ਮੈਨੂੰ ਮਾਣ ਹੈ ਕਿ ‘ਮੈਂ ਇੱਕ ਅਧਿਆਪਕ ਹਾਂ’

ਮੈਨੂੰ ਮਾਣ ਹੈ ਕਿ ‘ਮੈਂ ਇੱਕ ਅਧਿਆਪਕ ਹਾਂ’

ਗੱਲ ਦਸਵੀਂ ’ਚ ਪੜ੍ਹਦਿਆਂ ਦੀ ਹੈ, ਪੇਪਰਾਂ ਤੋਂ ਪਹਿਲਾਂ ਹੀ ਕਿਸੇ ਨੇ ਗੱਲਾਂ-ਗੱਲਾਂ ’ਚ ਕਹਿ ਦਿੱਤਾ ਕਿ ਅਗਲੀ ਪੜ੍ਹਾਈ ਲਈ ਜੇ ਕਿਸੇ ਵਧੀਆ ਜੇ ਕੋਰਸ ’ਚ ਦਾਖਲਾ ਲੈਣਾ ਹੈ ਤਾਂ ਉਸ ਲਈ ਡੋਮੀਸਾਈਲ ਸਰਟੀਫਿਕੇਟ, ਬੈਕਵਾਰਡ ਏਰੀਆ ਸਰਟੀਫਿਕੇਟ ਤੇ ਪੇਂਡੂ ਇਲਾਕੇ ਦਾ ਸਰਟੀਫਿਕੇਟ ਜ਼ਰੂਰੀ ਹਨ। ਉਨ੍ਹਾਂ ਦਿਨਾਂ ’ਚ ਮਨ ’ਚ ਇੱਕ ਹੀ ਇੱਛਾ ਸੀ ਕਿ ਕੋਈ ਵਧੀਆ ਜਿਹਾ ਕੋਰਸ ਕਰਕੇ ਕੋਈ ਵੱਡਾ ਅਫਸਰ ਬਣਾਂਗੇ। ਮਾਸਟਰ ਬਣਨ ਬਾਰੇ ਤਾਂ ਕਦੇ ਮਨ ’ਚ ਸੋਚਿਆ ਵੀ ਨਹੀਂ ਸੀ। ਮਨ ’ਚ ਮਾਸਟਰਾਂ ਪ੍ਰਤੀ ਵਿਚਾਰ ਕੋਈ ਬਹੁਤੇ ਵਧੀਆ ਨਹੀਂ ਸਨ, ਕਈ ਵਾਰ ਤਾਂ ਮਾਸਟਰ ਜੇ ਚਾਹ ਵਾਲਾ ਗਲਾਸ ਚੁੱਕਣ ਲਈ ਜਾਂ ਪਾਣੀ ਦਾ ਗਲਾਸ ਭਰ ਕੇ ਲਿਆਉਣ ਲਈ ਕਹਿ ਦਿੰਦਾ ਤਾਂ ਬੜੀ ਖਿਝ ਚੜ੍ਹਦੀ ਸੀ।

ਇਸ ਲਈ ਪੇਪਰ ਖਤਮ ਹੁੰਦੇ ਸਾਰ ਹੀ ਪਿਤਾ ਜੀ ਤੋਂ ਪੈਸੇ ਲਏ ਤੇ ਇਹ ਤਿੰਨੇ ਸਰਟੀਕਿੇਟ ਬਣਵਾਉਣ ਲਈ ਸ਼ਹਿਰ ਪਹੁੰਚ ਗਏ। ਕਚਹਿਰੀਆਂ ਵੜਦੇ ਸਾਰ ਹੀ ਇੱਕ ਟਾਈਪਿਸਟ ਨੇ ਅਵਾਜ਼ ਮਾਰ ਲਈ। ਉਸਨੇ ਤਿੰਨਾਂ ਸਰਟੀਫਿਕੇਟਾਂ ਸਬੰਧੀ ਖਰਚਾ ਦੱਸ ਦਿੱਤਾ। ਇਹ ਵੀ ਦੱਸ ਦਿੱਤਾ ਕਿ ਇਨ੍ਹਾਂ ਸਰਟੀਫਿਕੇਟਾਂ ਨੂੰ ਬਣਾਉਣ ਲਈ ਨੰਬਰਦਾਰ ਦੀ ਗਵਾਹੀ ਪਵੇਗੀ, ਪਟਵਾਰੀ ਤੋਂ ਲਿਖਵਾ ਕੇ ਲਿਆਉਣਾ ਪਵੇਗਾ।

