ਮਾਫੀ ਤੇ ਧੰਨਵਾਦ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ’ਚ ਦਿਉ ਅਹਿਮ ਜਗ੍ਹਾ

Aapology and Thanks Sachkahoon

ਮਾਫੀ ਤੇ ਧੰਨਵਾਦ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ’ਚ ਦਿਉ ਅਹਿਮ ਜਗ੍ਹਾ

ਅਸੀਂ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਲਈ ਹਰ ਰੋਜ਼ ਕੋਈ ਨਾ ਕੋਈ ਤਰੀਕਾ ਜਰੂਰ ਲੱਭਦੇ ਹਾਂ ਜਿਸ ਨਾਲ ਸਾਡਾ ਮਨ ਸ਼ਾਂਤ ਰਹੇ ਤੇ ਅਸੀਂ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਗੁਜ਼ਾਰ ਸਕੀਏ। ਅਸੀਂ ਆਪਣੀ ਮਿਹਨਤ ਕਰਨ ਦੇ ਨਾਲ ਆਪਣੀ ਜਿੰਦਗੀ ਦੇ ਨਿਯਮਾਂ ’ਤੇ ਵੀ ਪੂਰਾ ਧਿਆਨ ਦਿੰਦੇ ਹਾਂ ਤਾਂ ਕਿ ਸਾਡੀ ਜਿੰਦਗੀ ਵਿੱਚ ਹੋਰ ਤਰੱਕੀ ਤੇ ਖੁਸ਼ੀਆਂ ਆ ਸਕਣ, ਪਰ ਫਿਰ ਵੀ ਸਾਡੇ ਕੋਲੋਂ ਕਈ ਵਾਰ ਜਾਣ-ਬੁੱਝ ਜਾਂ ਅਣਜਾਣਪੁਣੇ ਵਿੱਚ ਗਲਤੀਆਂ ਹੋ ਜਾਂਦੀਆਂ ਹਨ। ਫਿਰ ਇਹ ਗਲਤੀਆਂ ਸਾਨੂੰ ਅੱਗੇ ਲਿਜਾਣ ਦੀ ਬਜਾਏ ਸਾਡੇ ਲਈ ਰੁਕਾਵਟ ਬਣ ਜਾਂਦੀਆਂ ਹਨ।

ਸਾਡੀ ਜਿੰਦਗੀ ਵਿੱਚ ਸ਼ਬਦਾਂ ਦੀ ਬਹੁਤ ਮਹੱਤਤਾ ਹੈ ਇਨ੍ਹਾਂ ਸ਼ਬਦਾਂ ਵਿੱਚੋਂ ਹੀ ਦੋ ਸ਼ਬਦ ਮਾਫੀ ਅਤੇ ਧੰਨਵਾਦ ਅਜਿਹੇ ਸ਼ਬਦ ਹਨ ਜੋ ਸਾਡੀ ਜਿੰਦਗੀ ਵਿੱਚ ਬਹੁਤ ਅਹਿਮ ਰੋਲ ਨਿਭਾਉਂਦੇ ਹਨ। ਇਹ ਸ਼ਬਦ ਸਾਡੀ ਗੁੰਝਲਦਾਰ ਜਿੰਦਗੀ ਨੂੰ ਸਰਲ ਬਣਾਉਣ ਲਈ ਤੇ ਸਾਡੀ ਸ਼ਖਸੀਅਤ ਨੂੰ ਚਾਰ ਚੰਨ ਲਾਉਣ ਦੀ ਤਾਕਤ ਰੱਖਦੇ ਹਨ ਜੇਕਰ ਅਸੀਂ ਇਨ੍ਹਾਂ ਸ਼ਬਦਾਂ ਦੀ ਰੋਜ਼ਾਨਾ ਦੀ ਜਿੰਦਗੀ ਵਿੱਚ ਵਰਤੋਂ ਕਰੀਏ ਤਾਂ ਸਾਡੀ ਜਿੰਦਗੀ ਹੋਰ ਵੀ ਸੌਖੀ ਹੋ ਸਕਦੀ ਹੈ।

ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਨ ਨਾਲ ਅਸੀਂ ਆਪਣੀ ਬੋਲਚਾਲ ਵਿੱਚ ਹੋਰ ਵੀ ਨਿਖਾਰ ਪੈਦਾ ਕਰ ਸਕਦੇ ਹਾਂ ਤੇ ਨਾਲ-ਨਾਲ ਆਪਣੀ ਸਿਹਤ ਨੂੰ ਵੀ ਹੋਰ ਵੀ ਸਿਹਤਮੰਦ ਬਣਾ ਸਕਦੇ ਹਾਂ। ਇਹ ਛੋਟੇ ਜਿਹੇ ਦੋ ਸ਼ਬਦ ਕਹਿਣ ਨਾਲ ਅਸੀਂ ਤਣਾਅ ਭਰਪੂਰ ਜਿੰਦਗੀ ਤੋਂ ਬਹੁਤ ਹੱਦ ਤੱਕ ਬਾਹਰ ਆ ਸਕਦੇ ਹਾਂ। ਇਨ੍ਹਾਂ ਸ਼ਬਦਾਂ ਦੀ ਵਰਤੋਂ ਨਾਲ ਅਸੀਂ ਚਿੰਤਾ ਤੇ ਤਣਾਅ ਨੂੰ ਵੀ ਖਤਮ ਕਰ ਸਕਦੇ ਹਾਂ। ਕਈ ਵਾਰ ਸਾਡੇ ਤੋਂ ਅਣਜਾਣਪੁਣੇ ਵਿੱਚ ਜਾਂ ਜਾਣ-ਬੱੁਝ ਕੇ ਗਲਤੀ ਹੋ ਜਾਂਦੀ ਹੈ ਪਰ ਉਸ ਦਾ ਪਛਤਾਵਾ ਅਸੀਂ ਕਦੇ ਕਰਦੇ ਵੀ ਹਾਂ ਤੇ ਕਦੇ ਨਹੀਂ ਵੀ ਕਰਦੇ। ਅਜਿਹੇ ਸਮੇਂ ਵਿੱਚ ਅਜਿਹੀ ਗਲਤੀ ਨੂੰ ਦਿਮਾਗ ਤੋਂ ਬਾਹਰ ਕੱਡਣ ਲਈ ਉਸ ਸਮੇਂ ਹੀ ਮਾਫੀ ਮੰਗ ਕੇ ਆਪਣੇ ਸਾਹਮਣੇ ਵਾਲੇ ਵਿਅਕਤੀ ਨੂੰ ਵੀ ਸ਼ਾਂਤ ਕਰ ਸਕਦੇ ਹਾਂ ਤੇ ਆਪਣੇ-ਆਪ ਨੂੰ ਵੀ। ਇਸ ਦੇ ਨਾਲ ਇਹ ਜ਼ਰੂਰ ਖਿਆਲ ਰੱਖੀਏ ਕਿ ਜੇਕਰ ਕੋਈ ਵਿਅਕਤੀ ਕਿਸੇ ਕੋਲੋਂ ਮਾਫੀ ਮੰਗਦਾ ਤਾਂ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਮਾਫੀ ਮੰਗਣਾ ਜਾਂ ਗਲਤੀ ਮੰਨਣਾ ਬਹੁਤ ਵੀ ਵੱਡਾ ਕੰਮ ਹੁੰਦਾ ਹੈ।

ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਅਚਾਨਕ ਹੀ ਸਾਨੂੰ ਸ੍ਰੀ ਅੰਮਿ੍ਰਤਸਰ ਸਾਹਿਬ ਜਾਣ ਦਾ ਮੌਕਾ ਮਿਲਿਆ। ਅਸੀਂ ਸੰਗਰੂਰ ਤੋਂ ਟਰੇਨ ਵਿੱਚ ਚੜ੍ਹ ਗਏ ਤੇ ਟਰੇਨ ਵਿੱਚ ਥੋੜ੍ਹੀ ਜਿਹੀ ਭੀੜ ਸੀ ਪਰ ਜੋ ਉੱਪਰ ਵਾਲੀਆਂ ਸੀਟਾਂ ਹੁੰਦੀਆਂ ਹਨ ਉਨ੍ਹਾਂ ਸੀਟਾਂ ’ਤੇ ਲੋਕਾਂ ਨੇ ਆਪਣੇ ਬੈਗ ਰੱਖੇ ਹੋਏ ਸੀ ਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਇਹ ਬੈਗ ਕਿਸ ਦੇ ਨੇ, ਅਸੀਂ ਬੈਠਣਾ ਹੈ ਇਸ ’ਤੇ ਇੱਕ ਵਿਅਕਤੀ ਥੋੜ੍ਹਾ ਗਰਮ ਹੋ ਗਿਆ ਤੇ ਕਹਿਣ ਲੱਗਾ, ਅਸੀਂ ਇਨ੍ਹਾਂ ਬੈਗਾਂ ਨੂੰ ਕਿੱਥੇ ਰੱਖੀਏ ਮੈਂ ਉਸ ਨੂੰ ਕਿਹਾ ਕਿ ਇਨ੍ਹਾਂ ਬੈਗਾਂ ਨੂੰ ਸਾਰੀ ਸੀਟ ’ਤੇ ਰੱਖਣ ਦੀ ਬਜਾਏ ਇੱਕ ਪਾਸੇ ਰੱਖ ਦਿੰਦੇ ਹਾਂ ਤੇ ਇੱਕ ਜਾਂ ਦੋ ਬੈਗ ਹੇਠਾਂ ਵਾਲੀਆਂ ਸੀਟਾਂ ਦੇ ਨੇੜੇ ਰੱਖ ਲਓ।

ਪਰ ਉਹ ਗਰਮ ਰਿਹਾ ਅਸੀਂ ਉਸ ਦੀ ਪਰਵਾਹ ਕੀਤੇ ਬਿਨਾਂ ਬੈਗਾਂ ਨੂੰ ਸਹੀ ਜਗ੍ਹਾ ਰੱਖ ਕੇ ਬੱਚਿਆਂ ਨੂੰ ਤੇ ਆਪ ਬੈਠ ਗਏ। ਲੁਧਿਆਣੇ ਪਹੁੰਚਣ ’ਤੇ ਮੈਂ ਪੀਣ ਵਾਲੇ ਪਾਣੀ ਦੀ ਬੋਤਲ ਲੈਣ ਲਈ ਹੇਠਾਂ ਉੱਤਰਿਆ ਤੇ ਉਹ ਵਿਅਕਤੀ ਵੀ ਉਸੇ ਰੇਹੜੀ ਤੋਂ ਪਾਣੀ ਲੈ ਰਿਹਾ ਸੀ ਤੇ ਅਸੀਂ ਦੋਵੇਂ ਕਿਸੇ ਗੱਲ ’ਤੇ ਗੱਲਾਂ ਲੱਗ ਪਏ ਤੇ ਕਾਫੀ ਕੁਝ ਆਪਸ ਵਿੱਚ ਪੁੱਛਿਆ ਫਿਰ ਉਹ ਵਿਅਕਤੀ ਆਪ ਹੀ ਕਹਿਣ ਲੱਗ ਪਿਆ ਕਿ ਕੋਈ ਗੱਲ ਨਹੀਂ ਜੇ ਕੁਝ ਥੋਨੂੰ ਕਿਹਾ ਗਿਆ ਜੀ। ਫਿਰ ਮੈਂ ਵੀ ਉਸ ਨੂੰ ਕਿਹਾ ਕਿ ਕੋਈ ਨਾ ਜੀ ਐਨਾ ਤਾਂ ਚੱਲਦਾ ਰਹਿੰਦਾ ਹੈ ਤੇ ਧੰਨਵਾਦ ਸ਼ਬਦ ਕਹੇ। ਆਪਣੀ ਗਲਤੀ ਮੰਨਣ ’ਤੇ ਸਗੋਂ ਸਾਡੀ ਜਾਣ-ਪਛਾਣ ਹੋਰ ਵਧ ਗਈ ਅੰਤ ਵਿੱਚ ਅਸੀਂ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਇਸ ਤਰ੍ਹਾਂ ਮਾਫੀ ਤੇ ਧੰਨਵਾਦ ਸ਼ਬਦ ਸਾਡੇ ਸਮਾਜ ਵਿੱਚ ਹਰ ਰਿਸ਼ਤੇ ਨੂੰ ਬਾਖੂਬੀ ਨਿਭਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦੇ ਹਨ।

