ਇਸ ‘ਜੁਗਾੜ’ ਸਹਾਰੇ ਮੈਂ ਆਪਣੀ ਸ਼ੂਗਰ ਪੀੜਤ ਬੱਚੀ ਤੇ ਪੰਜ ਜੀਆਂ ਦੇ ਟੱਬਰ ਦਾ ਖਰਚਾ ਚੁੱਕ ਰਿਹੈਂ’

Jugaad Rehri Sachkahoon

ਸੰਗਰੂਰ ’ਚ ਮੋਟਰ ਸਾਇਕਲ ਰੇਹੜੀ ਚਲਾਉਣ ਵਾਲੇ ਬਹਾਦਰਪੁਰ ਦੇ ਰਾਜਵੰਤ ਨੇ ਦੱਸੀ ਆਪਣੀ ਦਰਦ ਕਹਾਣੀ

(ਗੁਰਪ੍ਰੀਤ ਸਿੰਘ)ਸੰਗਰੂਰ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਫੈਸਲਾ ਲੈ ਲਿਆ ਕਿ ਸੜਕਾਂ ’ਤੇ ਚੱਲਦੀਆਂ ਮੋਟਰ ਸਾਇਕਲ ਦੇ ਮੂੰਹ ਵਾਲੀਆਂ ਰੇਹੜੀਆਂ (ਜੁਗਾੜ ਰੇਹੜੀ) (Jugaad Rehri) ਨੂੰ ਬੰਦ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ ਪਰ ਸਰਕਾਰ ਦੇ ਇਸ ਫੁਰਮਾਨ ਨੇ ਲੱਖਾਂ ਪਰਿਵਾਰਾਂ ਦੀ ਰੋਟੀ ਦਾ ਫ਼ਿਕਰ ਖੜ੍ਹਾ ਹੋ ਗਿਆ ਹੈ ਸੰਗਰੂਰ ਵਿੱਚ ਅਜਿਹੀਆਂ ਰੇਹੜੀਆਂ ਚਲਾਉਣ ਵਾਲੇ ਹਜ਼ਾਰ ਤੋਂ ਜ਼ਿਆਦਾ ਮਜ਼ਦੂਰ ਹਨ ਹਨ ਜਿਨ੍ਹਾਂ ਦਾ ਗੁਜ਼ਰ ਬਸਰ ਇਨ੍ਹਾਂ ਜੁਗਾੜੂ ਵਾਹਨਾਂ ਰਾਹੀਂ ਹੀ ਚੱਲ ਰਿਹਾ ਹੈ ਸੰਗਰੂਰ ਵਿੱਚ ਪਿਛਲੇ ਕਈ ਸਾਲਾਂ ਤੋਂ ਮੋਟਰ ਸਾਇਕਲ ਰੇਹੜੀ ਚਲਾਉਣ ਵਾਲੇ ਬਹਾਦਰਪੁਰ ਪਿੰਡ ਦੇ ਰਾਜਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਦੀ ਰੋਜ਼ੀ ਖੁੱਸ ਜਾਣ ਦਾ ਤੇ ਪਰਿਵਾਰ ਦੇ ਗੁਜ਼ਰ ਬਸਰ ਦਾ ਫਿਕਰ ਅੱਥਰੂ ਬਣ ਕੇ ਉਸ ਦੀਆਂ ਅੱਖਾਂ ਵਿੱਚ ਆ ਗਿਆ।

