ਖੇਡ ਸਟੇਡੀਅਮਾਂ ‘ਚ ਖੜਕਣੀਆਂ ਬੋਤਲਾਂ, ਛਲਕਣਗੇ ਪੈੱਗ

Wines, Available, Sports Stadium

ਪੰਜਾਬ ਸਰਕਾਰ ਆਪਣੇ ਖੇਡ ਸਟੇਡੀਅਮਾਂ ਨੂੰ ਦੇਣ ਜਾ ਰਹੀ ਐ ਠੇਕੇ ‘ਤੇ

  • ਠੇਕਾ ਲੈਣ ਵਾਲੀ ਕੰਪਨੀ ਖੋਲ੍ਹ ਸਕੇਗੀ ਸਟੇਡੀਅਮ ‘ਚ ਰੈਸਟੋਰੈਂਟ ਅਤੇ ਕਲੱਬ

ਚੰਡੀਗੜ,  (ਅਸ਼ਵਨੀ ਚਾਵਲਾ)। ਪੰਜਾਬ ਦੇ ਖੇਡ ਸਟੇਡੀਅਮਾਂ ਵਿੱਚ ਹੁਣ ਸ਼ਾਮ ਵੇਲੇ ਪ੍ਰੈਕਟਿਸ ਘੱਟ ਅਤੇ ਪੈੱਗ ਛਲਕਦੇ ਹੋਏ ਜਿਆਦਾ ਨਜ਼ਰ ਆਉਣਗੇ, ਕਿਉਂਕਿ ਪੰਜਾਬ ਸਰਕਾਰ ਆਪਣੇ ਸਾਰੇ ਖੇਡ ਸਟੇਡੀਅਮਾਂ ਨੂੰ ਠੇਕੇ ‘ਤੇ ਦੇਣ ਜਾ ਰਹੀ ਹੈ। ਇਸ ਪਿੱਛੇ ਫੰਡ ਦੀ ਭਾਰੀ ਘਾਟ ਹੋਣਾ ਕਾਰਨ ਦੱਸਿਆ ਜਾ ਰਿਹਾ ਹੈ। ਸਰਕਾਰ ਆਪਣੇ ਖਿਡਾਰੀਆਂ ‘ਤੇ ਖ਼ਰਚ ਹੋਣ ਵਾਲੇ ਪੈਸੇ ਅਤੇ ਸਟੇਡੀਅਮਾਂ ਦੀ ਸਾਂਭ-ਸੰਭਾਲ ਲਈ ਇਹ ਕਦਮ ਚੁੱਕ ਰਹੀ ਹੈ।

ਪੰਜਾਬ ਵਿਖੇ ਇਸ ਸਮੇਂ ਦਰਜਨ ਭਰ ਸੂਬਾ ਪੱਧਰੀ ਅਤੇ 25 ਦੇ ਲਗਭਗ ਜਿਲ੍ਹਾ ਪੱਧਰ ਦੇ ਖੇਡ ਸਟੇਡੀਅਮ ਹਨ, ਜਿਨ੍ਹਾਂ ਨੂੰ ਤਿਆਰ ਕਰਨ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਈ ਹਜ਼ਾਰ ਕਰੋੜ ਰੁਪਏ ਤਾਂ ਖ਼ਰਚ ਕਰ ਦਿੱਤੇ ਗਏ ਪਰ ਇਨ੍ਹਾਂ ਕਰੋੜਾਂ-ਅਰਬਾਂ ਰੁਪਏ ਦੇ ਖੇਡ ਸਟੇਡੀਅਮਾਂ ਦੀ ਸਾਂਭ-ਸੰਭਾਲ ਲਈ ਕੋਈ ਵੀ ਫੰਡ ਪਿਛਲੀ ਸਰਕਾਰ ਤਿਆਰ ਨਹੀਂ ਕਰਕੇ ਗਈ ਹੈ ਜਿਸ ਕਾਰਨ ਮੌਜੂਦਾ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇਨ੍ਹਾਂ ਖੇਡ ਸਟੇਡੀਅਮਾਂ ਦੀ ਸਾਂਭ-ਸੰਭਾਲ ਤੋਂ ਹੱਥ ਖੜ੍ਹੇ ਕਰਦੇ ਹੋਏ ਇਨ੍ਹਾਂ ਨੂੰ ਠੇਕੇ ‘ਤੇ ਹੀ ਦੇਣ ਲਈ ਵਿਚਾਰ ਕਰ ਲਿਆ ਹੈ।