ਅੱਜ-ਕੱਲ੍ਹ ਅਸੀਂ ਸਾਰੇ ਹੀ ਦੇਖਦੇ ਹਾਂ ਕਿ ਇੱਕ ਛੋਟੀ ਜਿਹੀ ਗਲਤੀ ਸਾਡੇ ਬਣਾਏ ਪਿਆਰੇ ਰਿਸ਼ਤਿਆਂ ਨੂੰ ਇੱਕ ਪਲ ਵਿੱਚ ਤੋੜ ਦਿੰਦੀ ਹੈ। ਇਹ ਸਭ ਕੁਝ ਗਲਤੀ ਕਰਨ ਤੇ ਗਲਤੀ ਨਾ ਮੰਨਣ ਕਰਕੇ ਹੀ ਹੁੰਦਾ ਹੈ ਜਾਂ ਅਸੀਂ ਆਪਣੇ ਨੂੰ ਕਿਸੇ ਅੱਗੇ ਝੁਕਾ ਨਹੀਂ ਸਕਦੇ। ਫਿਰ ਇਹ ਗਲਤੀ ਕਲੇਸ਼ ਦੀ ਅੱਗ ਬਣ ਜਾਂਦੀ ਹੈ ਕਿ ਇਹ ਸਾਨੂੰ ਕੋਰਟ-ਕਚਹਿਰੀਆਂ ਤੱਕ ਪਹੁੰਚਣ ਲਈ ਮਜਬੂਰ ਕਰ ਦਿੰਦੀ ਹੈ। ਇੱਥੇ ਧਿਆਨਯੋਗ ਗੱਲ ਇਹ ਹੈ ਕਿ ਅਸੀਂ ਗਲਤੀ ਹੋਣ ’ਤੇ ਵੀ ਆਪਣੇ ਘਰ ਵਿੱਚ ਜਾਂ ਆਪਣੇ ਰਿਸ਼ਤਿਆਂ ਵਿੱਚ ਕਦੇ ਮਾਫੀ ਸ਼ਬਦ ਵਰਤਣ ਤੋਂ ਐਲਰਜੀ ਕਰਦੇ ਹਾਂ। ਪਰ ਜਦੋਂ ਇਹ ਗਲਤੀਆਂ ਥਾਣਿਆਂ ਜਾਂ ਕੋਰਟ-ਕਚਹਿਰੀਆਂ ਵਿੱਚ ਚਲੀਆਂ ਜਾਂਦੀਆਂ ਹਨ ਜੇਕਰ ਅਸੀਂ ਸੌਰੀ ਅਤੇ ਧੰਨਵਾਦ ਸ਼ਬਦਾਂ ਨੂੰ ਆਮ ਜਿੰਦਗੀ ਵਿੱਚ ਵਰਤਣਾ ਸ਼ੁਰੂ ਕਰ ਦੇਈਏ ਤਾਂ ਸਾਨੂੰ ਹਰ ਪਾਸੇ ਸੁਖ ਹੀ ਸੁਖ ਨਜਰ ਆਉਣ ਲੱਗ ਪਵੇਗਾ

