ਪੰਜਾਬ ਕੈਬਨਿਟ ’ਚ ਲਏ ਅਹਿਮ ਫ਼ੈਸਲੇ, ਨਵੇਂ ਏਜੀ ਦਾ ਨਾਂਅ ਆਇਆ ਸਾਹਮਣੇ

Punjab Cabinet

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਵਿੱਚ ਪੰਜਾਬ ਕੈਬਨਿਟ (Punjab Cabinet) ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਬੀਤੇ ਦਿਨ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੇ ਅਸਤੀਫ਼ਾ ਦੇ ਦਿੱਤਾ ਸੀ। ਅੱਜ ਸਵੇਰੇ ਹੀ ਪੰਜਾਬ ਸਰਕਾਰ ਨੇ ਐਮਰਜੈਂਸੀ ਕੈਬਨਿਟ ਮੀਟਿੰਗ ਸੱਦ ਲਈ। ਮੀਟਿੰਗ ਦੀ ਸਮਾਪਤੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ (ਸਾਬਕਾ ਟਵੀਟ) ਅਤੇ ਫੇਸਬੁੱਕ ਪੇਜ਼ ’ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਲਿਖਿਆ ਹੈ ਕਿ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ….ਜਿਸ ਵਿੱਚ ਨਵੇਂ ਏਜੀ ਨੂੰ ਕੈਬਨਿਟ ਵਲੋਂ ਪ੍ਰਵਾਨਗੀ ਦਿੱਤੀ ਗਈ…ਨਵੇਂ ਏਜੀ ਵਜੋਂ ਗੁਰਮਿੰਦਰ ਸਿੰਘ ਦੇ ਨਾਂਅ ਨੂੰ ਕੈਬਨਿਟ ਨੇ ਪ੍ਰਵਾਨਗੀ ਦਿੱਤੀ… ਨਾਲ ਹੀ ਐੱਸਵਾਈਐੱਲ ਦੇ ਮਸਲੇ ਨੂੰ ਲੈ ਕੇ ਵੀ ਮੀਟਿੰਗ ’ਚ ਚਰਚਾ ਹੋਈ… ਕਿਸੇ ਵੀ ਕੀਮਤ ’ਤੇ ਇੱਕ ਬੂੰਦ ਵੀ ਵਾਧੂ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ… ਜਲਦ ਮਾਨਸੂਨ ਇਜਲਾਸ ਸੱਦਣ ’ਤੇ ਵੀ ਵਿਚਾਰ ਹੋਇਆ… ਕਈ ਹੋਰ ਲੋਕ ਪੱਖੀ ਫੈਸਲਿਆਂ ਨੂੰ ਵੀ ਮਨਜ਼ੂਰੀ ਦਿੱਤੀ…।

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਐੱਸਵਾਈਐੱਲ ਮੁੱਦਾ ਜਲਦੀ ਨਿਬੇੜਨ ਤੇ ਇਸ ਵਿੱਚ ਸਹਿਯੋਗ ਕਰਨ ਲਈ ਕਿਹਾ ਸੀ। ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਪਾਣੀ ਨੂੰ ਕਿਸੇ ਹੋਰ ਸੂਬੇ ਨੂੰ ਨਾ ਦਿੱਤੇ ਜਾਣ ’ਤੇ ਜ਼ੋਰ ਦੇ ਰਹੀ ਹੈ।

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ਮੁੜ ਹੋਈ ਰੱਦ