ਸਰਕਾਰ ਵੱਲੋਂ ਸੇਵਾ ਮੁਕਤੀ ਦੀ ਉਮਰ ਹੱਦ 58 ਸਾਲ ਕਰਨ ਦੇ ਫੈਸਲੇ ਦਾ ਸਵਾਗਤ

‘ਸੱਚ ਕਹੂੰ’ ਵੱਲੋਂ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ ਉਮਰ ਹੱਦ ਘਟਾਉਣ ਦਾ ਮੁੱਦਾ

ਵੱਡੀ ਗਿਣਤੀ ਮੁਲਾਜ਼ਮ ਸਰਕਾਰੀ ਵਿਭਾਗਾਂ ‘ਚ ਹੋਣਗੇ ਸੇਵਾ ਮੁਕਤ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਸਰਕਾਰੀ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ ਹੱਦ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦੀ ਮੰਗ ਦਾ ਮਾਮਲਾ ‘ਸੱਚ ਕਹੂੰ’ ਵੱਲੋਂ ਜੋਰ ਸ਼ੋਰ ਨਾਲ ਚੁੱਕਿਆ ਗਿਆ ਸੀ। ਇਸ ਮੁੱਦੇ ਨੂੰ ਬੂਰ ਪਾਉਂਦਿਆਂ ਪੰਜਾਬ ਸਰਕਾਰ ਵੱਲੋਂ ਆਪਣੇ ਬਜਟ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਉਮਰ ਹੱਦ 58 ਸਾਲ ਕਰ ਦਿੱਤੀ ਗਈ ਹੈ ਅਤੇ ਇਸ ਫੈਸਲੇ ਨੂੰ ਵੱਖ-ਵੱਖ ਜਥੇਬੰਦੀਆਂ ਅਤੇ ਬੇਰੁਜ਼ਗਾਰ ਨੌਜਵਾਨ ਵੱਲੋਂ ਚੰਗਾ ਕਦਮ ਦੱਸਿਆ ਗਿਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਅੰਦਰ ਵੱਡੀ ਗਿਣਤੀ ਪੜ੍ਹੇ ਲਿਖੇ ਨੌਜਵਾਨ ਬੁਰਜ਼ਗਾਰੀ ਦੇ ਤੰਤਰ ਨਾਲ ਲੜਾਈ ਲੜ ਰਹੇ ਹਨ, ਪਰ ਉਨ੍ਹਾਂ ਲਈ ਸਰਕਾਰੀ ਨੌਕਰੀਆਂ ਦੂਰ ਦੀ ਗੱਲ ਬਣੀ ਹੋਈ ਹੈ। ਸਰਕਾਰੀ ਵਿਭਾਗਾਂ ਅੰਦਰ ਮੁਲਾਜ਼ਮਾਂ ਦੀ 60 ਸਾਲ ਦੀ ਉਮਰ ਦਾ ਵੀ ਬੁਰਜ਼ਗਾਰ ਨੌਜਵਾਨਾਂ ਵੱਲੋਂ ਵੱਡਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਇਸ ਉਮਰ ਹੱਦ ਨੂੰ ਘਟਾ ਕੇ 58 ਸਾਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮਾਮਲੇ ਨੂੰ ਕੁਝ ਮਹੀਨੇ ਪਹਿਲਾਂ ਸੱਚ ਕਹੂੰ ਵੱਲੋਂ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ।

ਸਰਕਾਰ ਵੱਲੋਂ ਬੀਤੇ ਕੱਲ੍ਹ ਉਮਰ ਹੱਦ 58 ਸਾਲ ਕਰਨ ‘ਤੇ ਪੰਜਾਬ ਅੰਦਰ ਇਸ ਦਾ ਫਾਇਦਾ ਵੱਡੀ ਗਿਣਤੀ ਬੁਰਜ਼ਗਾਰ ਨੌਜਵਾਨਾਂ ਨੂੰ ਮਿਲੇਗਾ ਜੋ ਕਿ ਡਿਗਰੀਆਂ ਚੁੱਕੀ ਥਾਂ-ਥਾਂ ਘੁੰਮ ਰਹੇ ਸਨ। ਆਉਂਦੇ ਸਾਲਾਂ ਦੌਰਾਨ ਵੱਖ-ਵੱਖ ਵਿਭਾਗਾਂ ਅੰਦਰ ਹਜਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਸੇਵਾ ਮੁਕਤੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।