ਜ਼ਿੰਦਗੀ ਵਿੱਚ ਗਲਤੀ ਹੋਣਾ ਆਮ ਗੱਲ ਹੈ ਗਲਤੀ ਇਸ ਕਰਕੇ ਹੁੰਦੀ ਹੈ ਕਿ ਸਾਡੇ ਲਈ ਹਰ ਦਿਨ ਇੱਕ ਨਵੀਂ ਸਵੇਰ ਲੈ ਕੇ ਆਉਂਦਾ ਹੈ ਜਿਸ ਦਾ ਤਜ਼ਰਬਾ ਵੀ ਨਵਾਂ ਹੁੰਦਾ ਹੈ। ਇਸ ਲਈ ਗਲਤੀ ਹੋਣਾ ਕੋਈ ਵੱਡੀ ਗੱਲ ਨਹੀਂ ਪਰ ਗਲਤੀ ਹੋਣ ’ਤੇ ਵੀ ਅਸੀਂ ਗਲਤੀ ਨਾ ਮੰਨੀਏ ਤਾਂ ਫਿਰ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਇਸ ਕਰਕੇ ਗਲਤੀ ਹੋਣ ’ਤੇ ਗਲਤੀ ਮੰਨਣ ਤੋਂ ਕਦੇ ਵੀ ਨਾ ਝਿਜਕੀਏ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਗਲਤੀ ਮੰਨਣਾ ਵੀ ਬਹੁਤ ਬਹਾਦਰੀ ਵਾਲਾ ਕੰਮ ਹੈ।

ਮਾਫੀ ਅਤੇ ਧੰਨਵਾਦ ਕਹਿਣ ਨਾਲ ਸਾਡੇ ਅੰਦਰ ਹੰਕਾਰ ਦੀ ਭਾਵਨਾ ਖ਼ਤਮ ਹੁੰਦੀ ਹੈ। ਜਿਸ ਨਾਲ ਸਾਡੇ ਮਨ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ। ਸ਼ਾਂਤ ਮਨ ਨਾਲ ਹੀ ਅਸੀਂ ਵੱਡਾ ਸੋਚ ਸਕਦੇ ਹਾਂ ਤੇ ਸਾਡੀ ਸੋਚ ਵਿੱਚ ਵੀ ਦਿਨੋ-ਦਿਨ ਵਾਧਾ ਹੁੰਦਾ ਜਾਂਦਾ ਹੈ। ਜਦੋਂ ਕੋਈ ਵੀ ਵਿਅਕਤੀ ਸਾਡੀ ਮੱਦਦ ਕਰਦਾ ਹੈ ਤਾਂ ਉਸ ਨੂੰ ਦਿਲੋਂ ਧੰਨਵਾਦ ਕਹਿਣਾ ਕਦੇ ਨਾ ਭੁੱਲੋ। ਇਹ ਕੀਤਾ ਗਿਆ ਧੰਨਵਾਦ ਉਸ ਵਿਅਕਤੀ ਲਈ ਇੱਕ ਯਾਦ ਬਣ ਜਾਂਦਾ ਹੈ ਤੇ ਭਵਿੱਖ ਵਿੱਚ ਸਾਡੇ ਬਹੁਤ ਸਾਰੇ ਕੰਮ ਹੋਣ ਵਿੱਚ ਸਾਡੀ ਮੱਦਦ ਕਰੇਗਾ। ਰਿਸ਼ਤਿਆਂ ਨੂੰ ਮਜਬੂਤ ਕਰਨ ਦਾ ਸਭ ਤੋਂ ਸੌਖਾ ਤੇ ਸਸਤਾ ਤਰੀਕਾ ਮਾਫੀ ਮੰਗਣਾ ਤੇ ਧੰਨਵਾਦ ਕਰਨਾ ਹੈ ਜਿਸ ਨਾਲ ਸਾਡੀ ਸ਼ਾਨ ਵਿੱਚ ਫਰਕ ਨਹੀਂ ਪੈਂਦਾ ਸਗੋਂ ਅਸੀਂ ਮਾਫੀ ਮੰਗ ਕੇ ਤੇ ਧੰਨਵਾਦ ਕਰਕੇ ਆਪਣੇ ਰਿਸ਼ਤਿਆਂ ਦੇ ਬਹੁਤ ਜਿਆਦਾ ਨੇੜੇ ਆ ਸਕਦੇ ਹਾਂ।

ਰਵਿੰਦਰ ਭਾਰਦਵਾਜ
ਖੇੜੀ ਨਗਾਈਆਂ
ਮੋ. 88725-63800

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