ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੀ 108 ਐਂਬੂਲੈਂਸ ਚੱਲ ਰਹੀ ਏ ਰੱਬ ਆਸਰੇ

Ambulances, Provide, Health, Services

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਭਰ ਵਿੱਚ ਐਂਬੂਲੈਂਸ 108 ਦੀ ਅਚਨਚੇਤ ਚੈਕਿੰਗ

ਸੂਬੇ ਦੇ ਵਿਜੀਲੈਂਸ ਮੁਖੀ ਬੀ.ਕੇ ਉੱਪਲ ਨੇ ਕਿਹਾ ਕਿ ਅਨਿਯਮਿਤਾ ਸਬੰਧੀ ਰਿਪੋਰਟ ਸਿਹਤ ਵਿਭਾਗ ਨੂੰ ਭੇਜੀ ਜਾਵੇਗੀ

ਚੰਡੀਗੜ੍ਹ, ਸੱਚ ਕਹੂੰ ਨਿਊਜ਼

ਪੰਜਾਬ ‘ਚ ਐਂਬੂਲੈਂਸ 108 ਰੱਬ ਆਸਰੇ ਚੱਲ ਰਹੀ ਹੈ ਵਿਜੀਲੈਂਸ ਵੱਲੋਂ ਕੀਤੀ ਗਈ ਚਾਣਚੱਕ ਚੈਕਿੰਗ ਦੌਰਾਨ ਭਾਰੀ ਕਮੀਆਂ ਸਾਹਮਣੇ ਆਈਆਂ ਹਨ ਲਗਭਗ ਸਾਰੀਆਂ ਐਂਬੂਲੈਂਸਾਂ ‘ਚ ਆਕਸੀਜਨ ਦਾ ਵਾਧੂ ਸਿਲੰਡਰ ਖਾਲੀ ਮਿਲਿਆ ਸਾਂਭ-ਸੰਭਾਲ ਵੱਲੋਂ ਇਹ ਐਂਬੂਲੈਂਸ ਖਸਤਾ ਹਾਲ ਹਨ।

 ਰਾਜ ਵਿੱਚ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਵਿਜੀਲੈਂਸ ਬਿਊਰੋ ਵੱਲੋਂ ਪੀ.ਆਰ.ਟੀ.ਸੀ/ਟਰਾਂਸਪੋਰਟ ਵਿਭਾਗ ਦੇ ਮਕੈਨਿਕਾਂ ਤੇ ਮੈਡੀਕਲ ਟੀਮਾਂ ਦੇ ਇੰਜੀਨੀਅਰਾਂ ਦੀ ਸਹਾਇਤਾ ਨਾਲ ਸੂਬੇ ਭਰ ਵਿੱਚ 108 ਟੈਲੀਫੋਨ ਨੰਬਰ ਅਧੀਨ ਐਂਬੂਲੈਂਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਇਸ ਸਬੰਧੀ ਖੁਲਾਸਾ ਕਰਦਿਆਂ, ਮੁੱਖ ਡਾਇਰੈਕਟਰ-ਕਮ-ਏ.ਡੀ.ਜੀ.ਪੀ. ਵਿਜੀਲੈਂਸ ਬਿਊਰੋ ਸ੍ਰੀ ਬੀ ਕੇ ਉੱਪਲ ਨੇ ਦੱਸਿਆ ਕਿ ਬਿਊਰੋ ਨੂੰ ਕਈ ਥਾਵਾਂ ਤੋਂ ਇਨ੍ਹਾਂ ਐਂਬੂਲੈਸਾਂ ਦੀ ਖਸਤਾ ਹਾਲਤ ਬਾਰੇ ਸ਼ਿਕਾਇਤਾਂ ਆ ਰਹੀਆਂ ਸਨ, ਇਸ ਲਈ ਸੂਬੇ ਭਰ ਵਿੱਚ ਅਚਨਚੇਤ ਚੈਕਿੰਗ ਕਰਨ ਦਾ ਫੈਸਲਾ ਲਿਆ ਗਿਆ।

