ਲਾਕਡਾਊਨ ਦਾ ਸਮਾਂ ਅਤੇ ਜ਼ਿੰਦਗੀ ’ਤੇ ਅਸਰ

ਲਾਕਡਾਊਨ ਦਾ ਸਮਾਂ ਅਤੇ ਜ਼ਿੰਦਗੀ ’ਤੇ ਅਸਰ

ਅੱਜ ਦੇ ਸਮੇਂ ਤਕਰੀਬਨ ਹਰ ਇਨਸਾਨ ਹੀ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ।ਜਿਵੇਂ ਕਹਿੰਦੇ ਨੇ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਉਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਫਾਇਦੇ ਤੇ ਨੁਕਸਾਨ ਨੇ। ਅੱਜ ਸਵੇਰੇ-ਸਵੇਰੇ ਸੋਸ਼ਲ ਮੀਡੀਆ ਤੇ ਬੜੀ ਵਧੀਆ ਲਿਖੀਆਂ ਲਾਈਨਾਂ ਪੜ੍ਹੀਆਂ:
‘‘ਅਮੀਰ ਨੂੰ ਡਰ ਹੈ ਕਿ ਕਿਤੇ ਕੋਰੋਨਾ ਨਾ ਹੋ ਜਾਵੇ ਅਤੇ ਗਰੀਬ ਨੂੰ ਡਰ ਹੈ ਕਿ ਕਿਤੇ ਦੁਬਾਰਾ ਲਾਕਡਾਊਨ ਨਾ ਹੋ ਜਾਵੇ।’’
ਇਨ੍ਹਾਂ ਲਾਈਨਾਂ ਨੇ ਬਹੁਤ ਕੁਝ ਦੱਸ ਦਿੱਤਾ। ਲਾਕਡਾਊਨ ਬਾਰੇ ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ। ਪਿਛਲੇ ਸਾਲ ਮਾਰਚ ਤੋਂ ਸਭ ਬੰਦ ਹੋ ਗਿਆ ਸੀ, ਅਸੀਂ ਆਪਣੇ ਘਰਾਂ ’ਚ ਬੰਦ ਰਹੇ। ਮੀਡੀਆ ਵੱਲੋਂ ਕੋਰੋਨਾ ਨੂੰ ਮਹਾਂਮਾਰੀ ਦਾ ਨਾਂਅ ਦਿੱਤਾ ਗਿਆ। ਪਰ ਕੋਰੋਨਾ ਕਦੇ ਬੜਾ ਚੰਗਾ ਲੱਗਦਾ ਜਿਹਨੇ ਘਰ ਪਰਿਵਾਰ ਦੇ ਸਾਰੇ ਜੀਆਂ ਨੂੰ ਮਿਲਾ ਕੇ ਬਿਠਾ ਦਿੱਤਾ।

ਜੇ ਕੋਰੋਨਾ ਨਾ ਹੁੰਦਾ ਤਾਂ ਕਿੰਨੀਆਂ ਨਵੀਆਂ ਗੱਲਾਂ ਅਸੀਂ ਨਹੀਂ ਸਿੱਖਣੀਆਂ ਸਨ। ਕਦੇ ਕੁਦਰਤ ਦਾ ਦੂਤ ਲੱਗਦਾ ਜਿਹਦੇ ਕਰਕੇ ਹਵਾ ’ਚ ਪ੍ਰਦੂਸ਼ਣ ਦੀ ਮਾਤਰਾ ਘੱਟ ਹੋ ਗਈ, ਮੌਸਮ ਸਾਫ ਹੋ ਗਿਆ। ਕੋਰੋਨਾ ਕਰਕੇ ਲਾਕਡਾਊਨ ਹੋਇਆ, ਅਸੀਂ ਘਰਾਂ ’ਚ ਰਹੇ ਜਿਹੜੇ ਲੋਕਾਂ ਕੋਲ ਕਦੀ ਸਮਾਂ ਹੀ ਨਹੀਂ ਸੀ ਹੁੰਦਾ ਉਹ ਵੀ ਵਿਹਲਾ ਹੋ ਗਿਆ। ਆਪਣੇ ਪਰਿਵਾਰ ਨੂੰ ਪੂਰਾ ਸਮਾਂ ਦਿੱਤਾ। ਘਰਾਂ ’ਚ ਰਹਿ ਕੇ ਲੋਕਾਂ ਨੇ ਨਵੇਂ-ਨਵੇਂ ਪਕਵਾਨ ਬਣਾਉਣੇ ਸਿੱਖੇ, ਲੱਗਦਾ ਸੀ ਬਈ ਹੁਣ ਹਲਵਾਈ ਵਿਹਲੇ ਹੋ ਜਾਣਗੇ! ਕਿੰਨੀ ਸਖ਼ਤਾਈ ਹੋਈ, ਘਰੋਂ ਬਾਹਰ ਜਾਣ ਵਾਲਿਆਂ ਨਾਲ ਪੁਲਿਸ ਜੋ ਵਿਵਹਾਰ ਕਰਦੀ, ਸਾਡੇ ਤੱਕ ਵੀਡੀਓ ਦੇ ਰੂਪ ’ਚ ਪਹੁੰਚ ਹੀ ਜਾਂਦਾ। ਇੰਨੇ ਡਰ ਦੇ ਮਾਹੌਲ ’ਚ ਅਸੀਂ ਘਰਾਂ ’ਚ ਰਹਿਣਾ ਹੀ ਪਸੰਦ ਕੀਤਾ।