ਜੇਕਰ ਨੰਬਰਦਾਰ ਖੁਦ ਕਚਹਿਰੀਆਂ ’ਚ ਆ ਗਿਆ ਤਾਂ ਖਰਚਾ ਘੱਟ ਆਵੇਗਾ ਤੇ ਜੇਕਰ ਨੰਬਰਦਾਰ ਨਾ ਆਇਆ ਤਾਂ ਕੋਈ ਗੱਲ ਨਹੀਂ ਏਥੋਂ ਹੀ ਸਾਰ ਲਵਾਂਗੇ ਪਰ ਪੈਸੇ ਵੱਧ ਲੱਗਣਗੇ ਸਾਰਾ ਸੌਦਾ ਹੋ ਜਾਣ ਤੋਂ ਬਾਅਦ ਟਾਈਪਿਸਟ ਨੇ ਕਾਗਜ ਤਿਆਰ ਕਰਕੇ ਪੈਸੇ ਲੈ ਲਏ ਤੇ ਨਾਲ ਹੀ ਦੱਸ ਦਿੱਤਾ ਕਿ ਇਸ ਜਗ੍ਹਾ ’ਤੇ ਪਟਵਾਰੀ ਦੇ ਦਸਤਖ਼ਤ, ਇਸ ਜਗ੍ਹਾ ਸਰਪੰਚ ਦੀ ਮੋਹਰ ਤੇ ਇਸ ਥਾਂ ’ਤੇ ਨੰਬਰਦਾਰ ਦੇ ਦਸਤਖਤ ਕਰਵਾ ਲਿਆਈ।

ਪਿੰਡ ਆ ਕੇ ਸਰਪੰਚ ਜਾਣ-ਪਛਾਣ ਵਾਲਾ ਸੀ ਇਸ ਲਈ ਬਿਨਾਂ ਕਿਸੇ ਤਕਲੀਫ ਤੋਂ ਮੋਹਰ ਲਾ ਦਿੱਤੀ। ਪ੍ਰੰਤੂ ਜਦ ਨੰਬਰਦਾਰ ਕੋਲ ਗਿਆ ਤਾਂ ਪੰਜਾਹ ਰੁਪਏ ਉਸਦੀ ਜੇਬ ’ਚ ਪਾਉਣੇ ਪਏ। ਫਿਰ ਪਟਵਾਰੀ ਕੋਲ ਗਿਆ ਉਸਨੇ ਵੀ ਪਹਿਲੀ ਵਾਰ ਮੋੜ ਦਿੱਤਾ। ਦੂਜੀ ਵਾਰ ਕਿਸੇ ਨੇ ਤਰਕੀਬ ਦੱਸੀ ਤਾਂ ਪਟਵਾਰੀ ਨੂੰ ਵੀ ਸੌ ਰੁਪਿਆ ਦੇ ਕੇ ਉਸ ਤੋਂ ਵੀ ਉਨ੍ਹਾਂ ਕਾਗਜਾਂ ਦਸਤਖਤ ਕਰਵਾ ਕੇ ਕਾਗਜੀ ਕਾਰਵਾਈ ਪੂਰੀ ਕਰ ਲਈ। ਕਾਗਜ ਦੇਣ ਟਾਈਪਿਸਟ ਕੋਲ ਗਿਆ ਤਾਂ ਉਸਨੇ ਸਰਟੀਫਿਕੇਟਾਂ ’ਤੇ ਓਥ ਕਸ਼ਿਨਰ ਤੋਂ ਮੋਹਰ ਲਵਾਉਣ ਭੇਜ ਦਿੱਤਾ।

