੀ ਸਾਬਕਾ ਖਿਡਾਰੀ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਜਗਦੀਸ ਭੋਲਾ ਨੂੰ ਡਰੱਗ ਰੈਕੇਟ ਮਾਮਲੇ ਵਿੱਚ 12 ਸਾਲ ਦੀ ਸਜਾ ਸੁਣਾਈ ਸੀ।

ਭੋਲਾ ਨੂੰ ਵੱਖ-ਵੱਖ ਧਾਰਾਵਾਂ ਤਹਿਤ ਛੇ ਮਹੀਨੇ ਤੋਂ ਲੈ ਕੇ 12 ਸਾਲ ਤੱਕ ਦੀ ਸਜ਼ਾ ਸੁਣਾਈ ਗਈ ਸੀ, ਜਦਕਿ ਬਾਕੀ 18 ਦੋਸੀਆਂ ਨੂੰ ਛੇ ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੀ ਕੈਦ ਦੀ ਸਜਾ ਸੁਣਾਈ ਗਈ ਸੀ। ਦੋਸ਼ੀਆਂ ਦੀਆਂ ਸਾਰੀਆਂ ਸਜਾਵਾਂ ਨਾਲ-ਨਾਲ ਚੱਲ ਰਹੀਆਂ ਹਨ। ਅਦਾਲਤ ਨੇ ਭੋਲਾ ਨੂੰ ਡਰੱਗ ਰੈਕੇਟ ਦੇ ਕੁੱਲ ਸੱਤ ਮਾਮਲਿਆਂ ਵਿੱਚੋਂ ਚਾਰ ਵਿੱਚੋਂ ਬਰੀ ਕਰ ਦਿੱਤਾ ਸੀ, ਜਦੋਂ ਕਿ ਤਿੰਨ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਹ ਸਾਰੇ ਮਾਮਲੇ ਸਾਲ 2013 ਦੇ ਹਨ ਅਤੇ ਇਨ੍ਹਾਂ ‘ਚ 32 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।