ਰੁਜ਼ਗਾਰ ਪ੍ਰਾਪਤੀ ਲਈ ਪੰਜਾਬ ਅੰਦਰ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਧਰਨੇ, ਪ੍ਰਦਰਸ਼ਨਾਂ ਅਤੇ ਪੱਕੇ ਮੋਰਚਿਆਂ ਦਾ ਸਹਾਰਾ ਲਿਆ ਹੋਇਆ ਹੈ ਅਤੇ ਉਨ੍ਹਾਂ ਲਈ ਕੁਝ ਆਸ ਦੀ ਕਿਰਨ ਜਾਗੀ ਹੈ। ਉਂਜ ਕਈ ਨੌਜਵਾਨਾਂ ਨੇ ਕਿਹਾ ਕਿ ਇਹ ਫੈਸਲਾ ਕਰਨ ਲਈ ਸਰਕਾਰ ਨੇ ਆਪਣੇ ਤਿੰਨ ਸਾਲ ਲੰਘਾ ਦਿੱਤੇ ਜਦਕਿ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਰੁਜ਼ਗਾਰ ਲਈ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ, ਪਰ ਸਰਕਾਰ ਪੋਸਟਾਂ ਕੱਢਣ ਦਾ ਹੀ ਨਾਮ ਨਹੀਂ ਲੈ ਰਹੀ।

ਟੈੱਟ ਪਾਸ ਬੇਰੁਜ਼ਗਾਰ ਯੂਨੀਅਨ ਦੇ ਕੋਰ ਕਮੇਟੀ ਮੈਂਬਰ ਰਣਬੀਰ ਸਿੰਘ ਕੰਧੋਲਾ ਅਤੇ ਡਾ. ਰਛਪਾਲ ਕੌਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹਾਲੀ ਦਿਨਾਂ ਅੰਦਰ ਸਿੱਖਿਆ ਵਿਭਾਗ ਅੰਦਰ ਅਧਿਆਪਕਾਂ ਦੀਆਂ ਜੋ ਨਿਗੂਣੀਆਂ ਪੋਸਟਾਂ ਕੱਢੀਆਂ ਗਈਆਂ ਹਨ, ਉਹ ਊਠ ਦੇ ਮੂੰਹ ‘ਚ ਜੀਰੇ ਸਾਮਾਨ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਨੌਵਜਾਨੀ ਨੂੰ ਬਚਾਉਣਾ ਹੈ ਤਾਂ ਵੋਟਾਂ ਹਾਸਲ ਕਰਨ ਵਾਲੀਆਂ ਸਰਕਾਰਾਂ ਨੂੰ ਵੱਡੇ ਫੈਸਲੇ ਲੈਣੇ ਪੈਣਗੇ।

ਬੁਰਜ਼ਗਾਰ ਨੌਜਵਾਨਾਂ ਨੂੰ ਮਿਲੇ ਰਾਈਟ ਟੂ ਅਪਲਾਈ ਦਾ ਅਧਿਕਾਰ-ਕੁਲਵਿੰਦਰ ਸਿੰਘ

ਪੰਜਾਬ ਸਟੂਡੈਂਟ ਵੈਲਫੇਅਰ ਐਸ਼ੋਸੀਏਸ਼ਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਸੇਵਾ ਮੁਕਤੀ ਦੀ 58 ਸਾਲ ਦੀ ਉਮਰ ਹੱਦ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹਨ। ਉਨ੍ਹਾਂ ਇਹ ਮੁੱਦਾ ਸਰਕਾਰ ਦੇ ਕੰਨੀ ਪਾਉਣ ਲਈ ਸੱਚ ਕਹੂੰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਹੋਰ ਚੰਗਾ ਹੁੰਦਾ ਜੇਕਰ ਸਰਕਾਰ ਭਰਤੀ ਦੀ ਉਮਰ ਹੱਦ 37 ਸਾਲ ਤੋਂ ਵੱਧਾ ਕੇ 42 ਸਾਲ ਕਰ ਦਿੰਦੀ।

ਉਨ੍ਹਾਂ ਕਿਹਾ ਕਿ ਇਸ ਨਾਲ ਕਈ ਸਾਲਾਂ ਤੋਂ ਨੌਕਰੀਆਂ ਦੇ ਇੰਤਜਾਰ ‘ਚ ਬੈਠੇ ਨੌਜਵਾਨਾਂ ਨੂੰ ਰਾਈਟ ਟੂ ਅਪਲਾਈ ਦਾ ਅਧਿਕਾਰ ਹਾਸਲ ਹੋ ਜਾਂਦਾ। ਉਨ੍ਹਾਂ ਕਿਹਾ ਕਿ ਖੁਦ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨਾਲ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਤਿੰਨ ਸਾਲ ਬਾਅਦ ਇਸ ਵਾਅਦੇ ਨੂੰ ਵੀ ਕੁਝ ਬੂਰ ਪੈ ਜਾਂਦਾ। ਉਨ੍ਹਾਂ ਕਿਹਾ ਕਿ ਉਮਰ ਹੱਦ ਵਧਾਉਣ ਨਾਲ ਸਿਰਫ਼ ਅਪਲਾਈ ਕਰਨ ਦਾ ਅਧਿਕਾਰ ਮਿਲੇਗਾ ਜਦਕਿ ਭਰਤੀ ਤਾਂ ਮੈਰਿਟ ਦੇ ਅਧਾਰ ‘ਤੇ ਹੀ ਹੋਣੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।