ਓਥ ਕਮਿਸ਼ਨਰ ਨੂੰ ਵੀ ਮੋਹਰ ਲਾਉਣ ਦੇ ਪੈਸੇ ਦੇਣੇ ਪਏ। ਉਸ ਤੋਂ ਬਾਅਦ ਟਾਈਪਿਸਟ ਨੇ ਸਾਰੇ ਕਾਗਜ਼ ਪੱਤਰ ਤਿਆਰ ਕਰਕੇ ਇੱਕ ਫਾਈਲ ਕਵਰ ’ਚ ਪਾਉਣ ਤੋਂ ਬਾਅਦ ਮੇਰੇ ਤੋਂ ਸੌ ਦਾ ਨੋਟ ਫੜ ਕੇ ਉਸਨੂੰ ਫਾਈਲ ਕਵਰ ’ਚ ਰੱਖ ਦਿੱਤਾ ਅਤੇ ਕਿਹਾ ਕਿ ਜਾਹ ਜਾ ਕੇ ਸਾਹਮਣੇ ਉਸ ਖਿੜਕੀ ’ਚ ਦੇ ਆ। ਖਿੜਕੀ ’ਚ ਬੈਠੇ ਬਾਬੂ ਨੇ ਫਾਈਲ ਖੋਲ੍ਹੀ ਕਾਗਜ ਚੈੱਕ ਕੀਤੇ ਤੇ ਮੁਸਕਰਾ ਕੇ ਕਿਹਾ ਕਿ ਇੱਕ ਹਫਤੇ ਬਾਅਦ ਆ ਕੇ ਲੈ ਜਾਵੀਂ। ਉਨ੍ਹਾਂ ਦਿਨਾਂ ’ਚ ਆਸ-ਪਾਸ ਦੇ ਲੋਕਾਂ ਤੋਂ ਸੁਣ ਸੁਣ ਕੇ ਮਨ ’ਚ ਇੱਕ ਹੀ ਧਾਰਨਾ ਬੈਠੀ ਹੋਈ ਸੀ ਕਿ ਸਰਕਾਰੀ ਕੰਮ ਪੈਸੇ ਦੇ ਕੇ ਹੀ ਹੁੰਦੇ ਹਨ। ਇਸ ਲਈ ਜੋ ਵਿਅਕਤੀ ਜਿੰਨੇ ਪੈਸੇ ਮੰਗੀ ਗਿਆ ਮੈਂ ਵੀ ਬੜੀ ਖੁਸ਼ੀ ਨਾਲ ਬਿਨਾ ਕਿਸੇ ਹਿਚਕਚਾਹਟ ਤੋਂ ਦਿੰਦਾ ਗਿਆ। ਹਫਤੇ ਬਾਅਦ ਜਾ ਕੇ ਤਿੰਨੇ ਸਰਟੀਫਿਕੇਟ ਲੈ ਆਇਆ ਮਨ ’ਚ ਵਿਆਹ ਵਰਗਾ ਚਾਅ ਸੀ।

ਨਤੀਜਾ ਨਿੱਕਲਿਆ ਵਧੀਆ ਨੰਬਰਾਂ ਨਾਲ ਪਾਸ ਹੋਏ। ਹੁਣ ਵੱਖ-ਵੱਖ ਕੋਰਸਾਂ ਲਈ ਅਪਲਾਈ ਕਰਨਾ ਸੀ। ਡੀ.ਐਮ.ਸੀ. ਤੇ ਦੂਜੇ ਸਾਰੇ ਸਰਟੀਫਿਕੇਟਾਂ ਦੀਆਂ ਫੋਟੋ ਸਟੇਟ ਕਾਪੀਆਂ ਕਰਵਾਉਣ ਤੋਂ ਬਾਅਦ ਅਟੈਸਟ ਕਰਵਾਉਣ ਲਈ ਸਕੂਲ ਪਹੁੰਚ ਗਏ। ਮਾਸਟਰ ਜੀ ਨੇ ਫੋਟੋ ਕਾਪੀਆਂ ਅਟੈਸਟ ਕਰ ਦਿੱਤੀਆਂ। ਕਾਪੀਆਂ ਅਟੈਸਟ ਕਰਵਾਉਣ ਤੋਂ ਬਾਅਦ ਲੱਗੇ ਹੱਥ ਮਾਸਟਰ ਜੀ ਤੋਂ ਵੀ ਪੈਸੇ ਪੁੱਛ ਲਏ, ਇਸ ’ਤੇ ਮਾਸਟਰ ਜੀ ਨੇ ਅਜਿਹੀ ਹਰਕਤ ਕਰਨ ’ਤੇ ਝਿੜਕ ਦਿੱਤਾ। ਉਸ ਸਮੇਂ ਹੀ ਮਾਸਟਰ ਜੀ ਕੋਲ ਇੱਕ ਹੋਰ ਆਦਮੀ ਪਹੁੰਚ ਗਿਆ ਜਿਸ ਨੂੰ ਕਿਸੇ ਜਮੀਨ ਜਾਇਦਾਦ ਦੇ ਝਗੜੇ ਸਬੰਧੀ ਆਪਣਾ 20 ਸਾਲ ਪੁਰਾਣਾ ਰਿਕਾਰਡ ਚਾਹੀਦਾ ਸੀ। ਅਸੀਂ ਵਿਚ ਮਾਸਟਰ ਨਾਲ ਲੱਗੇ ਰਿਕਾਰਡ ਲੱਭਣ ਦੋ ਘੰਟੇ ਮਗਜ਼ ਖਪਾਈ ਤੋਂ ਬਾਅਦ ਉਸ ਵਿਅਕਤੀ ਦਾ ਰਿਕਾਰਡ ਲੱਭ ਗਿਆ।

