ਸਰਕਾਰਾਂ ਨੂੰ ਪਰਖੇਗਾ ਗੁੱਜਰ ਅੰਦੋਲਨ

Gujjar,  Agitation, Governments

ਰਾਜਸਥਾਨ ‘ਚ ਰਾਖਵਾਂਕਰਨ ਲਈ ਗੁੱਜਰ ਭਾਈਚਾਰੇ ਦਾ ਅੰਦੋਲਨ ਇੱਕ ਵਾਰ ਫਿਰ ਕੇਂਦਰ ਤੇ ਸੂਬਾ ਸਰਕਾਰ ਲਈ ਸਿਰਦਰਦੀ ਬਣ ਗਿਆ ਹੈ ਗੁੱਜਰ ਨੌਕਰੀਆਂ ‘ਚ 5 ਫੀਸਦੀ ਰਾਖਵਾਂਕਰਨ ਦੀ ਮੰਗ ਕਰ ਰਹੇ ਹਨ ਆਪਣੇ ਪਿਛਲੇ ਹਿੰਸਕ ਅੰਦੋਲਨ ਲਈ ਜਾਣੇ ਜਾਂਦੇ ਗੁੱਜਰਾਂ ਬਾਰੇ ਇਸ ਵਾਰ ਵੀ ਇਹੀ ਅੰਦਾਜ਼ਾ ਸੀ ਕਿ ਉਹ ਸੜਕਾਂ ਜਾਮ ਕਰਕੇ ਕਾਨੂੰਨ ਪ੍ਰਬੰਧ ਚੌਪਟ ਕਰ ਦੇਣਗੇ ਜੋ ਸਰਕਾਰ ਲਈ ਚੁਣੌਤੀ ਬਣੇਗਾ ਇਸ ਤੋਂ ਪਹਿਲਾਂ ਵਸੁੰਧਰਾ ਰਾਜੇ ਸਰਕਾਰ ਨੇ ਗੁੱਜਰਾਂ ਨੂੰ 5 ਫੀਸਦੀ ਰਾਖਵਾਂਕਰਨ ਦੇ ਕੇ ਮਾਮਲੇ ਦਾ ਵਕਤੀ ਹੱਲ ਕੱਢ ਲਿਆ ਸੀ ਪਰ ਪੇਚ ਅਦਾਲਤ ‘ਚ ਜਾ ਕੇ ਫਸ ਗਿਆ ਹੁਣ ਗੇਂਦ ਕੇਂਦਰ ਸਰਕਾਰ ਦੇ ਪਾਲੇ ‘ਚ ਹੈ ਤੇ ਇਹ ਘੜੀ ਕੇਂਦਰ ਸਰਕਾਰ ਦੇ ਵਿਵੇਕ ਦੀ ਪਰਖ ਕਰੇਗੀ ਗੁੱਜਰਾਂ ਦਾ ਤਰਕ ਇਸ ਕਰਕੇ ਮਜ਼ਬੂਤ ਹੈ ਕਿ ਕੇਂਦਰ ਉੱਚ ਵਰਗਾਂ ਦੇ ਪੱਛੜਿਆਂ ਨੂੰ ਦਸ ਫੀਸਦੀ ਰਾਖਵਾਂਕਰਨ ਸੰਸੋਧਨ ਬਿੱਲ ਪਾਸ ਕਰ ਚੁੱਕਾ ਹੈ ਜਿਸ ‘ਤੇ ਸੁਪਰੀਮ ਕੋਰਟ ਦਾ 50 ਫੀਸਦ ਤੋਂ ਵੱਧ ਰਾਖਵਾਂਕਰਨ ਨਾ ਦੇਣ ਦੀ ਰੂਲਿੰਗ ਵੀ ਲਾਗੂ ਨਹੀਂ ਹੁੰਦੀ ਅਜਿਹੇ ਹਾਲਾਤਾਂ ‘ਚ ਗੁੱਜਰਾਂ ਨੂੰ ਨਾਂਹ ਕਰਨ ਲਈ ਕੇਂਦਰ ਕੋਲ ਕੋਈ ਅਸਾਨ ਤਰਕ ਤੇ ਜਵਾਬ ਨਹੀਂ ਹੈ ਦੂਜੇ ਪਾਸੇ ਸੂਬੇ ਦੀ ਕਾਂਗਰਸ ਸਰਕਾਰ ਨੇ ਗੁੱਜਰਾਂ ਦਾ ਸਾਥ ਦੇਣ ਦੀ ਗੱਲ ਕਹਿ ਕੇ ਅੱੈਨਡੀਏ ਸਰਕਾਰ ਲਈ ਸਿਆਸੀ ਚੁਣੌਤੀ ਵੀ ਪੈਦਾ ਕਰ ਦਿੱਤੀ ਹੈ ਇਸ ਵਾਰ ਮਾਮਲੇ ਨੂੰ ਕਿਸੇ ਸਿਆਸੀ ਪੈਂਤਰੇ ਨਾਲ ਸੁਲਝਾਉਣ ਦੀ ਬਜਾਇ ਕਾਨੂੰਨੀ ਪੇਚਾਂ ਦੀ ਜ਼ਰੂਰਤ ਹੈ ।