ਰਾਜਵੰਤ ਸਿੰਘ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਨੇੜਲੇ ਪਿੰਡ ਬਹਾਦਰਪੁਰ ਤੋਂ ਸੰਗਰੂਰ ਇਸ ਰੇਹੜੀ ਤੇ ਕੰਮ ਕਰਨ ਲਈ ਆਉਂਦਾ ਹੈ ਸਾਰੇ ਦਿਨ ਵਿੱਚ ਜਿੰਨੀ ਦਿਹਾੜੀ ਬਣਦੀ ਹੈ, ਉਸ ਦੇ ਨਾਲ ਆਪਣਾ ਤੇ ਪਰਿਵਾਰ ਦਾ ਢਿੱਡ ਭਰਦਾ ਹੈ ਰਾਜਵੰਤ ਨਾਲ ਜਦੋਂ ਉਸ ਦੇ ਪਰਿਵਾਰ ਦੇ ਅੰਦਰੂਨੀ ਹਾਲਾਤਾਂ ਬਾਰੇ ਗੱਲ ਕੀਤੀ ਤਾਂ ਉਹ ਫੁੱਟ ਪਿਆ, ਉਸ ਨੇ ਦੱਸਿਆ ਕਿ ਉਸ ਨੂੰ ਸਭ ਤੋਂ ਵੱਡਾ ਝੋਰਾ ਉਸ ਦੀ ਧੀ ਕਰਕੇ ਹੈ ਜਿਹੜੀ ਸ਼ੂਗਰ ਦੀ ਬਿਮਾਰੀ ਨਾਲ ਆਪਣੇ ਜੰਮਣ ਸਮੇਂ ਤੋਂ ਲੈ ਕੇ ਹੁਣ ਤੱਕ ਲੜ ਰਹੀ ਹੈ ਅੱਜ ਉਸ ਦੀ ਧੀ 9 ਵਰ੍ਹਿਆਂ ਦੀ ਹੈ ਜਿਸ ਨੂੰ ਹਰ ਰੋਜ਼ ਉਸ ਨੂੰ ਇੰਸੂਲਿਨ ਦੇ ਟੀਕੇ ਲਾਉਣੇ ਪੈਂਦੇ ਹਨ ਜਿਸ ਦੇ ਇਲਾਜ ’ਤੇ 70 ਤੋਂ 100 ਰੁਪਏ ਰੋਜ਼ਾਨਾ ਖਰਚਾ ਹੋ ਰਿਹਾ ਹੈ ਉਸ ਨੇ ਦੱਸਿਆ ਕਿ ਉਸ ਨੂੰ ਆਪਣੀ ਧੀ ਦੇ ਇਲਾਜ ਲਈ ਲੁਧਿਆਣਾ ਤੇ ਚੰਡੀਗੜ੍ਹ ਦੇ ਵੱਡੇ ਹਸਪਤਾਲਾਂ ਵਿਖੇ ਲਿਜਾਣਾ ਪਿਆ ਜਿਸ ਕਾਰਨ ਉਹ ਤਕਰੀਬਨ ਢਾਈ ਲੱਖ ਰੁਪਏ ਦੇ ਕਰਜ਼ੇ ਹੇਠਾਂ ਆ ਗਿਆ ਅੱਜ ਵੀ ਉਹ ਚੁੱਕੇ ਕਰਜ਼ੇ ਦੀਆਂ ਕਿਸ਼ਤਾਂ ਉਹ ਇਸ ਜੁਗਾੜੂ ਵਾਹਨ ਤੋਂ ਕਮਾਈ ਕਰਕੇ ਤਾਰ ਰਿਹਾ ਹੈ ।

ਰਾਜਵੰਤ ਨੇ ਦੱਸਿਆ ਕਿ ਜਦੋਂ ਸਰਕਾਰ ਨੇ ਇਨ੍ਹਾਂ ਰੇਹੜੀਆਂ ਨੂੰ ਬੰਦ ਕਰਨ ਦਾ ਫੁਰਮਾਨ ਜਾਰੀ ਕੀਤਾ ਹੈ, ਉਸ ਦੀ ਨੀਂਦ ਉਡ ਗਈ ਹੈ ਉਸ ਦੇ ਪਰਿਵਾਰ ਵਿੱਚ ਉਸ ਸਮੇਤ ਪੰਜ ਜੀਅ ਹਨ ਜਿਨ੍ਹਾਂ ਦਾ ਖਰਚਾ ਉਹ ਖੁਦ ਕਮਾਈ ਕਰਕੇ ਚਲਾ ਰਿਹਾ ਹੈ ਉਸ ਨੇ ਦੱਸਿਆ ਕਿ ਹਰ ਰੋਜ਼ ਤਕਰੀਬਨ 400 ਤੋਂ 500 ਰੁਪਏ ਕਮਾ ਕੇ ਆਪਣੇ ਘਰ ਜਾਂਦਾ ਹੈ ਫਿਰ ਕਿਤੇ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਤਪਦਾ ਹੈ।