ਮਾਸਟਰ ਜੀ ਨੇ ਸਾਰਾ ਰਿਕਾਰਡ ਤਿਆਰ ਕਰਕੇ ਮੋਹਰ ਲਾ ਕੇ ਉਸ ਵਿਅਕਤੀ ਦੇ ਹੱਥ ਫੜਾ ਦਿੱਤਾ। ਉਸ ਵਿਅਕਤੀ ਨੇ ਮਾਸਟਰ ਜੀ ਨੂੰ ਚਾਹ-ਪਾਣੀ ਪੁੱਛਿਆ ਪਰ ਮਾਸਟਰ ਜੀ ਨੇ ਕੁੱਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਦ੍ਰਿਸ਼ ਦੇਖ ਕੇ ਪਹਿਲੀ ਵਾਰ ਅਧਿਆਪਕਾਂ ਪ੍ਰਤੀ ਮਨ ’ਚ ਸਨਮਾਨ ਦੀ ਭਾਵਨਾ ਪੈਦਾ ਹੋਈ ਅਤੇ ਫੈਸਲਾ ਕੀਤਾ ਕਿ ਜਿੰਦਗੀ ’ਚ ਅਧਿਆਪਕ ਹੀ ਬਣਿਆ ਜਾਵੇ। ਈ.ਟੀ.ਟੀ., ਐਮ.ਏ., ਬੀ.ਐਡ ਕਰਨ ਤੋਂ ਬਾਅਦ ਅਧਿਆਪਕ ਦੀ ਨੌਕਰੀ ਪ੍ਰਾਪਤ ਕਰ ਲਈ। ਅੱਜ ਪੂਰੇ ਵੀਹ ਸਾਲ ਹੋ ਗਏ ਅਧਿਆਪਕ ਦੀ ਨੌਕਰੀ ਕਰਦਿਆਂ ਨੂੰ। ਬਚਪਨ ’ਚ ਜਦੋਂ ਪੜ੍ਹਦੇ ਸੀ ਤੋਂ ਲੈ ਕੇ ਹੁਣ ਤੱਕ ਅਧਿਆਪਕ ਕਿੱਤੇ ’ਚ ਜ਼ਮੀਨ-ਅਸਮਾਨ ਦਾ ਫਰਕ ਆ ਗਿਆ। ਸਮਾਜ ’ਚ ਅਧਿਆਪਕ ਦੀ ਪਹਿਲਾਂ ਵਰਗੀ ਕਦਰ ਨਹੀਂ ਰਹੀ।

