22 ਕਿੱਲੇ ਕਣਕ ਅੱਗ ਨਾਲ ਸੜ ਕੇ ਸੁਆਹ

Grams, Burn, Fire

ਫਾਇਰ ਬ੍ਰਿਗੇਡ ਕਰਮਚਾਰੀ ਤੇ ਕਿਸਾਨਾਂ ਨੇ ਬੜੀ ਮੁਸ਼ੱਕਤ ਨਾਲ ਪਾਇਆ ਅੱਗ ‘ਤੇ ਕਾਬੂ

ਮੋਗਾ (ਲਖਵੀਰ ਸਿੰਘ) | ਕਿਸਾਨਾਂ ‘ਤੇ ਆਏ ਦਿਨ ਕੋਈ ਨਾ ਕੋਈ ਆਫਤ ਪੈਂਦੀ ਆ ਰਹੀ ਹੈ ਪਹਿਲਾਂ ਕਿਸਾਨਾਂ ਦੀ ਪੱਕੀ ਹੋਈ ਸੋਨੇ ਰੰਗੀਆਂ ਫਸਲਾਂ ‘ਤੇ ਕੁਦਰਤੀ ਆਫਤ ਦਾ ਕਹਿਰ ਵਰ੍ਹਿਆ ਤੇ ਇਸ ਤੋਂ ਬਾਅਦ ਹੁਣ ਥਾਂ-ਥਾਂ ‘ਤੇ ਖੇਤਾਂ ‘ਚ ਖੜ੍ਹੀ ਕਣਕ ਅੱਗ ਦੀ ਭੇਂਟ ਚੜ੍ਹ ਰਹੀ ਹੈ। ਇਸੇ ਤਰ੍ਹਾਂ ਹੀ ਮੋਗਾ-ਕੋਟਕਪੂਰਾ ਰੋਡ ਨੇੜੇ ਮਹਿਮੇ ਵਾਲਾ ਰੋਡ ‘ਤੇ ਅੱਜ ਦੁਪਿਹਰ ਸਮੇਂ ਕਰੀਬ 22 ਕਿੱਲੇ ਕਣਕ ਨੂੰ ਅੱਗ ਲੱਗਣ ਨਾਲ ਕਣਕ ਸੜ ਕੇ ਸੁਆਹ ਹੋ ਗਈ। ਘਟਨਾ ਦਾ ਪਤਾ ਚੱਲਦਿਆਂ ਹੀ ਸੈਂਕੜੇ ਕਿਸਾਨਾਂ ਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪੁੱਜ ਕੇ ਬੜੀ ਮਸ਼ੁੱਕਤ ਨਾਲ ਅੱਗ ‘ਤੇ ਕਾਬੂ ਪਾਇਆ, ਜਿਸ ਨਾਲ ਆਸ-ਪਾਸ ਖੜ੍ਹੀ ਕਣਕ ਦਾ ਅੱਗ ਤੋਂ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਕਿਸਾਨ ਸਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੋਗਾ ਤੇ ਕਿਸਾਨ ਕਰਮਜੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ ਉਨ੍ਹਾਂ ਨੇ 22 ਏਕੜ ਜਮੀਨ ਠੇਕੇ ‘ਤੇ ਲੈਕੇ ਕਣਕ ਕਾਸ਼ਤ ਕੀਤੀ ਸੀ। ਅੱਜ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਖੇਤ ‘ਚ ਕਣਕ ਨੂੰ ਅੱਗ ਲੱਗ ਗਈ ਹੈ ਜਦ ਉਨ੍ਹਾਂ ਨੇ ਮੌਕੇ ‘ਤੇ ਜਾ ਕੇ ਦੇਖਿਆ ਕਿ ਕਣਕ ਦੇ ਖੇਤਾਂ ‘ਚੋਂ ਅੱਗ ਦੇ ਭਾਬੜ ਬਲ ਰਹੇ ਸਨ ਤਾਂ ਉਨ੍ਹਾਂ ਨੇ ਰੌਲਾ ਪਾਇਆ ਤੇ ਆਸ-ਪਾਸ ਦੇ ਕਿਸਾਨ ਇਕੱਠੇ ਹੋਏ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪੁੱਜੀਆਂ ਤੇ ਫਾਇਰ ਅਧਿਕਾਰੀ ਬੇਅੰਤ ਸਿੰਘ ਦੀ ਅਗਵਾਈ ‘ਚ ਉਨ੍ਹਾਂ ਨੇ ਇਕੱਠੇ ਹੋਏ ਕਿਸਾਨਾਂ ਦੀ ਮੱਦਦ ਨਾਲ ਅੱਗ ‘ਤੇ ਕਾਬੂ ਪਾਇਆ।
ਇਸ ਮੌਕੇ ਵੱਡੀ ਤਦਾਦ ‘ਚ ਇਕੱਤਰ ਹੋਏ ਕਿਸਾਨਾਂ ਨੇ ਆਪਣੇ ਟਰੈਕਟਰਾਂ ਤੇ ਹਲਾਂ ਨਾਲ ਅੱਗ ਵਾਲੇ ਖੇਤ ਨੂੰ ਚਾਰੇ ਪਾਸਿਓਂ ਵਾਹਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ਵਾਲੇ ਖੇਤ ਦੇ ਚਾਰੇ ਪਾਸੇ ਪਾਣੀ ਦੀਆਂ ਬੁਛਾੜਾਂ ਨਾਲ ਅੱਗ ‘ਤੇ ਕਾਬੂ ਪਾਉਂਦਿਆਂ ਆਸ-ਪਾਸ ਖੜ੍ਹੀ ਕਣਕ ਦੇ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਾਅ ਲਿਆ। ਇਸ ਮੌਕੇ ਕਿਸਾਨ ਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ 6 ਕਿੱਲੇ ਕਣਕ ਸੀ ਤੇ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ 16 ਏਕੜ ਕਣਕ ਸੀ ਜੋ ਅੱਗ ਦੀ ਭੇਂਟ ਚੜ੍ਹ ਗਈ। ਅੱਗ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੈਹਿਣਾ ਦੇ ਮੁੱਖ ਅਫਸਰ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ। ਕਣਕ ਨੂੰ ਅੱਗ ਲੱਗਣ ਮੌਕੇ ਭਾਵੇਂ ਬਿਜਲੀ ਦਾ ਕੱਟ ਲੱਗਾ ਹੋਇਆ ਸੀ ਪਰ ਕਣਕ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਬੀੜੀ ਸਿਗਰਟ ਪੀਣ ਵਾਲੇ ਵਿਅਕਤੀ ਦੀ ਸ਼ਰਾਰਤ ਦੀ ਸ਼ੱਕ ਹੈ। ਇਸ ਮੌਕੇ ਪੀੜਤ ਪਰਿਵਾਰਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਸੜੀ ਹੋਈ ਕਣਕ ਦਾ ਮੁਆਵਜ਼ਾ ਦਿੱਤਾ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।