ਜੇ ਕੋਈ ਘਰ ਤੋਂ ਬਾਹਰ ਜਾਂਦਾ ਵੀ ਤਾਂ ਆਪਣੇ-ਆਪ ਨੂੰ ਬਹੁਤ ਬਹਾਦਰ ਤੇ ਕੋਈ ਵੱਡੀ ਜੰਗ ਜਿੱਤਣ ਬਰਾਬਰ ਸਮਝਦਾ ਤੇ ਬਾਹਰੋਂ ਆ ਕੇ ਦੱਸਦਾ ਬਈ ਬਾਹਰ ਤਾਂ ਐਂ ਆ ਜਾਂ ਉੱਥੇ ਐਂ ਹੋਇਆ। ਸਰਕਾਰ ਨੇ ਮਾਸਕ ਜਰੂਰੀ ਕਰਤਾ, ਪਤਾ ਨਹੀਂ ’ਕੱਲਾ ਮਾਸਕ ਹੀ ਕੋਰੋਨਾ ਤੋਂ ਬਚਾਉਣ ਵਾਲਾ ਵੱਡਾ ਹਥਿਆਰ ਲੱਗਣ ਲੱਗਾ। ਦੂਰੀ ਰੱਖੋ।ਵਾਰ-ਵਾਰ ਹੱਥ ਥੋਵੋ। ਜਿਹੜੇ ਸੈਨੇਟਾਈਜਰ ਨੂੰ ਵਾਧੂ ਜਿਹਾ ਮੰਨਿਆ ਜਾਂਦਾ ਸੀ ਹੁਣ ਉਹਦੇ ਦਿਨ ਆ ਗਏ ਸੀ।ਸਕੂਲ ਬੰਦ ਸੀ, ਨਾ ਕੋਈ ਸਕੂਲ ਦਾ ਕੰਮ ਨਾ ਪੜ੍ਹਾਈ ਦੀ ਫਿਕਰ। ਬੱਚਿਆਂ ਮੁਤਾਬਿਕ ਉਹਨਾਂ ਲਈ ਕੋਰੋਨਾ ਬਹੁਤ ਫਾਇਦੇ ਦਾ ਸੌਦਾ। ਕੁਝ ਕੁ ਮਹੀਨਿਆਂ ਬਾਅਦ ਆਨਲਾਈਨ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ, ਫਿਕਰ ਹੋਇਆ ਪਰ ਜ਼ਿਆਦਾ ਨਹੀਂ। ਕਲਾਸ ਤੇ ਘਰ ਦੇ ਮਾਹੌਲ ਕਿੱਥੇ ਮੇਲ ਖਾਂਦੇ ਨੇ। ਹੁਣ ਮਾਪੇ ਤੇ ਅਧਿਆਪਕ ਜਿਹੜੇ ਬੱਚਿਆਂ ਨੂੰ ਫੋਨ ਤੋਂ ਦੂਰ ਰਹਿਣ ਦੀ ਨਸੀਹਤ ਦਿੰਦੇ ਸੀ, ਉਹ ਆਪ ਸਲਾਹਾਂ ਦਿੰਦੇ ਸੀ।