ਕੁੱਝ ਕੁ ਅਜਿਹੇ ਵਿਅਕਤੀ ਵੀ ਅਧਿਆਪਕ ਬਣ ਗਏ ਹਨ ਜਿਨ੍ਹਾਂ ਦਾ ਅਧਿਆਪਕ ਕਿੱਤੇ ਨਾਲ ਦੂਰ-ਦੂਰ ਤੱਕ ਵੀ ਕੋਈ ਸੰਬੰਧ ਨਹੀਂ ਹੈ। ਉਹਨਾਂ ਦਾ ਮੁੱਖ ਮਕਸਦ ਸਿਰਫ ਤਨਖਾਹ ਪ੍ਰਾਪਤ ਕਰਨਾ ਹੈ। ਅਜਿਹੇ ਵਿਅਕਤੀਆਂ ਦੀਆਂ ਹਰਕਤਾਂ ਨੇ ਅਧਿਆਪਕ ਵਰਗ ਦੇ ਸਨਮਾਨ ’ਤੇ ਕਰਾਰੀ ਸੱਟ ਮਾਰੀ ਹੈ। ਉਨ੍ਹਾਂ ਕਰਕੇ ਹੀ ਅੱਜ ਹਰੇਕ ਵਿਅਕਤੀ ਅਧਿਆਪਕ ਨੂੰ ਚੋਰ ਨਜ਼ਰ ਨਾਲ ਦੇਖਦਾ ਹੈ। ਅਧਿਆਪਕਾਂ ਨੂੰ ਵਿਹਲੜ, ਮੁਫਤ ਦੀਆਂ ਤਨਖਾਹਾਂ ਲੈਣ ਵਾਲੇ ਤੇ ਹੋਰ ਅਨੇਕਾਂ ਤਰ੍ਹਾਂ ਦੇ ਵਿਸ਼ੇਸ਼ਣਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਮਾਪੇ ਤਾਂ ਕੀ ਬੱਚੇ ਵੀ ਅਧਿਆਪਕਾਂ ਦੀ ਕਦਰ ਨਹੀਂ ਕਰਦੇ।

ਪਰ ਇਨ੍ਹਾਂ ਸਭ ਉਲਟ ਹਾਲਾਤਾਂ ਦੇ ਬਾਵਜੂਦ ਬਹੁ-ਗਿਣਤੀ ਅਧਿਆਪਕ ਪੂਰੀ ਸਿਦਕ ਦਿਲੀ ਨਾਲ ਕੰਮ ਕਰ ਰਹੇ ਹਨ। ਸਰਕਾਰ ਤੇ ਆਮ ਲੋਕ ਜ਼ਮੀਨੀ ਹਕੀਕਤਾਂ ਨੂੰ ਨਹੀਂ ਜਾਣਦੇ ਕਿ ਅੱਜ ਦਾ ਅਧਿਆਪਕ ਵਰਗ ਕਿਸ ਤਰ੍ਹਾਂ ਦੇ ਹਾਲਾਤਾਂ ਵਿਚ ਕੰਮ ਕਰ ਰਿਹਾ ਹੈ। ਸਮਾਜ ਨੂੰ ਸੋਸ਼ਲ ਮੀਡੀਆ ਦੁਆਰਾ ਜੋ ਦਿਖਾਇਆ ਜਾਂਦਾ ਹੈ ਉਹ ਸਿਰਫ ਉਸਤੇ ਯਕੀਨ ਕਰ ਲੈਂਦਾ ਹੈ। ਸਮਾਜ ਨੂੰ ਲੱਗਦਾ ਹੈ ਕਿ ਅਧਿਆਪਕ ਵਰਗ ਵਿਹਲਾ ਰਹਿਣ ਦਾ ਆਦੀ ਹੈ ਪ੍ਰੰਤੂ ਸਕੂਲਾਂ ’ਚ ਹਾਲਾਤ ਬਿਲਕੁਲ ਉਲਟ ਹਨ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਕੋਲ ਜੋ ਬੱਚੇ ਪੜ੍ਹਦੇ ਹਨ ਉਨ੍ਹਾਂ ਵਿਚੋਂ ਬਹੁ-ਗਿਣਤੀ ਬੱਚੇ ਗਰੀਬ ਪਰਿਵਾਰਾਂ ’ਚੋਂ ਆਉਂਦੇ ਹਨ।

