‘ਤੁਸੀ ਨੋਟ ਕਰ ਲਓ ਮੈਂ ਮਹੀਨੇ ਬਾਅਦ ਆ ਕੇ ਪੁੱਛਾਂਗਾ ਕਿੰਨੀਆਂ ਸਮੱਸਿਆਵਾਂ ਹੱਲ ਹੋਈਆਂ’

Health Manister
ਸਿਵਲ ਹਸਪਤਾਲ ਲੁਧਿਆਣਾ ਵਿਖੇ ਮੀਟਿੰਗ ਕਰਨ ਪਹੁੰਚਦੇ ਹੋਏ ਸਿਹਤ ਮੰਤਰੀ ਬਲਵੀਰ ਸਿੰਘ।

ਹਸਪਤਾਲ ਅੰਦਰ ਮਰੀਜ਼ਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਧਿਆਨ ’ਚ ਲਿਆਏ ਜਾਣ ’ਤੇ ਸਿਹਤ ਮੰਤਰੀ ਪੰਜਾਬ ਨੇ ਕੀਤਾ ਦਾਅਵਾ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਸਿਵਲ ਹਸਪਤਾਲ ’ਚ ਇੱਕ ਪਾਸੇ ਮਰੀਜ਼ਾਂ ਦੇ ਵਾਰਸ ਸਿਹਤ ਮੰਤਰੀ (Health Minister) ਨੂੰ ਮਿਲਣ ਲਈ ਹਾੜੇ ਕੱਢਦੇ ਰਹੇ ਤੇ ਦੂਜੇ ਪਾਸੇ ਕੁੱਝ ਕਦਮਾਂ ਦੀ ਦੂਰੀ ’ਤੇ ਹੀ ਸਿਹਤ ਮੰਤਰੀ ਹਸਪਤਾਲ ਵਿਚਲੀਆਂ ਸਮੱਸਿਆਵਾਂ ਨੂੰ ਮਹੀਨੇ ਦੇ ਅੰਦਰ ਹੀ ਦੂਰ ਕਰਨ ਦੇ ਦਾਅਵੇ ਦਿਖਾਈ ਦਿੱਤੇ। ਨਾ ਮਿਲਣ ਸਕਣ ’ਤੇ ਮੌਜੂਦ ਕੁੱਝ ਲੋਕਾਂ ਨੇ ਸਿਹਤ ਮੰਤਰੀ ਸਮੇਤ ਸਰਕਾਰ ਖਿਲਾਫ਼ ਰੱਜ਼ ਕੇ ਆਪਣਾ ਗੁੱਸਾ ਕੱਢਿਆ। ਸਿਹਤ ਮੰਤਰੀ ਬਲਵੀਰ ਸਿੰਘ ਸਿਵਲ ਹਸਪਤਾਲ ਲੁਧਿਆਣਾ ਵਿਖੇ ਪਿਛਲੇ ਦਿਨੀ ਹੋਈ ਮੌਤ ਦੇ ਮਾਮਲੇ ਵਿੱਚ ਹਸਪਤਾਲ ਅਧਿਕਾਰੀਆਂ ਨਾਲ ਮੀਟਿੰਗ ਕਰਨ ਪੁੱਜੇ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਹਤ ਦੇ ਮਾਮਲੇ ਵਿੱਚ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਜਿਸ ਦੀ ਮਿਸਾਲ ਆਮ ਆਦਮੀ ਕਲੀਨਿਕਾਂ ਤੋਂ ਲਈ ਜਾ ਸਕਦੀ ਹੈ। ਜਿੱਥੇ ਪਹਿਲੇ ਪਹਿਲੇ ਮਰੀਜ਼ਾਂ ਨੂੰ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿੰਨਾਂ ਨੂੰ ਪਹਿਲੇ ਦੇ ਅਧਾਰ ’ਤੇ ਦੂਰ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਦਾ ਅਗਲਾ ਟਾਰਗਟ ਸੈਕੰਡਰੀ ਕੇਅਰ ਹੈ। ਜਿਸ ਦੇ ਵਿੱਚ ਜ਼ਿਲਾ ਹਸਪਤਾਲ, ਕਮਿਊਨਿਟੀ ਹਸਪਤਾਲਾਂ ਨੂੰ ਅੱਪਗ੍ਰੇਡ ਕੀਤੇ ਜਾਣ ਦੇ ਨਾਲ ਹੀ ਉਨਾਂ ਦੀਆਂ ਬਿਲਡਿੰਗਾਂ ਨੂੰ ਵੀ ਠੀਕ ਕਰਵਾਇਆ ਜਾਵੇਗਾ।