 ਸ੍ਰੀ ਉੱਪਲ ਨੇ ਕਿਹਾ ਕਿ ਜਾਂਚ ਦੌਰਾਨ ਇਨ੍ਹਾਂ ਟੀਮਾਂ ਨੇ ਪਾਇਆ ਕਿ ਕਈ ਐਂਬੂਲੈਂਸਾਂ ਵਿੱਚ ਏਅਰ ਕੰਡੀਸ਼ਨ ਸਿਸਟਮ, ਇਨਵਰਟਰ ਅਤੇ ਹੋਰ ਦੂਜੇ ਜ਼ਰੂਰੀ ਉਪਕਰਨ ਜਿਵੇਂ ਗੈਸ ਕੱਟਰ, ਅੱਗ ਬੁਝਾਉਣ ਵਾਲੇ ਉਪਕਰਨ ਆਦਿ ਸਹੀ ਤਰੀਕੇ ਨਾਲ ਕਾਰਜ ਕਰਨ ਯੋਗ ਨਹੀਂ ਸਨ ਅਤੇ ਕਈ ਵਾਹਨਾਂ ਵਿਚ ਸਟੱਪਣੀ ਵੀ ਨਹੀਂ ਸੀ ਐਂਬੂਲੈਸਾਂ ਵਿਚ ਸੰਭਾਲ ਅਤੇ ਸਫਾਈ ਸਹੂਲਤਾਂ ਦੀ ਘਾਟ ਵੀ ਪਾਈ ਗਈ  ਇਹ ਵੀ ਦੇਖਿਆ ਗਿਆ ਕਿ ਡਰਾਈਵਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਡਿਊਟੀ ਦੌਰਾਨ ਵਰਦੀ ਨਹੀਂ ਪਾਈ ਜਾਂਦੀ। ਕਈ ਐਂਬੂਲੈਂਸਾਂ  8 ਤੋ’ 10 ਸਾਲ ਦੀ ਉਮਰ ਹੰਢਾ ਚੁੱਕੀਆਂ ਹਨ ਅਤੇ ਵਿਚ ਸਿਹਤ ਸੇਵਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੋੜੀਂਦਾ ਸਾਜੋ ਸਮਾਨ ਵੀ ਪੁਰਾਣਾ ਅਤੇ ਅਧੂਰੇ ਰੂਪ ਵਿਚ ਪਾਇਆ ਗਿਆ।

ਉੱਪਲ ਨੇ ਕਿਹਾ ਕਿ ਜ਼ਿਆਦਾਤਰ ਐਂਬੂਲੈਂਸਾਂ ਵਿਚ ਕੋਲੈਪਸੀਬਲ ਸਟ੍ਰੈਚਰ ਅਤੇ ਪਲਸ ਆਕਸੀਮੀਟਰ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ, ਇਸ ਤੋਂ ਇਲਾਵਾ ਇਹਨਾਂ ਵਾਹਨਾਂ ਵਿਚ ਜੀਵਨ ਬਚਾਓ (ਲਾਈਫ ਸੇਵਿੰਗ) ਦਵਾਈਆਂ ਅਤੇ ਰਿਕਵਰੀ ਕਿੱਟਾਂ ਵੀ ਉਪਲੱਬਧ ਨਹੀਂ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਸਿਰਫ ਇੱਕ ਆਕਸੀਜਨ ਸਿਲੰਡਰ ਵਿਚ ਆਕਸੀਜਨ ਮਿਲੀ ਜਦੋਕਿ  ਲਗਭਗ ਸਾਰੀਆਂ ਐਂਬੂਲੈਂਸਾਂ ਵਿਚ ਦੂਜਾ ਵਾਧੂ ਸਿਲੰਡਰ ਖਾਲੀ ਪਾਇਆ ਗਿਆ ਬਹੁਤ ਸਾਰੇ ਵਾਹਨ ਫਿਟਨੈਸ ਸਰਟੀਫਿਕੇਟ, ਬੀਮੇ ਅਤੇ ਪ੍ਰਦੂਸ਼ਣ ਸਰਟੀਫਿਕੇਟ ਤੋਂ ਬਿਨਾਂ ਮਿਲੇ ਇਥੋਂ ਤੱਕ ਕਿ ਕੁਝ ਗੱਡੀਆਂ ਦੇ ਦਰਵਾਜ਼ੇ ਅਤੇ ਛੱਤਾਂ ਵੀ ਠੀਕ ਸਥਿਤੀ ਵਿਚ ਨਹੀਂ ਸਨ।

 ਇਨ੍ਹਾਂ ਸਾਰੀਆਂ ਕਮੀਆਂ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ, ਵਿਜੀਲੈਂਸ ਬਿਊਰੋ ਨੇ ਸਰਵੀਜ ਪ੍ਰੋਵਾਇਡਰ ਨੂੰ ਮੌਕੇ ‘ਤੇ ਸਖਤ ਹਦਾਇਤਾਂ ਦਿੱਤੀਆਂ ਕਿ ਉਹ ਹਰ ਮਰੀਜ਼ ਨੂੰ ਹਸਪਤਾਲ ਪੰਹੁਚਾਉਣ ਉਪਰੰਤ ਐਂਬੂਲੈਂਸਾਂ ਦੀ ਸਾਫ ਸਫਾਈ ਨੂੰ ਯਕੀਨੀ ਬਣਾਉਣ ਤਾਂ ਜੋ ਰਾਜ ਦੇ ਲੋਕਾਂ ਨੂੰ ਵਧੀਆ ਅਤੇ ਤੁਰੰਤ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।