ਲੋਕਾਂ ਨੇ ਨਵੀਆਂ-ਨਵੀਆਂ ਤਕਨਾਲੋਜੀਆਂ ਬਾਰੇ ਸਿੱਖਿਆ, ਘਰ ਤੋਂ ਤਕਰੀਬਨ ਸਾਰੇ ਕੰਮ ਹੋਣ ਲੱਗੇ ਦਫਤਰ ਦੇ। ਬਹੁਤ ਕੁਝ ਆਨਲਾਈਨ ਹੋ ਗਿਆ। ਤਕਰੀਬਨ ਹਰ ਕੋਈ ਇਹ ਸਭ ਸਿੱਖ ਰਿਹਾ ਸੀ। ਲੋਕਾਂ ਨੇ ਤਕਨਾਲੋਜੀ ਦੇ ਜਰੀਏ ਆਪਣੇ ਨਵੇਂ ਕੰਮ ਵੀ ਸ਼ੁਰੂ ਕੀਤੇ। ਕੋਰੋਨਾ ਬਹੁਤ ਵੱਡਾ ਪਾਪੀ ਵੀ ਲੱਗਦਾ। ਕੋਰੋਨਾ ਕਰਕੇ ਲਾਕਡਾਊਨ ਹੋ ਗਿਆ, ਸਾਰੇ ਘਰਾਂ ’ਚ ਬਹਿ ਗਏ, ਲੋਕਾਂ ਦੇ ਕੰਮ ਬੰਦ ਹੋ ਗਏ। ਕਮਾਈ ਦੇ ਸਾਧਨ ਰੁਕ ਗਏ। ਬਜਾਰ ’ਚ ਮਹਿੰਗਾਈ ਵਧ ਗਈ। ਕੰਮ ਮੁੱਕ ਗਏ। ਗਰੀਬ ਹੋਰ ਵੀ ਗਰੀਬ ਹੋਣ ਲੱਗਾ।

ਸਰਕਾਰੀ ਮਹਿਕਮਿਆਂ ’ਚ ਤਾਂ ਐਨਾ ਫਰਕ ਨਹੀਂ ਪਿਆ ਪਰ ਪ੍ਰਾਈਵੇਟ ਸੈਕਟਰ ਵਿੱਚ ਬਹੁਤ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਗਏ, ਜਿਨ੍ਹਾਂ ਕੋਲ ਨੌਕਰੀ ਸੀ ਉਹਨਾਂ ਦੀਆਂ ਤਨਖਾਹਾਂ ਅੱਧੀਆਂ ਰਹਿ ਗਈਆਂ, ਕੰਮ ਜ਼ਿਆਦਾ ਹੋ ਗਏ। ਦਿਹਾੜੀ ਕਰਨ ਵਾਲਿਆਂ ਕੋਲ ਤਾਂ ਰਿਹਾ ਹੀ ਕੁਝ ਨਹੀਂ ਕਿਉਂਕਿ ਪਹਿਲਾਂ ਉਹ ਜੋ ਕਮਾਉਂਦੇ ਖਾ ਲੈਂਦੇ, ਪਰ ਹੁਣ ਕੰਮ ਬੰਦ ਪਰ ਢਿੱਡ ਤਾਂ ਹਰ ਕਿਸੇ ਨੇ ਭਰਨਾ ਹੀ ਐ। ਦੁਕਾਨਦਾਰਾਂ ਨੂੰ ਬਿਪਤਾ ਸੀ ਬਈ ਕਿਰਾਏ ਵਾਲੇ ਕਹਿੰਦੇ ਕਿਰਾਇਆ ਦਿਉ ਪਰ ਉਨ੍ਹਾਂ ਕੋਲ ਕੋਈ ਕਮਾਈ ਹੀ ਨਹੀਂ ਤਾਂ ਵਿਚਾਰੇ ਉਹ ਵੀ ਕਿੱਥੋਂ ਦੇਣ? ਇਸੇ ਕਰਕੇ ਬਹੁਤ ਲੋਕਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗਈਆਂ। ਮਿਡਲ ਕਲਾਸ ਪਰਿਵਾਰਾਂ ਤੋਂ ਗਰੀਬੀ ਰੇਖਾ ਤੱਕ ਦੇ ਪਰਿਵਾਰਾਂ ਦੀਆਂ ਆਰਥਿਕ ਹਾਲਤਾਂ ਬਹੁਤ ਬਦਤਰ ਹੋ ਗਈਆਂ। ਬਹੁਤ ਲੋਕ ਕਰਜਾਈ ਹੋ ਗਏ।