ਇਸ ਦੇ ਨਾਲ ਹੀ ਸਾਰੇ ਟੈਸਟ ਅਤੇ ਦਵਾਈਆਂ ਵੀ ਇੰਨਾਂ ਹਸਪਤਾਲਾਂ ਵਿੱਚੋਂ ਹੀ ਮਿਲਿਆ ਕਰਨਗੀਆਂ। ਹਸਪਤਾਲ ਅੰਦਰ ਪੀਣ ਵਾਲੇ ਪਾਣੀ ਤੇ ਸਾਫ਼ ਸਫ਼ਾਈ ਦੀ ਘਾਟ ਤੋਂ ਇਲਾਵਾ ਮਰੀਜ਼ਾਂ ਦੇ ਬੈਠਣ ਦੇ ਪ੍ਰਬੰਧਾਂ ਦੀ ਥੁੜਾਂ ’ਤੇ ਧਿਆਨ ਦਿਵਾਏ ਜਾਣ ’ਤੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਸਮੁੱਚਾ ਮੀਡੀਆ ਰਿਕਾਰਡ ਕਰ ਲਵੇ। ਉਨਾਂ ਵੱਲੋਂ ਧਿਆਨ ’ਚ ਲਿਆਂਦੀਆਂ ਗਈਆਂ ਸਮੱਸਿਆਵਾਂ ਇੱਕ ਮਹੀਨੇ ਦੇ ਵਿੱਚ ਵਿੱਚ ਹੱਲ ਕਰ ਦਿੱਤੀਆਂ ਜਾਣਗੀਆਂ।

Health Manister
ਸਿਹਤ ਮੰਤਰੀ ਦੀ ਆਮਦ ’ਤੇ ਖਾਲੀ ਗਿਲਾਸ ਦਿਖਾ ਕੇ ਪੀਣ ਵਾਲਾ ਪਾਣੀ ਨਾ ਹੋਣ ਦੀ ਪੁਸ਼ਟੀ ਕਰਦਾ ਹੋਇਆ ਵਿਅਕਤੀ।

ਉਨਾਂ ਪਿਛਲੇ ਮਹੀਨੇ ਸਟੈਰਚਰ ਤੋਂ ਡਿੱਗਣ ਕਾਰਨ ਮਰੀਜ਼ ਦੀ ਮੌਤ ਹੋਣ ਨੂੰ ਬੇਹੱਦ ਮਾੜੀ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਸਿਰਫ਼ ਇਸ ਹਸਪਤਾਲ ’ਚ ਹੀ ਨਹੀਂ ਪੰਜਾਬ ਦੇ ਕਿਸੇ ਵੀ ਹਸਪਤਾਲ ’ਚ ਅਜਿਹੀ ਘਟਨਾ ਮੁੜ ਨਾ ਵਾਪਰੇ, ਇਸ ਤਰਾਂ ਦਾ ਸਿਸਟਮ ਤਿਆਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ‘ਉਹ ਇੱਕ ਮਹੀਨੇ ਬਾਅਦ ਮੁੜ ਹਸਪਤਾਲ ਆਉਣਗੇ, ਫਿਰ ਪੁੱਛਾਂਗੇ ਕਿੰਨੀਆਂ ਸੌਲਵ ਹੋਈਆਂ।’

ਵਾਰਸਾਂ ਨੂੰ ਆ ਰਹੀਆਂ ਦਿੱਕਤਾਂ

ਦੂਜੇ ਪਾਸੇ ਕੁੱਝ ਕਦਮਾਂ ਦੀ ਦੂਰੀ ’ਤੇ ਹੀ ਕੁੱਝ ਲੋਕ ਸਿਹਤ ਮੰਤਰੀ ਨੂੰ ਮਿਲਣ ਲਈ ਸੁਰੱਖਿਆ ਕਰਮਚਾਰੀਆਂ ਦੇ ਹਾੜੇ ਕੱਢਦੇ ਵੀ ਦਿਖਾਈ ਦਿੱਤੇ। ਲੋਕਾਂ ਦਾ ਕਹਿਣਾ ਸੀ ਕਿ ਉਹ ਹਸਪਤਾਲ ਅੰਦਰ ਮਰੀਜ਼ਾਂ ਤੇ ਉਨਾਂ ਦੇ ਵਾਰਸਾਂ ਨੂੰ ਆ ਰਹੀਆਂ ਦਿੱਕਤਾਂ ਸਬੰਧੀ ਸਿਹਤ ਮੰਤਰੀ ਨੂੰ ਮਿਲਣਾ ਚਾਹੰੁਦੇ ਸਨ ਪਰ ਕਿਸੇ ਵੀ ਅਧਿਕਾਰੀ ਨੇ ਉਨਾਂ ਨੂੰ ਸਿਹਤ ਮੰਤਰੀ ਤੱਕ ਨਹੀਂ ਅੱਪੜਨ ਦਿੱਤਾ। ਜਿਸ ਤੋਂ ਗੁੱਸੇ ’ਚ ਆਏ ਅੱਧੀ ਦਰਜ਼ਨ ਦੇ ਕਰੀਬ ਲੋਕਾਂ ਨੇ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਰੱਜ ਰੱਜ ਕੇ ਕੋਸਿਆ।