ਇਸ ਸਬੰਧੀ ਜਲਦ ਹੀ ਸਰਕਾਰ ਆਖ਼ਰੀ ਫੈਸਲਾ ਕਰਦੇ ਹੋਏ ਠੇਕੇਦਾਰਾਂ ਨੂੰ ਸੱਦਾ ਪੱਤਰ ਵੀ ਦੇ ਸਕਦੀ ਹੈ।ਜਾਣਕਾਰੀ ਅਨੁਸਾਰ ਪੰਜਾਬ ਭਰ ਦੇ ਖੇਡ ਸਟੇਡੀਅਮਾਂ ਨੂੰ ਠੇਕੇ ‘ਤੇ ਲੈਣ ਤੋਂ ਬਾਅਦ ਕੋਈ ਵੀ ਪ੍ਰਾਈਵੇਟ ਕੰਪਨੀ ਆਪਣੇ ਰੈਸਟੋਰੈਂਟ ਜਾਂ ਫਿਰ ਕਲੱਬ ਖੋਲ੍ਹ ਸਕਦੀ ਹੈ। ਜਿਸ ਨਾਲ ਰੈਸਟੋਰੈਂਟ ਅਤੇ ਕਲੱਬ ਵਿੱਚ ਸ਼ਰਾਬ ਅਤੇ ਬੀਅਰ ਦੀ ਪ੍ਰਵਾਨਗੀ ਲੈਣ ‘ਤੇ ਵੀ ਕੋਈ ਪਾਬੰਦੀ ਸਰਕਾਰ ਵੱਲੋਂ ਫਿਲਹਾਲ ਨਹੀਂ ਲਗਾਈ ਜਾ ਰਹੀ ਹੈ ਜਿਸ ਤੋਂ ਸਾਫ਼ ਹੋ ਰਿਹਾ ਹੈ ਕਿ ਸਰਕਾਰ ਵੱਲੋਂ ਠੇਕੇ ‘ਤੇ ਦਿੱਤੇ ਜਾ ਰਹੇ ਖੇਡ ਸਟੇਡੀਅਮਾਂ ਵਿੱਚ ਪੈੱਗ ਛਲਕਣਗੇ ਅਤੇ ਬੋਤਲਾਂ ਖੜਕਣਗੀਆਂ। ਇੱਥੇ ਹੀ ਕੋਈ ਵੀ ਠੇਕੇਦਾਰ ਖੇਡ ਸਟੇਡੀਅਮ ਵਿੱਚ ਵਰਤੋਂ ਕਰਨ ਵਾਲਾ ਖਿਡਾਰੀਆਂ ਦੇ ਖੇਡ ਸਮਾਨ ਦੀ ਦੁਕਾਨ ਤੋਂ ਲੈ ਕੇ ਫੂਡ ਪੁਆਇੰਟ ਤੱਕ ਖੋਲ੍ਹ ਸਕੇਗਾ ਤਾਂ ਕਿ ਉਹ ਆਪਣੀ ਕਮਾਈ ਕਰਨ ਦੇ ਨਾਲ ਹੀ ਖੇਡ ਸਟੇਡੀਅਮ ਦੀ ਸਾਂਭ ਸੰਭਾਲ ‘ਤੇ ਖ਼ਰਚ ਹੋਣ ਵਾਲੇ ਪੈਸੇ ਦੀ ਅਦਾਇਗੀ ਅਰਾਮ ਨਾਲ ਕਰ ਸਕੇ।

