ਮਾਲ ਗੱਡੀਆਂ ਨੂੰ ਕਿਸਾਨ ਦੇਣਗੇ ਰਾਹ, ਬਿਜਲੀ ਤੇ ਇੰਡਸਟਰੀਜ਼ ਤੋਂ ਖ਼ਤਮ ਹੋਏਗਾ ਸੰਕਟ

ਅਜੇ ਕੇਂਦਰ ਨਾਲ ਜਾਰੀ ਰਹੇਗਾ ਘੋਲ, ਅਗਲੀ ਰਣਨੀਤੀ ਲਈ ਮੀਟਿੰਗ 4 ਨਵੰਬਰ ਨੂੰ : ਕਿਸਾਨ ਆਗੂ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਉਦਯੋਗਾਂ ਨੂੰ ਪੈ ਰਹੀ ਮਾਰ ਅਤੇ ਕੋਲੇ ਸਣੇ ਖਾਦ ਦੀ ਘਾਟ ਨੂੰ ਦੇਖਦੇ ਹੋਏ ਕਿਸਾਨ ਜਥੇਬੰਦੀਆਂ ਵਲੋਂ 5 ਨਵੰਬਰ ਤੱਕ ਮਾਲ ਗੱਡੀਆਂ ਨੂੰ ਪੰਜਾਬ ‘ਚ ਐਂਟਰੀ ਦੇਣ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ ਚਲਦੇ ਨਾ ਸਿਰਫ਼ ਪੰਜਾਬ ਵਿੱਚ ਆ ਕੇ ਮਾਲ ਗੱਡੀਆਂ ਆਪਣਾ ਸਮਾਨ ਲਾਹ ਸਕਣਗੀਆਂ, ਸਗੋਂ ਪੰਜਾਬ ਦੇ ਗੁਦਾਮਾਂ ਵਿੱਚ ਪਿਆ ਪਹਿਲਾਂ ਤੋਂ ਅਨਾਜ ਵੀ ਮਾਲ ਗੱਡੀਆਂ ਲੈ ਕੇ ਜਾ ਸਕਣਗੀਆਂ।

ਕਿਸਾਨ ਜਥੇਬੰਦੀਆਂ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡੇ ਪੱਧਰ ‘ਤੇ ਰਾਹਤ ਮਹਿਸੂਸ ਕੀਤੀ ਹੈ, ਜਦੋਂ ਕਿ ਪਿਛਲੇ 21 ਦਿਨਾਂ ਤੋਂ ਪੰਜਾਬ ਵਿੱਚ ਮਾਲ ਗੱਡੀਆਂ ਬੰਦ ਹੋਣ ਦੇ ਚਲਦੇ ਕੋਲੇ ਦੀ ਭਾਰੀ ਘਾਟ ਹੋ ਗਈ ਸੀ ਅਤੇ ਕਈ ਥਰਮਲ ਪਲਾਂਟ ਦੇ ਕੁਝ ਯੂਨਿਟ ਵੀ ਬੰਦ ਕਰਨੇ ਪਏ ਹਨ। ਇਸ ਨਾਲ ਹੀ ਇੰਡਸਟਰੀ ਲਈ ਕੱਚੇ ਮਾਲ ਦੀ ਸਪਲਾਈ ਨਹੀਂ ਆਉਣ ਕਾਰਨ ਪੰਜਾਬ ਵਿੱਚ ਇੰਸਟਰੀਜ਼ ਨੂੰ ਵੱਡੇ ਪੱਧਰ ‘ਤੇ ਮਾਰ ਪੈ ਰਹੀ ਸੀ। ਪੰਜਾਬ ਵਿੱਚ ਪੈਟਰੋਲ ਪੰਪ, ਮਾਲ ਅਤੇ ਰਿਟੇਲ ਸਟੋਰ ਸਣੇ ਟੋਲ ਪਲਾਜਾ ਵਿਖੇ ਚਲ ਰਹੇ ਧਰਨੇ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ ਅਤੇ ਇਨਾਂ ਨੂੰ ਹਟਾਇਆ ਨਹੀਂ ਜਾਏਗਾ।