ਰਾਜਵੰਤ ਦੱਸਦਾ ਹੈ ਕਿ ਉਸ ਨੇ ਇਹ ਰੇਹੜੀ ਤਕਰੀਬਨ 50 ਹਜ਼ਾਰ ਰੁਪਏ ਕਿਸੇ ਤੋਂ ਫੜ ਕੇ ਤਿਆਰ ਕਰਵਾਈ ਸੀ ਅਤੇ ਹੌਲੀ ਹੌਲੀ ਕਰਕੇ ਉਸ ਨੇ ਫੜੇ ਉਧਾਰੇ ਪੈਸੇ ਇਸ ਰੇਹੜੀ ’ਤੇ ਕੰਮ ਕਰਕੇ ਉਤਾਰੇ ਹਨ ਉਸ ਨੇ ਦੱਸਿਆ ਕਿ ਕਈ ਦਿਨ ਵਧੀਆ ਦਿਹਾੜੀ ਲੱਗ ਜਾਂਦੀ ਹੈ ਅਤੇ ਕਦੇ ਕਦੇ ਉਨ੍ਹਾਂ ਨੂੰ ਬਿਨ੍ਹਾਂ ਦਿਹਾੜੀ ਤੋਂ ਖਾਲੀ ਘਰ ਨੂੰ ਵੀ ਪਰਤਣਾ ਪੈਂਦਾ ਹੈ ਉਸ ਨੇ ਦੱਸਿਆ ਕਿ ਪਿਛਲੀ ਦੀਵਾਲੀ ਖਾਲੀ ਹੱਥ ਹੀ ਉਸ ਨੂੰ ਘਰ ਜਾਣਾ ਪਿਆ ਸੀ, ਕਿਉਂਕਿ ਉਸ ਦਿਨ ਕੋਈ ਦਿਹਾੜੀ ਨਹੀਂ ਸੀ ਲੱਗੀ ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਫੁਰਮਾਨ ਤੋਂ ਛੋਟ ਦਿੱਤੀ ਜਾਵੇ ਤੇ ਉਨ੍ਹਾਂ ਦਾ ਕੰਮ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਣ ਲਈ ਕਹਿ ਦਿੱਤਾ ਜਾਵੇ।

ਰੇਹੜੀ ਚਾਲਕਾਂ ਨੇ ਸਰਕਾਰ ਤੱਕ ਗੱਲ ਪਹੁੰਚਾਉਣ ਲਈ ਬਣਾਈ 11 ਮੈਂਬਰੀ ਕਮੇਟੀ

ਸੰਗਰੂਰ ਦੇ ਸੈਂਕੜੇ ਰੇਹੜੀ ਚਾਲਕਾਂ ਨੇ ਇਸ ਸਬੰਧੀ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਤੁੰਗਾਂ ਨੇ ਦੱਸਿਆ ਕਿ ਸੰਗਰੂਰ ਦੇ ਸਮੂਹ ਰੇਹੜੀ ਚਾਲਕ ਐਤਵਾਰ ਤੇ ਸੋਮਵਾਰ ਨੂੰ ਕੰਮ ਤੋਂ ਹੜਤਾਲ ਕਰਨਗੇ, ਇਸ ਤੋਂ ਬਾਅਦ ਉਹ ਦੂਜੇ ਜ਼ਿਲ੍ਹਿਆਂ ਦੇ ਰੇਹੜੀ ਚਾਲਕਾਂ ਨਾਲ ਮਿਲ ਕੇ ਅਗਲੀ ਰੂਪ ਰੇਖਾ ਉਲੀਕਣਗੇ ਉਨ੍ਹਾਂ ਕਿਹਾ ਕਿ ਸਮੂਹ ਰੇਹੜੀ ਚਾਲਕਾਂ ਨੇ ਲਿਖਤੀ ਤੌਰ ਤੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਪਣੇ ਇਸ ਫੈਸਲੇ ’ਤੇ ਮੁੜ ਗੌਰ ਕਰਨ ਤੇ ਲੱਖਾਂ ਮਜ਼ਦੂਰਾਂ ਦੀ ਦਿਹਾੜੀ ਤੇ ਲਟਕਦੀ ਤਲਵਾਰ ਨੂੰ ਹਟਾਇਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