ਇਸ ਤੋਂ ਇਲਾਵਾ ਨਹੀਂ ਐ ਸਾਡੇ ਕੋਲ ਕੋਈ ਸਾਧਨ : ਰਾਣਾ ਸੋਢੀ

ਪੰਜਾਬ ਖੇਡ ਵਿਭਾਗ ਦੇ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਕੋਲ ਕੋਈ ਸਾਧਨ ਵੀ ਨਹੀਂ ਹੈ, ਕਿਉਂਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਖੇਡ ਸਟੇਡੀਅਮ ਤਾਂ ਵੱਡੇ ਪੱਧਰ ‘ਤੇ ਬਣਾਏ ਗਏ ਹਨ ਪਰ ਇਨ੍ਹਾਂ ਸਟੇਡੀਅਮਾਂ ਦੀ ਸਾਂਭ-ਸੰਭਾਲ ਲਈ ਕੋਈ ਹੀਲਾ ਵਸੀਲਾ ਨਹੀਂ ਕੀਤਾ ਗਿਆ ਜਿਸ ਕਾਰਨ ਉਹ ਪੰਜਾਬ ਦੇ ਸਾਰੇ ਸਟੇਡੀਅਮਾਂ ਨੂੰ ਠੇਕੇ ‘ਤੇ ਦੇਣ ਬਾਰੇ ਵਿਚਾਰ ਕਰ ਰਹੇ ਹਨ। ਜਿੱਥੇ ਕਿ ਕਲੱਬ ਅਤੇ ਰੈਸਟੋਰੈਂਟ ਸਣੇ ਕਿਸੇ ਵੀ ਤਰ੍ਹਾਂ ਦੇ ਖੇਡ ਸਮਾਨ ਦੀ ਦੁਕਾਨ ਖੋਲ੍ਹੀ ਜਾ ਸਕਦੀ ਹੈ।

ਖਿਡਾਰੀਆਂ ਦੀ ਵੀ ਲੱਗੇਗੀ ਬੋਲੀ

ਦੇਸ਼ ਵਿਦੇਸ਼ ਵਿੱਚ ਪੰਜਾਬ ਨੂੰ ਮੈਡਲ ਜਿਤਾਉਣ ਵਾਲੇ ਖਿਡਾਰੀਆਂ ਦੀ ਪੰਜਾਬ ਸਰਕਾਰ ਬੋਲੀ ਲਗਾਉਣ ਜਾ ਰਹੀ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਨਵੇਂ ਖਿਡਾਰੀਆਂ ਨੂੰ ਚੰਗਾ ਸਮਾਨ ਅਤੇ ਵਿਦੇਸ਼ ਭੇਜਣ ਲਈ ਪੈਸੇ ਦੀ ਭਾਰੀ ਘਾਟ ਹੈ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਦੱਸਿਆ ਕਿ ਕੋਈ ਵੀ ਵੱਡੀ ਕੰਪਨੀ ਪੰਜਾਬ ਦੇ ਖਿਡਾਰੀ ਨੂੰ ਸਪਾਂਸਰਸ਼ਿਪ ਦੇ ਸਕਦੀ ਹੈ। ਇਸ ਲਈ ਉਨ੍ਹਾਂ ਦੀ ਵੱਡੀਆਂ ਕੰਪਨੀਆਂ ਨਾਲ ਗੱਲਬਾਤ ਚਲ ਰਹੀ ਹੈ ਤਾਂ ਕਿ ਖਿਡਾਰੀ ਚੰਗੇ ਸਮਾਨ ਨਾਲ ਵਿਦੇਸ਼ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦਾ ਨਾਂਅ ਰੋਸ਼ਨ ਕਰ ਸਕੇ।