‘ਕੈਪਟਨ ਦੀ ਚੌਪਾਲ”ਤੇ ਸ਼ਿਕਾਇਤਾਂ ਦਾ ਆਇਆ ਹੜ੍ਹ

Complaints, Captain Choupal, Flood

ਅਮਰਿੰਦਰ ਸਿੰਘ ਨੂੰ ਹਰ ਦੂਜੇ ਟਵੀਟ ਜਨਤਾ ਨੇ ਜੰਮ ਕੇ ਕੋਸਿਆ, ਮੁੱਢਲੀਆਂ ਸਹੂਲਤਾਂ ਨਾ ਮਿਲਣ ਦਾ ਰੋਇਆ ਰੋਣਾ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੇ ‘ਰਾਜੇ’ ਅਮਰਿੰਦਰ ਸਿੰਘ ਦੇ ਰਾਜ ਵਿੱਚ ‘ਪਰਜਾ’ ਹੀ ਕਾਫ਼ੀ ਜ਼ਿਆਦਾ ਦੁਖੀ ਹੈ। ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ‘ਕੈਪਟਨ ਦੀ ਚੌਪਾਲ’ ਪ੍ਰੋਗਰਾਮ ‘ਚ ਨਾ ਸਿਰਫ਼ ਟਵਿੱਟਰ ‘ਤੇ ਸ਼ਿਕਾਇਤਾਂ ਦਾ ਹੜ੍ਹ ਆਇਆ, ਸਗੋਂ ਸਰਕਾਰ ਨੂੰ ਫੇਲ੍ਹ ਸਰਕਾਰ ਤੱਕ ਕਹਿ ਦਿੱਤਾ ਗਿਆ। ਪੰਜਾਬ ਆਮ ਲੋਕਾਂ ਤੋਂ ਲੈ ਕੇ ਸਰਕਾਰੀ ਮੁਲਾਜ਼ਮ ਤੇ ਨੌਜਵਾਨ ਵਿਦਿਆਰਥੀਆਂ ਤੋਂ ਲੈ ਕੇ ਬੇਰੁਜ਼ਗਾਰ ਨੌਜਵਾਨਾਂ ਨੇ ਇਸ ‘ਕੈਪਟਨ ਦੀ ਚੌਪਾਲ’ ਰਾਹੀਂ ਅਮਰਿੰਦਰ ਸਰਕਾਰ ਖ਼ਿਲਾਫ਼ ਜੰਮ ਕੇ ਆਪਣਾ ਗੁੱਸਾ ਕੱਢਿਆ। ਹਾਲਾਂਕਿ ਇਨ੍ਹਾਂ ਸਵਾਲਾਂ ਦੇ ਜਵਾਬ ਅਮਰਿੰਦਰ ਸਿੰਘ ਨੇ ਆਪਣੀ ਚੌਪਾਲ ਵਿੱਚ ਦਿੱਤੇ ਵੀ ਹਨ ਪਰ ਜ਼ਿਆਦਾਤਰ ਤਿੱਖੇ ਸਵਾਲਾਂ ਨੂੰ ਅਮਰਿੰਦਰ ਦੀ ਟੀਮ ਨੇ ਚੌਪਾਲ ਮੌਕੇ ਪੇਸ਼ ਹੀ ਨਹੀਂ ਕੀਤਾ, ਜਿਸ ਕਾਰਨ ਜ਼ਿਆਦਾਤਰ ਸਵਾਲ ਦੇ ਜਵਾਬ ਪੰਜਾਬ ਦੀ ਜਨਤਾ ਨੂੰ ਮਿਲੇ ਹੀ ਨਹੀਂ।
ਅਮਰਿੰਦਰ ਸਿੰਘ ਦੀ ਟੀਮ ਵੱਲੋਂ ‘ਕੈਪਟਨ ਦੀ ਚੌਪਾਲ’ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਪੰਜਾਬ ਦੀ ਜਨਤਾ ਨੂੰ ਟਵਿੱਟਰ ‘ਤੇ ਆਪਣੇ ਸਵਾਲ ਟਵੀਟ ਕਰਨ ਲਈ ਇੱਕ ਦਿਨ ਪਹਿਲਾਂ ਕਿਹਾ ਗਿਆ ਸੀ। ਇਸ ‘ਕੈਪਟਨ ਦੀ ਚੌਪਾਲ’ ਦੀ ਖ਼ਬਰ ਪੰਜਾਬ ਦੀ ਜਨਤਾ ਕੋਲ ਪੁੱਜਣ ਤੋਂ ਬਾਅਦ ਜਨਤਾ ਨੇ ਵੀ ਇਸ ਚੌਪਾਲ ਦਾ ਫਾਇਦਾ ਲੈਣ ਲਈ ਜੰਮ ਕੇ ਟਵੀਟ ਕੀਤੇ। ਹਾਲਾਂਕਿ ਅਮਰਿੰਦਰ ਸਿੰਘ ਦੀ ਟੀਮ ਵੱਲੋਂ ਕੀਤੇ ਗਏ ਟਵੀਟਜ਼ ਦੀ ਗਿਣਤੀ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਹਰ 5 ਮਿੰਟ ਬਾਅਦ ਇੱਕ ਟਵੀਟ ਆ ਰਿਹਾ ਸੀ।
‘ਕੈਪਟਨ ਦੀ ਚੌਪਾਲ’ ਹੈਸ਼ਟੈਗ ਨਾਲ ਕੀਤੇ ਗਏ ਟਵੀਟ ਦਾ ਐਤਵਾਰ ਸ਼ਾਮ ਤੱਕ ਦਾ ਹੜ੍ਹ ਹੀ ਆ ਗਿਆ ਸੀ। ਇਨ੍ਹਾਂ ‘ਚ ਪੰਜਾਬ ਦੀ ਆਮ ਜਨਤਾ ਵੱਲੋਂ ਜਿੱਥੇ ਮੁੱਢਲੀਆਂ ਸਹੂਲਤਾਂ ਨਾ ਮਿਲਣ ਦੀ ਨਰਾਜ਼ਗੀ ਜ਼ਾਹਿਰ ਕੀਤੀ ਗਈ ਤਾਂ ਕਈ ਆਮ ਲੋਕਾਂ ਨੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਸਰਕਾਰ ‘ਤੇ ਉਂਗਲ ਚੁੱਕੀ ਹੈ। ਇੱਥੇ ਹੀ ਸਰਕਾਰੀ ਟੈਸਟ ਪਾਸ ਕਰਨ ਤੋਂ ਬਾਅਦ ਨੌਕਰੀ ਲਈ ਨਿਯੁਕਤੀ ਪੱਤਰ ਦੀ ਉਡੀਕ ਕਰ ਰਹੇ ਨੌਜਵਾਨਾਂ ਨੇ ਵੀ  ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਪੰਜਾਬ ਦੇ ਨੌਜਵਾਨਾਂ ਨੇ ਆਪਣੇ ਸਮਾਰਟ ਫੋਨ ਬਾਰੇ ਵੀ ਪੁੱਛਿਆ ਕਿ ਆਖ਼ਰਕਾਰ ਉਨ੍ਹਾਂ ਨੂੰ ਫੋਨ ਕਦੋਂ ਮਿਲਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।