ਸਕੂਲ ਕਾਲਜ ਬੰਦ ਹੋ ਗਏ, ਪੜ੍ਹਾਈਆਂ ’ਤੇ ਵੀ ਅਸਰ ਪਿਆ। ਸਕੂਲਾਂ-ਕਾਲਜਾਂ ਦੇ ਖਰਚੇ ਵੀ ਬੋਝ ਹੋ ਗਏ। ਸਕੂਲ ਦੀ ਫੀਸ ਦਿੱਤੀ ਨਹੀਂ ਗਈ, ਉਹਨਾਂ ਨੇ ਬੱਚਿਆਂ ਨੂੰ ਸਕੂਲੋਂ ਕੱਢ ਦਿੱਤਾ। ਪ੍ਰਾਈਵੇਟ ਸਕੂਲ ਕਾਲਜਾਂ ਵਾਲਿਆਂ ਦੇ ਤਨਖਾਹਾਂ, ਟਰਾਂਸਪੋਰਟਾਂ ਅਦਿ ਦੇ ਖਰਚੇ ਪੂਰੇ ਨਹੀਂ ਹੋਏ, ਖਰਚਿਆਂ ਦੇ ਭਾਰ ਥੱਲੇ ਆਇਆਂ ਨੇ ਸਟਾਫ ਘਟਾਉਣਾ ਸ਼ੁਰੂ ਕਰ ਦਿੱਤਾ। ਪ੍ਰਾਈਵੇਟ ਟਰਾਂਸਪੋਰਟਰਾਂ ਦੇ ਕੰਮ ਬੰਦ ਹੋ ਗਏ। ਕਿੰਨੇ ਲੋਕ ਬੇਰੁਜ਼ਗਾਰ ਹੋ ਗਏ। ਆਰਥਿਕ ਮੰਦਹਾਲੀਆਂ ’ਚੋਂ ਨਿਕਲਣ ਲਈ ਬਹੁਤ ਹੱਥ-ਪੈਰ ਮਾਰਨੇ ਪਏ।

ਰੇਹੜੀ, ਫੜੀ ਵਾਲਿਆਂ ਦੇ ਘਰਾਂ ’ਚ ਵੀ ਲਾਕਡਾਊਨ ਦਾ ਡਾਢਾ ਅਸਰ ਹੋਇਆ।ਕੁਝ ਵੀ ਕਹੋ ਲਾਕਡਾਊਨ ਨੇ ਜ਼ਿੰਦਗੀ ਰੋਕ ਦਿੱਤੀ ਸੀ। ਜਿਵੇਂ ਕਹਿੰਦੇ ਨੇ ਖੜ੍ਹੇ ਪਾਣੀ ’ਚੋਂ ਮੁਸ਼ਕ ਆਉਣ ਲੱਗ ਜਾਂਦਾ। ਚਲਦੀ ਦਾ ਨਾਂਅ ਹੀ ਗੱਡੀ ਹੈ। ਰੁਕੀ ਹੋਈ ਜ਼ਿੰਦਗੀ ਵੀ ਕਿਸੇ ਨਰਕ ਤੋਂ ਘੱਟ ਨਹੀਂ। ਮੇਰੇ ਇਕੱਲੇ ਦੀ ਨਹੀਂ ਹੁਣ ਹਰ ਕਿਸੇ ਦੀ ਇੱਛਾ ਵੀ ਤੇ ਅਰਦਾਸ ਵੀ ਇਹੀ ਹੈ ਕਿ ਕਦੇ ਵੀ ਲਾਕਡਾਊਨ ਨਾ ਹੋਵੇ। ਨਾ ਅਸੀਂ ਘਰਾਂ ’ਚ ਬੰਦ ਹੋਈਏ। ਨਾ ਸਕੂਲ ਕਾਲਜ ਬੰਦ ਹੋਣ। ਨਾ ਬੱਚਿਆਂ ਦੀ ਪੜ੍ਹਾਈ ਖਤਮ ਹੋਵੇ। ਨਾ ਲੋਕਾਂ ਦੀਆਂ ਦੁਕਾਨਾਂ ਬੰਦ ਹੋਣ। ਨਾ ਕਿਸੇ ਨੂੰ ਨੌਕਰੀ ਤੋਂ ਹੱਥ ਧੋਣਾ ਪਵੇ। ਹਰ ਕੋਈ ਆਪਣੀ ਪਸੰਦ ਦੀ ਜ਼ਿੰਦਗੀ ਜੀਵੇ।
ਦੀਵਾਨਾ (ਬਰਨਾਲਾ)
ਕੁਲਦੀਪ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.