ਹਿਮਾਚਲ ’ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਨਾਲ ਵੱਡਾ ਹਾਦਸਾ

Heavy Rain

ਸ਼ਿਮਲਾ। ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਪੈ ਰਿਹਾ ਮੋਹਲੇਧਾਰ ਮੀਂਹ (Heavy Rain) ਲੋਕਾਂ ਲਈ ਆਫ਼ਤ ਬਣ ਕੇ ਆਇਆ ਹੈ। ਲਗਾਤਾਰ ਮੀਂਹ ਨਾਲ ਜਗ੍ਹਾ-ਜਗ੍ਹਾ ਤੋਂ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ’ਚ ਜਾਨ-ਮਾਲ ਦਾ ਨੁਕਸਾਨ ਵੀ ਹੋਇਆ ਹੈ। ਬਹੁਤ ਸਾਰੀਆਂ ਸੜਕਾਂ ਗਰਕਣ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ।

ਲਗਾਤਾਰ ਪੈ ਰਹੇ ਭਾਰੀ ਮੀਂਹ ਨਾਲ ਹਿਮਾਚਲ ਪ੍ਰਦੇਸ਼ ’ਚ ਨਦੀਆਂ ਨਾਲਿਆਂ ’ਚ ਉਛਾਲ ਆ ਗਿਆ ਹੈ। ਚੰਡੀਗੜ੍ਹ-ਮਨਾਲੀ ਮਾਰਗ ’ਤੇ ਮੰਡੀ ਜ਼ਿਲ੍ਹੈ ਦੇ ਸੱਤ ਮੀਲ ’ਚ ਬੱਦਲ ਫਟਣ ਨਾਲ ਕਈ ਗੱਡੀਆਂ ਰੁੜ੍ਹ ਗਈਆ। ਮਾਰਗ ਬੰਦ ਹੋਣ ਨਾਲ ਇੱਥੇ ਕਈ ਵਾਹਨ ਦੋ ਦਿਨਾਂ ਤੋਂ ਖੜ੍ਹੇ ਸਨ।

ਉੱਥੇ ਹੀ ਸ਼ਿਮਲਾ ’ਚ ਵੀ ਭਾਰੀ ਮੀਂਹ ਨਾਲ ਵੱਡੇ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਸਮਰਹਿੱਲ ਇਲਾਕੇ ’ਚ ਸ਼ਿਵ ਮੰਦਰ ਦੇ ਹੇਠਾਂ 25 ਤੋਂ 30 ਲੋਕਾਂ ਦੇ ਦਬੇ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਤੇ ਫਾਇਰ ਬਿ੍ਰਗੇਡ ਦੀ ਟੀਮ ਮੌਕੇ ’ਤੇ ਮੌਜ਼ੂਦ ਹੈ ਅਤੇ ਲੋਕਾਂ ਨੂੰ ਬਚਾਉਣ ਦਾ ਕੰਮ ਜੰਗੀ ਪੱਧਰ ’ਤੇ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਲੋਕ ਇੱਥੇ ਪੂਜਾ ਕਰਨ ਆਏ ਸਨ ਅਤੇ ਜ਼ਮੀਨ ਖਿਸਕਣ ਕਾਰਨ ਇਹ ਹਾਦਸਾ ਹੋਇਆ ਹੈ।

ਭਾਖੜਾ ਡੈਮ ਦਾ ਪੱਧਰ ਵਧਿਆ | Heavy Rain

ਹਿਮਾਚਲ ’ਚ ਭਾਰੀ ਮੀਂਹ ਨਾਲ ਨਦੀ-ਨਾਲੇ ਉਛਾਲ ’ਤੇ ਹਨ। ਭਾਖੜਾ ਬੰਨ੍ਹ ਦੇ ਚਾਰੇ ਗੇਟ ਐਤਵਾਰ ਸਵੇਰੇ ਖੋਲ੍ਹਣੇ ਪਏ। ਕਰੀਬ 8000 ਕਿਊਸਿਕ ਪਾਣੀ ਛੱਡਿਆ ਗਿਆ ਹੈ। ਪੰਡੋਹ ਡੈਮ ਦੇ ਗੇਟ ਵੀ ਵਾਰ-ਵਾਰ ਖੋਲ੍ਹਣੇ ਪੈ ਰਹੇ ਹਨ। ਬੰਨ੍ਹ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਿਰਫ਼ ਸੱਤ ਫੁੱਟ ਹੇਠਾਂ ਰਹਿ ਗਿਆ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਹਰ ਨੌਜਵਾਨ ਨੂੰ ਤਿਰੰਗੇ ਨਾਲ ਪਿਆਰ ਹੈ: ਸਿਨਹਾ