ਅਜਿਹੇ ਬੱਚੇ ਸਵੇਰ ਵੇਲੇ ਭੁੱਖੇ ਢਿੱਡ ਆਉਂਦੇ ਹਨ, ਕਈਆਂ ਦੇ ਘਰਾਂ ਦੇ ਹਾਲਾਤ ਬੇਹੱਦ ਖਰਾਬ ਹੁੰਦੇ ਹਨ, ਬਹੁਤੇ ਬੱਚਿਆਂ ਦੇ ਘਰਾਂ ’ਚ ਕਲੇਸ਼ ਰਹਿੰਦਾ ਹੈ, ਕਿਸੇ ਬੱਚੇ ਦੀ ਮਾਂ ਨਹੀਂ ਹੁੰਦੀ, ਕਿਸੇ ਦਾ ਬਾਪ ਨਹੀਂ ਹੁੰਦਾ, ਕਿਸੇ ਦੇ ਮਾਂ-ਬਾਪ ਅਲੱਗ ਰਹਿ ਰਹੇ ਹੁੰਦੇ ਹਨ। ਜਿਆਦਾਤਰ ਬੱਚੇ ਇਸ ਤਰ੍ਹਾਂ ਦੇ ਹਾਲਾਤਾਂ ਵਿਚੋਂ ਸਰਕਾਰੀ ਸਕੂਲਾਂ ’ਚ ਪੜ੍ਹਨ ਆਉਂਦੇ ਹਨ। ਅਧਿਆਪਕਾਂ ਲਈ ਇਨ੍ਹਾਂ ਸਾਰੇ ਬੱਚਿਆਂ ਨੂੰ ਸੰਭਾਲਣਾ ਬਹੁਤ ਔਖਾ ਹੁੰਦਾ ਹੈ।

ਸਰਕਾਰ ਤਾਂ ਸਿਰਫ ਕੁੱਝ ਜਾਤੀ ਵਿਸ਼ੇਸ਼ ਦੇ ਬੱਚਿਆਂ ਨੂੰ ਸਹੂਲਤਾਂ ਦੇ ਕੇ ਆਪਣਾ ਫਰਜ਼ ਪੂਰਾ ਸਮਝ ਲੈਂਦੀ ਹੈ। ਪ੍ਰੰਤੂ ਉਸ ਤੋਂ ਬਾਅਦ ਪ੍ਰੈਕਟੀਕਲ ਤੌਰ ’ਤੇ ਅਧਿਆਪਕਾਂ ਨੂੰ ਜੋ ਸਾਹਮਣਾ ਕਰਨਾ ਪੈਂਦਾ ਹੈ ਉਸ ਮੰਜਰ ਨੂੰ ਦੇਖ ਕੇ ਕੰਬਣੀ ਛਿੜਦੀ ਹੈ। ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਬਹੁਤੇ ਬੱਚਿਆਂ ਨੂੰ ਵਰਦੀਆਂ ਦਾ ਪ੍ਰਬੰਧ ਕਰਨਾ ਮੁਸ਼ਕਲ ਹੁੰਦਾ ਹੈ, ਅਜਿਹੇ ਵਿਦਿਆਰਥੀ ਬੋਰਡਾਂ ਦੀਆਂ ਫੀਸਾਂ ਦਾ ਪ੍ਰਬੰਧ ਬੜੀ ਮੁਸ਼ਕਲ ਨਾਲ ਕਰਦੇ ਹਨ। ਇਨ੍ਹਾਂ ਹਾਲਤਾਂ ਵਿਚ ਅੱਜ ਵੀ ਅਨੇਕਾਂ ਇਹੋ ਜਿਹੇ ਅਧਿਆਪਕ ਹਨ ਜਿਹੜੇ ਗਰੀਬ ਬੱਚਿਆਂ ਦੀਆਂ ਫੀਸਾਂ ਆਪਣੀਆਂ ਜੇਬ੍ਹਾਂ ’ਚੋਂ ਭਰਦੇ ਹਨ, ਉਨ੍ਹਾਂ ਨੂੰ ਕਿਤਾਬਾਂ ਅਤੇ ਵਰਦੀਆਂ ਲੈ ਕੇ ਦਿੰਦੇ ਹਨ, ਗਰਮੀਆਂ ’ਚ ਬੱਚਿਆਂ ਦੇ ਪੀਣ ਲਈ ਠੰਢੇ ਪਾਣੀ ਦਾ ਪ੍ਰਬੰਧ ਕਰਦੇ ਹਨ।

