ਸਮੱਸਿਆਵਾਂ ਦੇ ਸਹੀ ਹੱਲ ਲੱਭੇ ਜਾਣ

Drugs

ਦੇਸ਼ ਦੇ ਕਈ ਸੂਬੇ ਨਸ਼ਿਆਂ ਦੀ ਭਾਰੀ ਮਾਰ ਹੇਠ ਹਨ। ਪਿੰਡ-ਪਿੰਡ ਨਸ਼ਾ ਹੈ ਵੱਡੇ-ਛੋਟੇ ਸ਼ਹਿਰ ਨਸ਼ਿਆਂ ਦੀ ਮਾਰ ਹੇਠ ਹਨ। ਕੋਈ ਦਿਨ ਐਸਾ ਨਹੀਂ ਜਾਂਦਾ ਜਦੋਂ ਹੈਰੋਇਨ ਦੀ ਬਰਾਮਦਗੀ ਨਾ ਹੋਈ ਹੋਵੇ। ਪਿਛਲੇ ਦਿਨੀਂ ਪੰਜਾਬ ’ਚ 77 ਕਿੱਲੋ ਦੀ ਵੱਡੀ ਖੇਪ ਬਰਾਮਦ ਹੋਈ। ਸਰਕਾਰਾਂ ਵੀ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੀਆਂ ਹਨ ਪਰ ਸਰਕਾਰੀ ਨਸ਼ਾ ਵਿਰੋਧੀ ਮੁਹਿੰਮ ਦੀ ਵੱਡੀ ਸਮੱਸਿਆ ਇਹ ਵੀ ਹੈ ਕਿ ਸ਼ਰਾਬ ਨੂੰ ਅਜੇ ਤੱਕ ਨਸ਼ਾ ਨਹੀਂ ਮੰਨਿਆ ਗਿਆ ਜਦੋਂ ਕਿ ਸ਼ਰਾਬ ਮਨੁੱਖੀ ਸਿਹਤ, ਸਮਾਜ ਤੇ ਆਰਥਿਕਤਾ ਲਈ ਵੱਡੀ ਬਰਬਾਦੀ ਹੈ। (Problems)

ਆਬਕਾਰੀ ਵਿਭਾਗ ਕਮਾ ਰਿਹਾ ਹੈ | Problems

ਸ਼ਰਾਬਬੰੰਦੀ ਵਾਲੇ ਸੂਬਿਆਂ ਨੂੰ ਛੱਡ ਕੇ ਕੋਈ ਵਿਰਲਾ ਸੂਬਾ ਹੀ ਹੈ ਜਿੱਥੇ ਸਰਕਾਰ ਸ਼ਰਾਬ ਤੋਂ ਹੋ ਰਹੀ ਕਮਾਈ ’ਤੇ ਮਾਣ ਨਹੀਂ ਕਰ ਰਹੀ ਹੈ ਹਰ ਸੂਬਾ ਸਰਕਾਰ ਕਹਿੰਦੀ ਹੈ ਕਿ ਆਬਕਾਰੀ ਵਿਭਾਗ ਨੇ ਪਿਛਲੇ ਸਾਲ ਨਾਲੋਂ ਵੱਧ ਮਾਲੀਆ ਇਕੱਠਾ ਕੀਤਾ ਹੈ। ਇਹ ਸਿਰਫ ਸ਼ਬਦਾਂ ਦਾ ਤਕਨੀਕੀ ਹੇਰਫੇਰ ਹੈ। ਸੁੂਬਿਆਂ ਦੇ ਵਿੱਤ ਮੰਤਰੀ ਇਹੀ ਕਹਿੰਦੇ ਹਨ ਕਿ ਆਬਕਾਰੀ ਵਿਭਾਗ ਕਮਾ ਰਿਹਾ ਹੈ ਉਹ ਇਹ ਨਹੀਂ ਕਹਿੰਦੇ ਕਿ ਸੂਬੇ ’ਚ ਸ਼ਰਾਬ ਜ਼ਿਆਦਾ ਵਿਕ ਰਹੀ ਹੈ, ਲੋਕ ਸ਼ਰਾਬ ਜ਼ਿਆਦਾ ਪੀ ਰਹੇ ਹਨ ਤੇ ਸਰਕਾਰ ਨੂੰ ਮੋਟਾ ਪੈਸਾ ਆ ਰਿਹਾ ਹੈ। ਹਕੀਕਤ ਇਹੀ ਹੈ ਪਰ ਉਹ ਸ਼ਬਦਾਂ ਦੇ ਹੇਰ-ਫੇਰ ’ਚ ਅਸਲੀ ਗੱਲ ਨੂੰ ਲੁਕਾ ਰਹੇ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਸ ਸੂਬੇ ਨੂੰ ਸ਼ਰਾਬ ਤੋਂ ਆਮਦਨ ਵਧੇਗੀ ਉਸ ਸੂਬੇ ਦੇ ਲੋਕਾਂ ਦੀ ਸਿਹਤ, ਮਾਨਸਿਕਤਾ ਤੇ ਆਰਥਿਕਤਾ ਖੋਖਲੀ ਹੋ ਜਾਵੇਗੀ।

