ਨਵੇਂ ਸਾਲ ਮੌਕੇ ਲਾਗੂ ਹੋਏ ਸਰਕਾਰ ਵੱਲੋਂ ਵਧਾਏ ਬੱਸ ਕਿਰਾਏ

Increased, Bus fares,  Implemented, New Year

ਵਧੇ ਬੱਸ ਕਿਰਾਇਆ ਨਾਲ ਪੀਆਰਟੀਸੀ ਨੂੰ ਮਹੀਨੇ ‘ਚ ਹੋਵੇਗਾ 60 ਲੱਖ ਰੁਪਏ ਦਾ ਫਾਇਦਾ

ਸਰਕਾਰ ਵੱਲੋਂ ਆਮ ਬੱਸ ਕਿਰਾਏ ਵਿੱਚ ਕੀਤਾ ਗਿਆ ਸੀ 2 ਪੈਸੇ ਪ੍ਰਤੀ ਕਿਲੋਮੀਟਰ ਵਾਧਾ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਕੀਤੇ ਵਾਧੇ ਨਾਲ ਜਿੱਥੇ ਆਮ ਲੋਕਾਂ ਦੀ ਜੇਬ੍ਹ ‘ਤੇ ਅੱਜ ਤੋਂ ਭਾਰ ਪੈਣਾ ਸ਼ੁਰੂ ਹੋ ਗਿਆ ਹੈ, ਉੱਥੇ ਹੀ ਪੀਆਰਟੀਸੀ ਨੂੰ ਇਸ ਵਾਧੇ ਨਾਲ ਲੱਖਾਂ ਰੁਪਏ ਦਾ ਫਾਇਦਾ ਹੋਵੇਗਾ। ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕਿਰਾਇਆ ਵਧਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਰੋਸ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਸਰਕਾਰ ਵੱਲੋਂ ਨਵੇਂ ਸਾਲ ਦੇ ਦਿੱਤੇ ਤੋਹਫ਼ੇ ਵਜੋਂ ਇਹ ਵਧਿਆ ਕਿਰਾਇਆ ਅੱਜ ਤੋਂ ਲਾਗੂ ਹੋ ਗਿਆ ਹੈ।

ਸਰਕਾਰ ਵੱਲੋਂ ਆਮ ਬੱਸ ਕਿਰਾਏ ਵਿੱਚ 2 ਪੈਸੇ ਵਾਧਾ ਕੀਤਾ ਗਿਆ ਹੈ, ਜਿਸ ਨਾਲ ਕਿ ਹੁਣ 1.14 ਪੈਸੇ ਤੋਂ ਵੱਧ ਕੇ 1.16 ਪੈਸੇ ਹੋ ਗਿਆ ਹੈ। ਇਸ ਤੋਂ ਇਲਾਵਾ ਆਮ ਏ.ਸੀ. ਬੱਸਾਂ ਦਾ ਕਿਰਾਇਆ 1.39 ਪੈਸੇ, ਇੰਟੈਗਰਲ ਕੋਚ ਦਾ ਕਿਰਾਇਆ 2.08 ਪੈਸੇ ਜਦਕਿ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 2.32 ਪੈਸੇ ਹੋ ਗਿਆ ਹੈ।  ਅੱਜ ਤੋਂ ਵਧੇ ਕਿਰਾਏ ਨਾਲ ਆਮ ਲੋਕਾਂ ਦੀ ਜੇਬ ‘ਤੇ ਹੋਰ ਭਾਰ ਪੈ ਗਿਆ ਹੈ ਅਤੇ ਆਮ ਲੋਕਾਂ ਦੀ ਸਵਾਰੀ ਕਹੀ ਜਾਣ ਵਾਲੀ ਬੱਸ ਦਾ ਸਫ਼ਰ ਕਰਨਾ ਵੀ ਔਖਾ ਹੋ ਗਿਆ ਹੈ।  ਵਧੇ ਕਿਰਾਏ ਨਾਲ ਪੀਆਰਟੀਸੀ ਨੂੰ ਇੱਕ ਦਿਨ ਵਿੱਚ ਲਗਭਗ 2 ਲੱਖ ਰੁਪਏ ਫਾਇਦਾ ਮਿਲੇਗਾ। ਜੇਕਰ ਮਹੀਨੇ ਦਾ ਜੋੜ ਤੋੜ ਕੀਤਾ ਜਾਵੇ ਤਾਂ ਪੀਆਰਟਸੀ ਦੇ ਖਜਾਨੇ ਵਿੱਚ ਇੱਕ ਮਹੀਨੇ ਵਿੱਚ 60 ਲੱਖ ਰੁਪਏ ਜੁੜਨਗੇ।

