ਜੀਐਸਟੀ : ਦੇਸ਼ ਭਰ ‘ਚ ਭਾਰੀ ਵਿਰੋਧ

GST, Resistance, Across, Country

ਨਵੀਂ ਦਿੱਲੀ: ਜੀਐਸਟੀ ਦਾ ਦੇਸ਼ ਭਰ ‘ਚ ਜਬਰਦਸਤ ਵਿਰੋਧ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਆਮ ਲੋਕਾਂ ‘ਤੇ ਵੱਡੀ ਮਾਰ ਪਵੇਗੀ ਤੇ ਸਰਕਾਰ ਨੂੰ ਇਹ ਟੈਕਸ ਕਾਨੂੰਨ ‘ਚ ਸੋਧ ਕਰਨੀ ਚਾਹੀਦੀ ਹੈ। ਅੱਜ ਉਤਰ ਪ੍ਰਦੇਸ਼ ‘ਚ ਜੀ.ਐਸ.ਟੀ. ਦੇ ਵਿਰੋਧ ‘ਚ ਵਪਾਰੀਆਂ ਨੇ ਕਾਨਪੁਰ ‘ਚ ਝਾਂਸੀ ਐਕਸਪ੍ਰੈਸ ਟਰੇਨ ਨੂੰ ਰੋਕ ਦਿੱਤਾ ਹੈ ਤੇ ਸਰਕਾਰ ਖ਼ਿਲਾਫ਼ ਡਟ ਕੇ ਨਾਅਰੇਬਾਜ਼ੀ ਕੀਤੀ।

ਜੀਐੱਸਟੀ ਨੂੰ ਵਪਾਰੀਆਂ ਨੇ ਦੱਸਿਆ ਘਾਟੇ ਦਾ ਸੌਦਾ

ਵਪਾਰੀਆਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਮੇਤ ਪੂਰੇ ਭਾਰਤ ਦੇ ਵਪਾਰੀਆਂ ਨੂੰ ਇਸ ਨਾਲ ਵੱਡਾ ਘਾਟਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ‘ਤੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਣਗੇ। ਚੰਡੀਗੜ੍ਹ ਦੇ 22 ਸੈਕਟਰ ‘ਚ ਵੀ ਵਪਾਰੀਆਂ ਤੇ ਦੁਕਾਨਦਾਰਾਂ ਨੇ ਜੀਐਸਟੀ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਮਾਜਿਕ ਕਾਰਕੁਨ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਇਸ ਟੈਕਸ ਨਾਲ ਛੋਟੇ ਵਪਾਰੀਆਂ ਨੂੰ ਬਿਲਕੁਲ ਮਾਰ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਟੈਕਸ ਫੈਡਰਲ ਢਾਂਚੇ ਦੇ ਵੀ ਖ਼ਿਲਾਫ਼ ਹੈ ਤੇ ਇਸ ਦਾ ਰਾਜ ਸਰਕਾਰਾਂ ਨੂੰ ਵੀ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ  ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਡੇ ਕਾਰੋਬਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ।