ਸਿੱਧੂ ਮੂਸੇਵਾਲਾ ਦਾ ਹੋਇਆ ਅੰਤਿਮ ਸਸਕਾਰ, ਵੱਡੀ ਗਿਣਤੀ ’ਚ ਅੰਤਿਮ ਝਲਕ ਵੇਖਣ ਪੁੱਜੇ ਲੋਕ

sidhu moosawla

ਸਿੱਧੂ ਮੂਸੇਵਾਲਾ (Sidhu Moosewala) ਦਾ ਹੋਇਆ ਅੰਤਿਮ ਸਸਕਾਰ, ਵੱਡੀ ਗਿਣਤੀ ’ਚ ਪੁੱਜੇ ਲੋਕ

  • ਸਸਕਾਰ ਮੌਕੇ ਗੂੰਜੇ ਪੰਜਾਬ ਸਰਕਾਰ ਖ਼ਿਲਾਫ਼ ਤੇ ਮੂਸੇਵਾਲਾ ਅਮਰ ਰਹੇ ਦੇ ਨਾਅਰੇ
  • ਖੇਤਾਂ ’ਚ ਕੀਤਾ ਗਿਆ ਅੰਤਿਮ ਸਸਕਾਰ
  • ਹਜ਼ਾਰਾਂ ਨਮ ਅੱਖਾਂ ਨਾਲ ਦਿੱਤੀ ਵਿਦਾਈ
  • ਪਿਓ ਨੇ ਪੱਗ ਉਤਾਰ ਕੇ ਲੋਕਾਂ ਦਾ ਕੀਤਾ ਧੰਨਵਾਦ

(ਸੁਖਜੀਤ ਮਾਨ) ਮਾਨਸਾ। 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ ਦਾ ਸਸਕਾਰ ਕਰੀਬ 2:15 ਵਜੇ ਉਹਨਾਂ ਦੇ ਖੇਤ ਵਿੱਚ ਕੀਤਾ ਗਿਆ। ਸਸਕਾਰ ਵਿੱਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਸਿੱਧੂ ਦੇ ਪ੍ਰਸੰਸਕ ਪੁੱਜੇ। ਉਹਨਾਂ ਦੇ ਪ੍ਰੰਸ਼ਸਕਾਂ ਨੇ ਸਿੱਧੂ ਮੂਸੇਵਾਲਾ ਅਮਰ ਰਹੇ ਦੇ ਅਤੇ ਰੋਹ ਵਿੱਚ ਆ ਕੇ ਸਰਕਾਰ ਖਿਲਾਫ ਨਾਅਰੇ ਲਗਾਏ। ਇਸ ਮੌਕੇ ਭੀੜ ਐਨੀ ਜ਼ਿਆਦਾ ਸੀ ਕਿ ਕੰਟਰੋਲ ਕਰਨ ਲਈ ਪੁਲਿਸ ਨੂੰ ਕਾਫੀ ਪਸੀਨਾ ਵਹਾਉਣਾ ਪਿਆ। ਪਰਿਵਾਰਕ ਮੈਬਰਾਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ ਸੀ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਸਟਾਰ ਗਾਇਕ ਪੁੱਤਰ ਨੂੰ ਵਿਦਾਇਗੀ ਦੇਣ ਆਏ ਸੈਂਕੜੇ ਸਰੋਤਿਆਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ। ਪਿਤਾ ਨੇ ਆਪਣੀ ਪੱਗ ਲਾਹ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਚਿਹੇਤੇ 5911 ਟਰੈਕਟਰ ‘ਤੇ ਕੱਢੀ ਗਈ। ਮੂਸੇਵਾਲਾ ਨੇ ਆਪਣੇ ਕਈ ਪੰਜਾਬੀ ਗੀਤਾਂ ਵਿੱਚ ਇਸ ਟਰੈਕਟਰ ਦਾ ਜ਼ਿਕਰ ਕੀਤਾ ਹੈ।

ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਲਾਸ਼ ਦਾ ਸੋਮਵਾਰ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ। ਮੰਗਲਵਾਰ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਸਵੇਲੇ ਉਸਦੇ ਜੱਦੀ ਪਿੰਡ ਪਹੁੰਚੀ। ਜਿੱਥੇ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋਈ।

siddhu last yatra

sidhu

ਮਾਂ ਨੇ ਆਖਰੀ ਵਾਰੀ ਪੁੱਤ ਦੇ ਵਾਲ ਸੰਵਾਰੇ ਤੇ ਪਿਓ ਨੇ ਪੁੱਤ ਦੇ ਸਿਰ ’ਤੇ ਬੰਨੀ ਪੱਗ

ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮਾਂ ਨੇ ਅੰਤਿਮ ਯਾਤਰਾ ਲਈ ਅੱਜ ਆਖਰੀ ਵਾਰ ਆਪਣੇ ਪੁੱਤਰ ਦੇ ਵਾਲ ਸੰਵਾਰੇ ਤੇ ਪਿਓ ਨੇ ਆਪਣੇ ਪੁੱਤ ਦੇ ਸਿਰ ’ਤੇ ਪੱਗ ਬੰਨ੍ਹੀ। ਮੂਸੇਵਾਲਾ ਦੇ ਸਿਰ ’ਤੇ ਸਿਹਰਾ ਸਜਾਇਆ ਗਿਆ। ਹਰ ਕੋਈ ਆਪਣੇ ਪੁੱਤ ਦੇ ਸਿਰ ’ਤੇ ਸਿਹਰਾ ਖੁਸ਼ੀ-ਖੁਸ਼ੀ ਨਾਲ ਬੰਨ੍ਹਦਾ ਹੈ ਪਰ ਇਹ ਸਿਹਰਾ ਰੋਂਦੇ ਕੁਰਲਾਉਣਦੇ ਹੋਏ ਪਿਓ ਵੱਲੋਂ ਬੰਨ੍ਹਿਆ ਗਿਆ। ਜੋ ਭਾਵੁਕ ਕਰਨ ਵਾਲਾ ਸੀ। ਅਗਲੇ ਮਹੀਨੇ  ਹੀ ਸਿੱਧੂ ਮੈਸੇਵਾਲ ਦਾ ਵਿਆਹ ਹੋਣਾ ਸੀ। ਮਾਂ-ਬਾਪ ਤਾਬੂਤ ਵਿੱਚ ਪਏ ਪੁੱਤਰ ਵੱਲ ਤੱਕਦੇ ਰਹੇ। ਇਹ ਦੇਖ ਕੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