ਇੱਕ ਸਾਲ ਅੰਦਰ ਪੀਆਰਟੀਸੀ ਨੂੰ ਇਸ ਵਧੇ ਕਿਰਾਏ ਨਾਲ 7 ਕਰੋੜ 20 ਲੱਖ ਰੁਪਏ ਦਾ ਫਾਇਦਾ ਮਿਲੇਗਾ। ਪੀਆਰਟੀਸੀ ਅੰਦਰ ਮੌਜੂਦਾ ਸਮੇਂ 1121 ਬੱਸਾਂ ਸੜਕਾਂ ‘ਤੇ ਦੌੜ ਰਹੀਆਂ ਰਹੀਆਂ ਹਨ ਜੋ ਕਿ ਰੋਜਾਨਾਂ ਲੱਖਾਂ ਕਿਲੋਮੀਟਰ ਸਫ਼ਰ ਤੈਅ ਕਰਦੀਆਂ ਹਨ। ਇਸ ਵਧੇ ਕਿਰਾਏ ਨਾਲ ਪਟਿਆਲਾ ਤੋਂ ਦਿੱਲੀ ਦੇ ਆਉਣ ਜਾਣ ਦਾ ਸਫ਼ਰ ਕਰਨ ਵਾਲੇ ਯਾਤਰੀ ‘ਤੇ ਸਿੱਧਾ 10 ਰੁਪਏ ਦਾ ਬੋਝ ਪਵੇਗਾ। ਇਸ ਤੋਂ ਇਲਾਵਾ ਪਟਿਆਲਾ ਤੋਂ ਚੰਡੀਗੜ੍ਹ ਦੇ ਸਫ਼ਰ ਲਈ ਤਿੰਨ ਰੁਪਏ ਤੋਂ ਜਿਆਦਾ ਯਾਤਰੀ ਨੂੰ ਤਾਰਨੇ ਪੈਣਗੇ। ਇਸ ਤੋਂ ਇਲਾਵਾ ਪੰਜਾਬ ਦੇ ਕਈ ਲੰਮੇ ਰੂਟਾਂ ‘ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਤਾਰਨੇ ਪੈਣਗੇ।

ਪੀਆਰਟਸੀ ਦੇ ਖਜਾਨੇ ਵਿੱਚ ਇੱਕ ਮਹੀਨੇ ਵਿੱਚ 60 ਲੱਖ ਰੁਪਏ ਜੁੜਨਗੇ

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 30 ਦਸਬੰਰ ਨੂੰ ਵਧੇ ਕਿਰਾਏ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅਤੇ ਇਸ ਅਨੁਸਾਰ ਇਹ ਕਿਰਾਇਆ ਅੱਜ ਨਵੇਂ ਸਾਲ ਤੋਂ ਲਾਗੂ ਹੋ ਗਿਆ ਹੈ। ਖਾਸ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ 19 ਅਗਸਤ 2019 ਨੂੰ ਪੰਜ ਪੈਸੇ ਦਾ ਵਾਧਾ ਕੀਤਾ ਗਿਆ ਸੀ, ਜਿਸ ਨਾਲ ਕਿ ਆਮ ਕਿਰਾਇਆ 109 ਪੈਸੇ ਤੋਂ ਵੱਧ ਕੇ 114 ਪੈਸੇ ਹੋ ਗਿਆ ਸੀ। ਉਂਜ ਵਿਚਕਾਰ ਇਹ ਕਿਰਾਇਆ ਘਟ ਵੀ ਗਿਆ ਸੀ, ਪਰ ਮੁੜ ਉੱਥੇ ਹੀ ਆ ਗਿਆ। ਪੀਆਰਟੀਸੀ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਡੀਜ਼ਲ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ

ਜਿਸ ਕਾਰਨ ਕਿਰਾਇਆ ਵਧਾਉਣਾ ਜ਼ਰੂਰੀ ਸੀ। ਇੱਧਰ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਵਧੇ ਕਿਰਾਏ ਨੂੰ ਲੈ ਕੇ ਰੋਸ ਹੈ। ਰੋਜਾਨਾ ਸਫ਼ਰ ਕਰਨ ਵਾਲੇ ਵਪਾਰੀ ਰਮੇਸ਼ ਕੁਮਾਰ ਅਤੇ ਸੁਧੀਰ ਮਿੱਤਲ ਦਾ ਕਹਿਣਾ ਸੀ ਕਿ ਇੱਕ ਪਾਸੇ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਕਿਰਾਏ ਦੇ ਮਾਮਲੇ ਵਿੱਚ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਆਖੀ ਗਈ ਸੀ, ਜੋ ਕਿ ਸਿਰਫ਼ ਲਾਰੇ ਹੀ ਸਾਬਤ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।