‘ਹੁਣ ਕੋਈ ਗੱਲ ਵੀ ਸੁਣਨ ਨੂੰ ਤਿਆਰ ਨਹੀਂ’

ਹਸਪਤਾਲ ਅਤੇ ਮਰੀਜ਼ਾਂ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ ਪਹੁੰਚੇ ਸਿਹਤ ਮੰਤਰੀ ਨੂੰ ਹਸਪਤਾਲ ਤੇ ਸੁਰੱਖਿਆ ਕਰਮਚਾਰੀਆਂ ਦੁਆਰਾ ਹਸਪਤਾਲ ਦੇ ਵਿਹੜੇ ’ਚ ਕਿਸੇ ਨੂੰ ਵੀ ਨਹੀਂ ਮਿਲਣ ਦਿੱਤਾ ਗਿਆ। ਜਿਸ ਤੋਂ ਭੜਕੇ ਕੁੱਝ ਲੋਕਾਂ ਨੇ ਮੰਤਰੀ ਅਤੇ ਸਰਕਾਰ ਖਿਲਾਫ਼ ਗੁੱਸੇ ਦਾ ਇਜ਼ਹਾਰ ਕੀਤਾ। ਆਪਣੇ ਹੱਥ ’ਚ ਫੜਿਆ ਗਿਲਾਸ ਦਿਖਾਉਂਦਿਆਂ ਹਰਦੇਵ ਨੇ ਕਿਹਾ ਕਿ ਹਸਪਤਾਲ ’ਚ ਨਾ ਪੀਣ ਵਾਲਾ ਪਾਣੀ ਅਤੇ ਨਾ ਹੀ ਕਿਧਰੇ ਸਾਫ਼ ਸਫ਼ਾਈ ਹੈ।

ਇੱਥੋਂ ਤੱਕ ਕਿ ਬਿਲਡਿੰਗ ਤੋਂ ਬਾਹਰ ਬੈਠਣ ਵਾਸਤੇ ਬੈਂਚ ਆਦਿ ਵੀ ਨਹੀਂ ਹਨ। ਉਨਾਂ ਕਿਹਾ ਕਿ ਗੰਦਗੀ ਦੇ ਭਰੇ ਲਿਫਾਫੇ ਕਈ ਕਈ ਦਿਨ ਥਾਏਂ ਹੀ ਪਏ ਰਹਿੰਦੇ ਹਨ। ਕੋਈ ਧਿਆਨ ਨਹੀਂ ਦਿੰਦਾ। ਜਦ ਵੋਟਾਂ ਮੰਗਣੀਆਂ ਹੁੰਦੀਆਂ ਹਨ ਤਾਂ ਇਹੀ ਲੋਕ ਹੱਥ ਜੋੜਦੇ ਤੇ ਪੈਰੀ ਹੱਥ ਲਗਾਉਂਦੇ ਹਨ, ਹੁਣ ਜਦ ਉਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਨ ਦਾ ਸਮਾਂ ਹੈ ਤਾਂ ਕੋਈ ਉਨਾਂ ਦੀ ਗੱਲ ਤੱਕ ਵੀ ਸੁਣਨ ਨੂੰ ਤਿਆਰ ਨਹੀਂ।

‘ਦਰਜ਼ਾ ਕੋਈ ਵੀ ਹੋਵੇ, ਸਖ਼ਤ ਕਾਰਵਾਈ ਕਰਾਂਗੇ’

ਸਿਹਤ ਮੰਤਰੀ ਬਲਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਹਸਪਤਾਲ ਅੰਦਰ ਸਟੈਰਚਰ ਤੋਂ ਡਿੱਗ ਕੇ ਮਰੀਜ਼ ਦੀ ਮੌਤ ਹੋਣ ਦੇ ਮਾਮਲੇ ਵਿੱਚ ਉਸ ਸਮੇਂ ਡਿਊਟੀ ’ਤੇ ਤਾਇਨਾਤ 11 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਉਨਾਂ ਕਿਹਾ ਕਿ ਇਹ ਮੁਲਾਜ਼ਮ ਭਾਵੇਂ ਕਿਸੇ ਵੀ ਦਰਜ਼ੇ ਦਾ ਹੋਵੇ ਉਸ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਉਨਾਂ ਨੂੰ ਆਪਣੀ ਸਫ਼ਾਈ ਰੱਖਣ ਦਾ ਵੀ ਮੌਕਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸਿਹਤ ਸੰਸਥਾਵਾਂ ’ਚ ਕੁਤਾਹੀ ’ਤੇ ਪੰਜਾਬ ਸਰਕਾਰ ਸਖ਼ਤ ਹੈ, ਕਿਸੇ ਨੂੰ ਵੀ ਬਖਸਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਗੈਂਗਸਟਰ ਸੋਨੂੰ ਖੱਤਰੀ ਦੇ ਤਿੰਨ ਸ਼ੂਟਰ ਹਥਿਆਰਾਂ ਸਮੇਤ ਗ੍ਰ੍ਰਿਫ਼ਤਾਰ