ਬੱਚਿਆਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼

Interstate Gang, Children, Smuggled Out

ਗ੍ਰਿਫਤਾਰ ਕੀਤੇ ਤਿੰਨ ਔਰਤਾਂ ਤੇ ਇੱਕ ਵਿਅਕਤੀ ਪਾਸੋਂ ਤਿੰਨ ਦਿਨ ਦੀ ਇੱਕ ਬੱਚੀ ਵੀ ਬਰਾਮਦ

ਚਾਰੇ ਮੁਲਜ਼ਮ ਤਿੰਨ ਦਿਨ ਦੇ ਰਿਮਾਂਡ ‘ਤੇ

ਜਗਰਾਓਂ, ਜਸਵੰਤ ਰਾਏ/ਸੱਚ ਕਹੂੰ ਨਿਊਜ

ਲੁਧਿਆਣਾ ਦਿਹਾਤੀ ਦੀ ਜਗਰਾਓਂ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚੋਂ ਨਵਜੰਮੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀਏ ਗਿਰੋਹ ਦੀਆਂ ਤਿੰਨ ਔਰਤਾਂ ਸਮੇਤ 4 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਜਦ ਕਿ ਇਨ੍ਹਾਂ ਦੀ ਇੱਕ ਸੁਮਨ ਨਾਂਅ ਦੀ ਸਾਥੀ ਫਰਾਰ ਹੈ। ਇਨ੍ਹਾਂ ਪਾਸੋਂ ਇੱਕ ਤਿੰਨ ਦਿਨ ਦੀ ਨਵਜੰਮੀ ਬੱਚੀ ਨੂੰ ਬਰਾਮਦ ਕਰਕੇ ਮੁੱਲਾਂਪੁਰ ਦਾਖਾ ਦੇ ਤਲਵੰਡੀ ਧਾਮ ਵਿਖੇ ਭੇਜ ਦਿੱਤਾ ਗਿਆ ਹੈ।

ਜਗਰਾਓਂ ਦੇ ਐੱਸਐੱਸਪੀ ਦਫ਼ਤਰ ਵਿਖੇ ਕਾਨਫਰੰਸ ਦੌਰਾਨ ਡੀਆਈਜੀ ਰਣਬੀਰ ਸਿੰਘ ਖੱਟੜਾ, ਜਗਰਾਓਂ ਦੇ ਐੱਸਐੱਸਪੀ ਸ਼੍ਰੀ ਵਰਿੰਦਰ ਸਿੰਘ ਬਰਾੜ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਐੱਸਪੀ ਡੀ ਤਰੁਨ ਰਤਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਡੀਐੱਸਪੀ ਡੀ ਅਮਨਦੀਪ ਸਿੰਘ, ਡੀਐੱਸਪੀ ਸਿਟੀ ਮਿਸ ਪ੍ਰਭਜੋਤ ਕੌਰ ਅਤੇ ਸੀਆਈਏ ਸਟਾਫ ਇੰਸਪੈਕਟਰ ਲਖਬੀਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਿਟੀ ਦੇ ਇੰਸਪੈਕਟਰ ਜਸਪਾਲ ਸਿੰਘ ਮੁੱਖ ਨੇ ਪੁਲਿਸ ਪਾਰਟੀ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਸਮੇਤ ਹੋਰਨਾਂ ਸੂਬਿਆਂ ‘ਚ ਬੱਚਿਆਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀਏ ਗੈਂਗ ਦੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇੰਸਪੈਕਟਰ ਜਸਪਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਛੋਟੇ ਬੱਚਿਆਂ ਦੇ ਮਾਂ-ਬਾਪ (ਘਰਦਿਆਂ) ਪਾਸੋਂ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਦਾ ਲਾਲਚ ਦੇ ਕੇ ਬੱਚੇ ਪ੍ਰਾਪਤ ਕਰਕੇ ਉਨ੍ਹਾਂ ਬੱਚਿਆਂ ਦੀ ਤਸਕਰੀ ਦਾ ਧੰਦਾ ਕਰਦੇ ਹਨ, ਇਹ ਗਿਰੋਹ ਜੋ ਅੱਜ ਵੀ ਇੰਡੀਕਾ ਕਾਰ ‘ਚ ਸਵਾਰ ਹੋ ਕੇ ਨਵਜੰਮੀ ਬੱਚੀ ਨੂੰ ਪੈਸੇ ਲੈ ਕੇ ਅੱਗੇ ਮੁੱਲ ਵੇਚਣ ਜਾ ਰਹੇ ਹਨ, ਜਿਸ ‘ਤੇ ਕਾਰਵਾਈ ਕਰਦਿਆਂ ਇੰਸਪੈਕਟਰ ਜਸਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਜਗਰਾਓਂ ਦੇ ਸ਼ੇਰਪੁਰ ਚੌਂਕ ਕੋਲ ਪੁੱਜੀ ਤਾਂ ਆ ਰਹੀ ਇੰਡੀਕਾ ਕਾਰ ਨੂੰ ਰੋਕ ਕੇ ਕਾਰ ‘ਚ ਸਵਾਰ ਦੋਸ਼ੀ ਲਾਭ ਸਿੰਘ ਪੁੱਤਰ ਮਲਕੀਤ ਸਿੰਘ, ਰਮਨਦੀਪ ਕੌਰ ਪਤਨੀ ਲੇਟ ਨਿਸ਼ਾਨ ਸਿੰਘ, ਰਾਜਵੰਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਨਾਜੂਸ਼ਾਹਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੇ ਰਚਨਾ ਪਤਨੀ ਨਰਿੰਦਰ ਕੁਮਾਰ ਵਾਸੀ ਜਗਤ ਸਿੰਘ ਵਾਲਾ ਮੁਕਤਸਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ‘ਚੋਂ ਤਿੰਨ ਦਿਨ ਦੀ ਨਵਜੰਮੀ ਬੱਚੀ ਬਰਾਮਦ ਕੀਤੀ ਗਈ, ਜਦ ਕਿ ਇਨ੍ਹਾਂ ਦੀ ਇੱਕ ਸਾਥਨ ਸੁਮਨ ਵਾਸੀ ਫਾਜ਼ਿਲਕਾ ਫਰਾਰ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਬੱਚੀ ਨੂੰ ਯੋਗ ਪ੍ਰਣਾਲੀ ਰਾਹੀਂ ਚਾਈਲਡ ਵੈੱਲਫੇਅਰ ਕਮੇਟੀ ਦੇ ਸਹਿਯੋਗ ਨਾਲ ਰਜਿਸਟਰਡ ਚਿਲਡਰਨ ਹੋਮ ਮੁੱਲਾਂਪੁਰ ਦਾਖਾ ਦੇ ਤਲਵੰਡੀ ਧਾਮ ਵਿਖੇ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ ਨੇ ਇਸ ਦੌਰਾਨ ਮੰਨਿਆ ਕਿ ਉਹ ਵੱਖ-ਵੱਖ ਜ਼ਿਲ੍ਹਿਆਂ ਜਲੰਧਰ, ਪਠਾਨਕੋਟ, ਹੁਸ਼ਿਆਰਪੁਰ, ਲੁਧਿਆਣਾ ਤੇ ਆਸ ਪਾਸ ਦੇ ਸੂਬਿਆਂ ਹਰਿਆਣਾ, ਰਾਜਸਥਾਨ ਆਦਿ ਵਿਖੇ ਪੈਸੇ ਦੇ ਲਾਲਚ ‘ਚ ਬੱਚਿਆਂ ਨੂੰ ਵੇਚ ਦਿੰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।