ਇਸ ਤੋਂ ਇਲਾਵਾ ਅੱਜ ਵੀ ਕੋਈ ਆਪਣਾ ਪੰਜਾਹ ਸਾਲ ਪੁਰਾਣਾ ਰਿਕਾਰਡ ਕਿਉਂ ਨਾ ਲੈਣ ਆ ਜਾਵੇ ਤਾਂ ਸਾਰੇ ਕੰਮ ਵਿਚਾਲੇ ਛੱਡ ਕੇ ਪਹਿਲਾਂ ਉਸਦਾ ਕੰਮ ਕਰਦੇ ਹਨ, ਆਮ ਲੋਕਾਂ ਦੀਆਂ ਫੋਟੋ ਕਾਪੀਆਂ ਅਟੈਸਟ ਕਰਨ, ਬਜੁਰਗ ਔਰਤਾਂ ਦੇ ਪੈਨਸ਼ਨ ਲਈ ਫਾਰਮ ਅਟੈਸਟ ਕਰਨਾ, ਬਿਜਲੀ ਦੇ ਬਿੱਲ ਮੁਆਫ ਕਰਨ ਸਬੰਧੀ ਦਰਖਾਸਤਾਂ ਅਟੈਸਟ ਕਰਨਾ, ਫੌਜ/ਪੁਲਿਸ ’ਚ ਭਰਤੀ ਹੋਣ ਦੇ ਚਾਹਵਾਨ ਮੁੰਡਿਆਂ ਦੀਆਂ ਇਕੱਠੀਆਂ 50-50 ਫੋਟੋ ਕਾਪੀਆਂ ਅਟੈਸਟ ਕਰਨਾ ਇਹ ਸਰਕਾਰੀ ਸਕੂਲਾਂ ’ਚ ਕੰਮ ਕਰਦੇ ਅਧਿਆਪਕ ਵਰਗ ਦੇ ਰੋਜ਼ਾਨਾਂ ਦੇ ਕੰਮ ਹਨ ਜੋ ਉਹ ਮੁਫਤ ਕਰਦਾ ਹੈ।

ਜੇਕਰ ਇਹ ਕੰਮ ਕਿਸੇ ਹੋਰ ਦਫਤਰ ’ਚੋਂ ਕਰਵਾਉਣਾ ਹੋਵੇ ਤਾਂ ਪਹਿਲੀ ਗੱਲ ਕਲਰਕ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੇ, ਜੇਕਰ ਗੱਲ ਕਰਨ ਲਈ ਤਿਆਰ ਵੀ ਹੋ ਜਾਣ ਤਾਂ ਫਿਰ ਮੁਫਤ ’ਚ ਕੰਮ ਨਹੀਂ ਹੋਵੇਗਾ। ਪ੍ਰੰਤੂ ਸਿਰਫ ਅਧਿਆਪਕ ਹੀ ਹਨ ਜੋ ਇਹ ਸਾਰੇ ਕੰਮ ਕਰਨ ਮੌਕੇ ਮੱਥੇ ਵੱਟ ਤੱਕ ਨਹੀਂ ਪਾਉਂਦੇ। ਅਫ਼ਵਾਹਾਂ ਕਾਰਨ ਸਮਾਜ ਭਾਵੇਂ ਅਧਿਆਪਕਾਂ ਪ੍ਰਤੀ ਕਿਹੋ-ਜਿਹੀ ਭਾਵਨਾ ਰੱਖੇ ਪਰ ਇਹ ਅਧਿਆਪਕ ਹੀ ਹੈ ਜੋ ਸਾਰੇ ਬੱਚਿਆਂ ਨੂੰ ਇੱਕ ਸਮਾਨ ਅੱਖ ਨਾਲ ਦੇਖਦਾ ਹੈ ਅਤੇ ਸਭਨਾਂ ਦੀ ਭਲਾਈ ਚਾਹੁੰਦਾ ਹੈ। ਇਸ ਲਈ ਮੈਨੂੰ ਮਾਣ ਹੈ ਕਿ ‘ਮੈਂ ਇੱਕ ਅਧਿਆਪਕ ਹਾਂ’।
ਮੌੜ ਮੰਡੀ, ਬਠਿੰਡਾ ਮੋ. 98762-63261
ਮਾਸਟਰ ਭਾਰਤ ਭੂਸ਼ਣ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.