ਕੇਂਦਰ ਸਰਕਾਰ ਨੂੰ ਰਾਖਵਾਂਕਰਨ ਸਬੰਧੀ ਸਪੱਸ਼ਟ ਤੇ ਠੋਸ ਨੀਤੀ ਅਪਣਾਉਣੀ ਪਵੇਗੀ ਇਹ ਗੱਲ ਚੱਲਣੀ ਬੜੀ ਮੁਸ਼ਕਲ ਹੈ ਕਿ ਜਿਸ ਨੇ ਜਿੰਨਾ ਰਾਖਵਾਂਕਰਨ ਮੰਗਿਆ ਉਸ ਨੂੰ ਦੇ ਦਿਓ ਜੇਕਰ ਗੁੱਜਰਾਂ ਨੂੰ 5 ਫੀਸਦੀ ਰਾਖਵਾਂਕਰਨ ਮਿਲਿਆ ਤਾਂ ਹੋਰ ਵੀ ਕਈ ਵਰਗ ਤਿਆਰ ਹੋ ਜਾਣਗੇ ਕੇਂਦਰ ‘ਚ ਸੱਤਾਧਾਰੀ ਭਾਜਪਾ ਲਈ ਵੱਡੀ ਮੁਸ਼ਕਲ ਇਸ ਕਰਕੇ ਵੀ ਹੈ ਕਿ ਗੁੱਜਰਾਂ ਨੂੰ 5 ਫੀਸਦੀ ਰਾਖਵਾਂਕਰਨ ਪਹਿਲਾਂ ਸੂਬੇ ਦੀ ਭਾਜਪਾ ਸਰਕਾਰ ਨੇ ਹੀ ਦਿੱਤਾ ਸੀ ਗੁੱਜਰ ਭਾਈਚਾਰੇ ਦਾ ਰਾਜਸਥਾਨ ‘ਚ ਵੱਡਾ ਵੋਟ ਬੈਂਕ ਹੈ ਜਿਸ ਦੀ ਮੰਗ ਨੂੰ ਨਕਾਰ ਕਰਕੇ ਸਿਆਸੀ ਤੌਰ ‘ਤੇ ਕੋਈ ਵੀ ਪਾਰਟੀ ਵੱਡਾ ਨੁਕਸਾਨ ਨਹੀਂ ਉਠਾਉਣਾ ਚਾਹੇਗੀ ਦੂਜੇ ਪਾਸੇ ਗੁੱਜਰ ਦੇ ਅੰਦੋਲਨ ਦੀ ਤਿੱਖੀ ਪ੍ਰਵਿਰਤੀ ਕਾਰਨ ਸਰਕਾਰ ਕਾਨੂੰਨ ਪ੍ਰਬੰਧ ਨੂੰ ਵੀ ਦਾਅ ‘ਤੇ ਨਹੀਂ ਲਾ ਸਕਦੀ ਸੋ ਕੇਂਦਰ ਤੇ ਸੂਬਾ ਸਰਕਾਰ ਲਈ ਬਿਹਤਰ ਇਹੀ ਹੈ ਕਿ ਸੂਬੇ ਦੀ ਭਲਾਈ ਲਈ ਸਿਆਸੀ ਪੈਂਤਰੇ ਖੇਡਣ ਦੀ ਬਜਾਇ ਵਿਵੇਕ ਦਾ ਸਬੂਤ ਦੇ ਕੇ ਅਮਨ-ਅਮਾਨ ਕਾਇਮ ਰੱਖਿਆ ਜਾਵੇ ਗੁੱਜਰ ਭਾਈਚਾਰੇ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਉਹ ਸਿਆਸੀ ਪਾਰਟੀਆਂ ਦੀਆਂ ਜਾਤੀ ਵੋਟ ਬੈਂਕ ਦੀਆਂ ਨੀਤੀਆਂ ਦੇ ਝਾਂਸੇ ‘ਚ ਨਾ ਆ ਕੇ ਮਸਲੇ ਨੂੰ ਜ਼ਿੰਮੇਵਾਰੀ ਨਾਲ ਨਿਪਟਾਉਣ ਉਂਜ ਵੀ ਸਰਕਾਰੀ ਨੌਕਰੀਆਂ ਵਧ ਰਹੀ ਅਬਾਦੀ ਦੇ ਮੁਤਾਬਕ ਬਹੁਤ ਘੱਟ ਹਨ ਤੇ ਨੌਜਵਾਨਾਂ ਨੇ ਆਪਣੀ ਲਿਆਕਤ ਨਾਲ ਬਿਨਾ ਨੌਕਰੀਆਂ ਤੋਂ ਵੀ ਰੁਜ਼ਗਾਰ ਦੇ ਖੇਤਰ ‘ਚ ਨਵੀਆਂ ਮਿਸਾਲਾਂ ਪੈਦਾ ਕੀਤੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।