ਜੇ ਸੱਚ ਬੋਲਣ ਵਾਲੇ ਨੂੰ ਮੋਦੀ ਬਾਗੀ ਕਹਿੰਦੇ ਹਨ ਤਾਂ ਮੈਂ ਬਾਗੀ ਹਾਂ : ਸਿਨਹਾ

Modi, Calls, Truth, Guru, Rebel, Sinha

ਕਿਹਾ, ਅਗਲੀਆਂ ਆਮ ਚੋਣਾਂ ‘ਚ ਦੇਸ਼ ਦੀ ਜਨਤਾ ਮੰਗੇਗੀ ਨਰਿੰਦਰ ਮੋਦੀ ਤੋਂ ਕਈ ਜਵਾਬ | Shatrughan Sinha

  • ਦੇਸ਼ ਭਰ ‘ਚ ਅੰਦੋਲਨ ਸ਼ੁਰੂ ਕਰਨ ਜਾ ਰਿਹਾ ਐ ‘ਰਾਸ਼ਟਰੀ ਮੰਚ’ | Shatrughan Sinha
  • ਦੇਸ਼ ਦੇ ਕਈ ਉੱਘੇ ਲੀਡਰ ਤੇ ਸਿਆਸੀ ਪਾਰਟੀਆਂ ਇਕੱਠੀ ਹੋਣਗੀਆਂ ‘ਰਾਸ਼ਟਰੀ ਮੰਚ’ ਹੇਠ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਅਦਾਕਾਰ ਤੋਂ ਰਾਜਨੀਤਕ ਤੇ ਹੁਣ ਆਪਣੀ ਹੀ ਪਾਰਟੀ ਤੋਂ ਬਾਗੀ ਹੋਏ ਸ਼ਤਰੂਘਨ ਸਿਨਹਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ‘ਚ ਹੁਣ ਉਨ੍ਹਾਂ ਲਈ ਕੋਈ ਥਾਂ ਨਹੀਂ ਹੈ ਪਰ ਉਹ ਭਾਜਪਾ ਨੂੰ ਜਲਦ ਹੀ ਛੱਡਣ ਵਾਲੇ ਵੀ ਨਹੀਂ ਹਨ। ਸ਼ਤਰੂਘਨ ਸਿਨਹਾ ਨੇ ਕਿਹਾ ਕਿ ਜੇਕਰ ਸੱਚ ਬੋਲਣ ਵਾਲੇ ਨੂੰ ਬਾਗੀ ਕਿਹਾ ਜਾਂਦਾ ਹੈ ਤਾਂ ਉਹ ਬਾਗੀ ਹਨ ਤੇ ਬਾਗੀ ਹੀ ਰਹਿਣਗੇ, ਕਿਉਂਕਿ ਉਹ ਸੱਚ ਬੋਲਣਾ ਨਹੀਂ ਛੱਡਣਾ ਚਾਹੁੰਦੇ।

ਸ਼ਤਰੂਘਨ ਸਿਨਹਾ ਚੰਡੀਗੜ੍ਹ ਵਿਖੇ ‘ਮੀਟ ਦਾ ਪ੍ਰੈਸ ‘ ਪ੍ਰੋਗਰਾਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ਼ਤਰੂਘਨ ਸਿਨਹਾ ਨਾਲ ਯਸ਼ਵੰਤ ਸਿਨਹਾ ਵੀ ਚੰਡੀਗੜ੍ਹ ਆਏ ਹੋਏ ਸਨ ਤੇ ਇਸ ਮੌਕੇ ਯਸ਼ਵੰਤ ਸਿਨਹਾ ਨੇ ਵੀ ਨਰਿੰਦਰ ਮੋਦੀ ‘ਤੇ ਰੱਜ ਕੇ ਹਮਲਾ ਕੀਤਾ। ਇਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ 2019 ਵਿੱੱਚ ਜਦੋਂ ਲੋਕ ਸਭਾ ਚੋਣਾਂ ਹੋਣਗੀਆਂ ਤਾਂ ਦੇਸ਼ ਦੀ ਜਨਤਾ ਹੀ ਫੈਸਲਾ ਕਰੇਗੀ ਕਿ ਨਰਿੰਦਰ ਮੋਦੀ ਵਲੋਂ ਕੀਤੇ ਗਏ ਵਾਅਦੇ ਅਤੇ ਛੱਡੇ ਗਏ ਜੁਮਲਿਆਂ ਨੂੰ ਦੇਖਦੇ ਹੋਏ ਵੋਟ ਦੇਣੀ ਚਾਹੀਦੀ ਹੈ ਜਾਂ ਫਿਰ ਨਹੀਂ। ਉਨ੍ਹਾਂ ਕਿਹਾ ਕਿ ਇਨਾਂ ਲੋਕ ਸਭਾ ਚੋਣਾਂ ਵਿੱਚ ਆਮ ਲੋਕਾਂ ਨੇ ਨਹਿਰੂ, ਇੰਦਰਾ ਗਾਂਧੀ ਜਾਂ ਫਿਰ ਮਨਮੋਹਨ ਸਿੰਘ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਨਹੀਂ ਸਗੋਂ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਵੋਟ ਦੇਣੀ ਹੈ। ਉਨਾਂ ਕਿਹਾ ਕਿ ਭਾਜਪਾ ਸਰਕਾਰ ਕਿਸੇ ਤਰੀਕੇ ਨਾਲ ਕੰਮ ਕਰ ਰਹੀ ਹੈ, ਇਸ ਬਾਰੇ ਜਿਆਦਾ ਦੱਸਣ ਦੀ ਜਰੂਰਤ ਉਹ ਨਹੀਂ ਸਮਝਦੇ।

ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੇ ਮਚਾਈ ਤਬਾਹੀ, ਵੇਖੋ ਕਿੱਥੇ-ਕਿੱਥੇ ਹੋਇਆ ਭਾਰੀ ਨੁਕਸਾਨ

ਇਸ ਮੌਕੇ ਯਸ਼ਵੰਤ ਸਿਨਹਾ ਨੇ ਕਿਹਾ ਕਿ ਮੋਦੀ ਅੱਜ ਦੀ ਰਾਜਨੀਤੀ ਦਾ ਮੁੱਦਾ ਨਹੀਂ ਮੁੱਦੇ ਹੋਰ ਹਨ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਕਿਸਾਨਾਂ ਦੀ ਦੁਰਦਸ਼ਾ, ਬੇਰੁਜ਼ਗਾਰੀ, ਮਾੜੀ ਆਰਥਿਕਤਾ ਤੇ ਗਰੀਬੀ ਵੱਡੇ ਮੁੱਦੇ ਹਨ ਜਿਨ੍ਹਾਂ ਦਾ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੇਂਦਰ ਸਰਕਾਰ ਸੰਵਿਧਾਨਕ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਵੱਡੀ ਢਾਹ ਲਗਾਈ ਜਾ ਰਹੀ ਹੈ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ ਪਰ ਜਮਹੂਰੀ ਅਤੇ ਲੋਕਤੰਤਰ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।

ਕਰਨਾਟਕ ਵਿੱਚ ਵੀ ਜਮਹੂਰੀਅਤ ਦਾ ਘਾਣ ਕੀਤਾ ਗਿਆ ਤੇ ਭਾਜਪਾ ਧੱਕੇ ਨਾਲ ਤੇ ਛਲਾਵੇ ਨਾਲ ਸਰਕਾਰ ਬਣਾਉਣਾ ਚਾਹੁੰਦੀ ਸੀ ਜੋ ਸਫਲ ਨਹੀਂ ਹੋ ਸਕੀ। ਸ਼ਤਰੂਘਨ ਸਿਨਹਾ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਗੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪਾਰਟੀ ਦੇ ਅੰਦਰ ਲੋਕਤੰਤਰ ਖ਼ਤਮ ਹੋ ਗਿਆ ਹੈ ਤੇ ਪਾਰਟੀ ਦੋ ਆਗੂਆਂ ਦੀ ਕਠਪੁਤਲੀ ਬਣ ਕੇ ਰਹਿ ਗਏ ਹੈ। ਉਨ੍ਹਾਂ ਇਥੇ ਐਲਾਨ ਕੀਤਾ ਕਿ ਜਲਦ ਹੀ ਦੇਸ਼ ਭਰ ਵਿੱਚ ਰਾਸ਼ਟਰ ਮੰਚ ਇੱਕ ਵੱਡੇ ਵਿਕਲਪ ਦੇ ਤੌਰ ‘ਤੇ ਦੇਖਿਆ ਜਾਏਗਾ, ਕਿਉਂਕਿ ਰਾਸ਼ਟਰ ਮੰਚ ਸਿਆਸੀ ਪਾਰਟੀ ਨਹੀਂ ਸਗੋਂ ਇੱਕ ਅੰਦੋਲਨ ਹੈ ਤੇ ਅਗਲੇ ਕੁਝ ਮਹੀਨਿਆਂ ਵਿਚ ਦੇਸ਼ ਦੀ ਸਿਆਸਤ ਕਰਵਟ ਲਏਗੀ।