ਧੱਕੇ ਨਾਲ ‘ਬਿੱਗ ਬਰਦਰ’ ਬਣਨ ਦੀ ਕੋਸ਼ਿਸ ਨਾ ਕਰੇ ਪੰਜਾਬ, ਸਨਮਾਨ ਨਾਲ ਵੱਡਾ ਭਰਾ ਬਣਿਆ ਰਹੇ : ਹੁੱਡਾ

Haryana-Vidhan-Sabha-winter-session

ਹੁੱਡਾ ਨੇ ਵਿਖਾਈਆਂ ਪੰਜਾਬ ਨੂੰ ਅੱਖਾਂ, ਹਰਿਆਣਾ ਦੇ ਹਿੱਤਾਂ ’ਤੇ ਨਹੀਂ ਸਹਿਣ ਕਰਾਂਗੇ ਜ਼ੋਰ ਜ਼ਬਰਦਸਤੀ

  • ਵਿਧਾਨ ਸਭਾ ’ਚ ਸਰਕਾਰ ਦੇ ਮਤੇ ’ਤੇ ਬੋਲੇ ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਹਰਿਆਣਾ ਦਾ ਧੱਕੇ ਨਾਲ ਬਿੱਗ ਬਰਦਰ ਬਣਨ ਦੀ ਕੋਸ਼ਿਸ਼ ਨਾ ਕਰੇ, ਸਨਮਾਨਜਨਕ ਤਰੀਕੇ ਨਾਲ ਵੱਡਾ ਭਰਾ ਬਣਿਆ ਰਹੇ ਤਾਂ ਠੀਕ ਰਹੇਗਾ ਨਹੀਂ ਤਾਂ ਕਾਰਵਾਈ ਕਰਨੀ ਤਾਂ ਹਰਿਆਣਾ ਨੂੰ ਵੀ ਆਉਂਦੀ ਹੈ। ਹਰਿਆਣਾ ਦੇ ਲੋਕਾਂ ਦੇ ਹਿੱਤਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਵੇਗਾ। ਪੰਜਾਬ ਸਰਕਾਰ ਵਿਧਾਨ ਸਭਾ ’ਚ ਗਲਤ ਮਤਾ ਪਾਸ ਕਰਦਿਆਂ ਦੋਵਾਂ ਸੂਬਿਆਂ ਦੇ ਭਾਈਚਾਰੇ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ’ਚ ਲੱਗੀ ਹੋਈ ਹੈ। ਇਹ ਚਿਤਾਵਨੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਵਿਧਾਨ ਸਭਾ (Haryana Vidhan Sabha) ’ਚ ਪੇਸ਼ ਕੀਤੇ ਗਏ ਮਤੇ ’ਤੇ ਬੋਲਦਿਆਂ ਪੰਜਾਬ ਨੂੰ ਦਿੱਤੀ ਹੈ।

ਚੰਡੀਗੜ੍ਹ ਹਰਿਆਣਾ ਦਾ ਸੀ ਹੈ ਤੇ ਰਹੇਗਾ : ਹੁੱਡਾ

ਭੁਪਿੰਦਰ ਹੁੱਡਾ ਨੇ ਕਿਹਾ ਕਿ ਵੱਡੇ ਭਰਾ ਦੀ ਪਰਿਭਾਸ਼ਾ ਕਈ ਤਰ੍ਹਾਂ ਦੀ ਹੁੰਦੀ ਹੈ। ਇੱਕ ਵੱਡਾ ਭਰਾ ਸਨਮਾਨਜਨਕ ਤਰੀਕੇ ਨਾਲ ਛੋਟੇ ਭਰਾ ਦਾ ਸਾਥ ਲੈ ਕੇ ਚੱਲਦਾ ਹੈ ਤਾਂ ਦੂਜਾ ਅੱਖਾਂ ਦਿਖਾਉਣ ਦਾ ਕੰਮ ਕਰਦਾ ਹੈ। ਇਸ ਲਈ ਪੰਜਾਬ ਬਿੱਗ ਬਰਦਰ ਬਣਨ ਦੀ ਕੋਸ਼ਿਸ ਨਾ ਕਰੇ ਉਨਾਂ ਬਿੱਗ ਬਰਦਰ ਨਹੀਂ ਮੰਨਿਆ ਜਾਵੇਗਾ। ਭੁਪਿੰਦਰ ਹੁੱਡਾ ਨੇ ਕਿਹਾ ਕਿ ਚੰਡੀਗੜ ਸਬੰਧੀ ਤਾਂ ਕਿਸੇ ਵੀ ਤਰ੍ਹਾਂ ਦਾ ਵਿਵਾਦ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਇਹ ਹਰਿਆਣਾ ਦਾ ਸੀ ਤੇ ਹਰਿਆਣਾ ਦਾ ਹੀ ਰਹੇਗਾ। ਜਿੱਥੋਂ ਤੱਕ ਗੱਲ ਰਹੀ ਪਾਣੀ ਦਾ ਤਾਂ ਹਰਿਆਣਾ ਦੇ ਹਿੱਸੇ ਦਾ ਪਾਣੀ ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਰੋਕਦਾ ਆ ਰਿਹਾ ਹੈ, ਜਦੋਂਕਿ ਉੱਚ ਅਦਾਲਤਾਂ ’ਚ ਹਰਿਆਣਾ ਦੇ ਪੱਖ ’ਚ ਫੈਸਲਾ ਤੱਕ ਆ ਚੁੱਕਿਆ ਹੈ।

1965 ’ਚ ਜਦੋਂ ਰਾਵੀ ਬਿਆਸ ਦੇ ਪਾਣੀ ਸਬੰਧੀ ਕਮੇਟੀ ਬਣਾਈ ਗਈ ਸੀ ਤਾਂ ਹਰਿਆਣਾ ਦੇ ਪੱਖ ’ਚ ਫੈਸਲਾ ਕੀਤਾ ਗਿਆ ਸੀ ਤੇ ਹਰਿਆਣਾ ਨੂੰ ਜ਼ਿਆਦਾ ਪਾਣੀ ਦਿੱਤਾ ਗਿਆ ਸੀ, ਪਰੰਤੂ ਉਨਾਂ ਫੈਸਲਿਆਂ ਦੇ ਅਨੁਸਾਰ ਅੱਜ ਵੀ ਹਰਿਆਣਾ ਨੂੰ ਉਸਦੇ ਹਿੱਸੇ ਦਾ ਪਾਣੀ ਨਹੀਂ ਦਿੱਤਾ ਜਾ ਰਿਹਾ ਹੈ। ਭੁੁਪਿੰਦਰ ਹੁੱਡਾ ਨੇ ਕਿਹਾ ਕਿ ਅਜਿਹਾ ਹੀ ਹਾਂਸੀ-ਬੁਟਾਨਾ ਨਹਿਰ ’ਚ ਪੰਜਾਬ ਪਾਣੀ ਛੱਡਣ ਨਹੀਂ ਦੇ ਰਿਹਾ ਹੈ, ਉਹ ਬਿੱਗ ਬਰਦਰ ਵਰਗਾ ਵਿਹਾਰ ਕਰ ਰਿਹਾ ਹੈ, ਜੋ ਕਿ ਬਰਦਾਸ਼ਤ ਕਰਨ ਯੋਗ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