ਇਸ ਕਰਕੇ ਹੀ ਲੜਾਈ-ਝਗੜੇ, ਹਾਦਸੇ, ਬਿਮਾਰੀਆਂ, ਖੁਦਕੁਸ਼ੀਆਂ ਵਧ ਰਹੀਆਂ ਹਨ। ਇੱਕ ਪਾਸੇ ਲਿਖਾਇਆ ਜਾਂਦਾ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਦੂਜੇ ਪਾਸੇ ਸਰਕਾਰੀ ਮਨਜ਼ੂਰੀ ਨਾਲ ਖੁੱਲ੍ਹੇ ਠੇਕੇ ਤੋਂ ਡਰਾਇਵਰ ਸ਼ਰਾਬ ਖਰੀਦਦੇ ਹਨ। ਸ਼ਰਾਬ ਪੀਣ ਵਾਲੇ ਲੋਕ ਕਿਸ ਤਰ੍ਹਾਂ ਦੇ ਸਮਾਜ ਦਾ ਨਿਰਮਾਣ ਕਰਨਗੇ ਇਸ ਗੱਲ ਦਾ ਕਿਸੇ ਨੂੰ ਵੀ ਭੁਲੇਖਾ ਨਹੀਂ ਹੋਣਾ ਚਾਹੀਦਾ। ਅਸਲ ’ਚ ਸੁਧਾਰ ਦੇਸ਼ ਦੇ ਸੱਭਿਆਚਾਰ ਨਾਲ ਜੁੜ ਕੇ ਹੀ ਹੋਣਾ ਹੈ। ਸ਼ਰਾਬ ਨੂੰ ਧਰਮਾਂ ਤੇ ਸੱਭਿਆਚਾਰ ਨੇ ਨਕਾਰਿਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਪੰਜਾਬ ਸਰਕਾਰ ਨੇ ਕਰ ਦਿੱਤੀ ਰਾਸ਼ੀ ਜਾਰੀ, ਜਾਣੋ ਆਵੇਗੀ ਕਿਹੜੇ ਕੰਮ…

ਸ਼ਰਾਬ ਨੂੰ ਬੁਰਾਈ ਮੰਨਿਆ ਗਿਆ ਹੈ ਫਿਰ ਸ਼ਰਾਬ ਵੇਚ ਕੇ ਆਰਥਿਕ ਤਰੱਕੀ ਦੀ ਆਸ ਨਹੀਂ ਕਰਨੀ ਚਾਹੀਦੀ। ਇਹੀ ਹਾਲ ਮਨੋਰੰਜਨ ਦਾ ਹੈ। ਆਨਲਾਈਨ ਗੇਮਾਂ ਨੂੰ ਪ੍ਰਮੋਟ ਕਰਕੇ ਸਮਾਜ ਗਿਰਾਵਟ ਵੱਲ ਹੀ ਜਾਏਗਾ। ਆਨਲਾਈਨ ਗੇਮਾਂ ਬਚਪਨ ਨੂੰ ਨਿਘਾਰ ਵੱਲ ਲੈ ਕੇ ਜਾ ਰਹੀਆਂ ਹਨ। ਬੱਚੇ ਮਾਤਾ-ਪਿਤਾ ਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਬੱਚਿਆਂ ਨੂੰ ਅੱਗੇ ਲਿਜਾਣ ਲਈ ਸਰਕਾਰਾਂ ਨਵੇਂ-ਨਵੇਂ ਨਾਵਾਂ ਵਾਲੇ ਚੰਗੇ ਸਕੂਲ ਖੋਲ੍ਹ ਰਹੀਆਂ ਹਨ ਜੋ ਸ਼ਲਾਘਾਯੋਗ ਹੈ ਪਰ ਜਿਸ ਤਰ੍ਹਾਂ ਦੀ ਕਲਚਰ ਬੱਚਿਆਂ ਨੂੰ ਮਿਲ ਰਹੀ ਹੈ ਉਹ ਬੱਚਿਆਂ ਦਾ ਨੁਕਸਾਨ ਹੀ ਕਰ ਰਹੀ ਹੈ। ਇਲਾਜ ਲਈ ਸਹੂਲਤਾਂ ਦੇਣਾ ਵੀ ਚੰਗਾ ਹੈ ਪਰ ਸ਼ਰਾਬ ਦੇ ਠੇਕਿਆਂ ਦਾ ਵਧਣਾ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਦੀ ਭਰਮਾਰ ਸਮਾਜ ਨੂੰ ਤਬਾਹੀ ਵੱਲ ਲੈ ਕੇ ਜਾਵੇਗੀ। ਸਿਰਫ ਆਰਥਿਕ ਮਜ਼ਬੂਤੀ ਹੀ ਤਰੱਕੀ ਦਾ ਆਧਾਰ ਨਹੀਂ ਸਗੋਂ ਤੰਦਰੁਸਤੀ ਤੇ ਚਰਿੱਤਰ ਹੀ ਮਨੁੱਖੀ ਜੀਵਨ ਦੇ ਅਸਲੀ ਗਹਿਣੇ ਹਨ। ਜੋ ਅਮਨ ਪਸੰਦ, ਨਸ਼ਾ ਰਹਿਤ ਤੇ ਖੁਸ਼ਹਾਲ ਸਮਾਜ ਦੀ ਨਿਸ਼ਾਨੀ ਹਨ।