ਚੰਡੀਗੜ ਵਿਖੇ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸ਼ਾਹਣੀ, ਬੀ.ਕੇ.ਯੂ. ਡਕੌਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਬੀ.ਕੇ.ਯੂ. ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਜਿਹੜੀ ਮੰਗ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਹੋਈ ਸੀ, ਉਸ ਵਿੱਚ ਅੰਸ਼ਿਕ ਜਿੱਤ ਕਿਸਾਨ ਜਥੇਬੰਦੀਆਂ ਦੀ ਹੋਈ ਹੈ। ਪੰਜਾਬ ਸਰਕਾਰ ਨੇ 3 ਕੇਂਦਰੀ ਖੇਤੀਬਾੜੀ ਬਿੱਲਾਂ ਖ਼ਿਲਾਫ਼ ਮਤਾ ਪੇਸ਼ ਕਰਨ ਦੇ ਨਾਲ ਹੀ ਆਪਣੇ ਤਿੰਨ ਬਿੱਲ ਵੀ ਪੇਸ਼ ਕੀਤੇ ਹਨ, ਜਿਸ ਨਾਲ ਕਿਸਾਨਾਂ ਨੂੰ ਕੁਝ ਹੱਦ ਤੱਕ ਫਾਇਦਾ ਹੋਏਗਾ ਪਰ ਮੁਕੰਮਲ ਤੌਰ ‘ਤੇ ਸਰਕਾਰ ਨੇ ਮੰਗਾਂ ਪੂਰੀ ਨਹੀਂ ਕੀਤੀਆਂ ਹਨ ਫਿਰ ਵੀ ਸਰਕਾਰ ਜਿਆਦਾ ਨਰਾਜ਼ਗੀ ਨਹੀਂ ਹੈ।

ਉਨਾਂ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਚਲ ਰਿਹਾ ਅੰਦੋਲਨ ਇਸੇ ਤਰੀਕੇ ਨਾਲ ਜਾਰੀ ਰਹੇਗਾ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਮੰਗ ਨੂੰ ਦੇਖਦੇ ਹੋਏ ਮਾਲ ਗੱਡੀਆਂ ਨੂੰ 5 ਨਵੰਬਰ ਤੱਕ ਪੰਜਾਬ ਵਿੱਚ ਚੱਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਰੇਲ ਪਟੜੀਆਂ ‘ਤੇ ਬੈਠੇ ਕਿਸਾਨ ਹੁਣ ਸਟੇਸ਼ਨ ਦੇ ਪਲੇਟਫਾਰਮ ‘ਤੇ ਧਰਨਾ ਦੇਣਗੇ, ਜਿਥੋਂ ਕਿ ਸਿਰਫ਼ ਮਾਲ ਗੱਡੀਆਂ ਨੂੰ ਰਾਹ ਦਿੱਤਾ ਜਾਏਗਾ। ਇਸ ਤੋਂ ਇਲਾਵਾ ਕੋਈ ਵੀ ਰੇਲ ਗੱਡੀ ਨੂੰ ਪੰਜਾਬ ਵਿੱਚ ਆਉਣ ਜਾਂ ਫਿਰ ਪੰਜਾਬ ਤੋਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।

ਉਨਾਂ ਕਿਹਾ ਕਿ ਪੰਜਾਬ ਦੇ ਇਨਾਂ ਬਿੱਲਾਂ ਨੂੰ ਰਾਜਪਾਲ ਦਸਤਖ਼ਤ ਕਰਦੇ ਹਨ ਜਾਂ ਫਿਰ ਨਹੀਂ ਅਤੇ ਰਾਸ਼ਟਰਪਤੀ ਕੋਲ ਜਾ ਕੇ ਇਨਾਂ ਬਿੱਲਾਂ ਬਾਰੇ ਕੀ ਹੋਏਗਾ। ਇਸ ਸਬੰਧੀ ਰਣਨੀਤੀ ਤਿਆਰ ਕਰਨ ਲਈ ਮੀਟਿੰਗ 4 ਨਵੰਬਰ ਨੂੰ ਸੱਦੀ ਗਈ ਹੈ, ਜਿਸ ਵਿੱਚ ਦਿੱਲੀ ਵਲ ਰੁੱਖ ਕਰਨ ਦਾ ਫੈਸਲਾ ਵੀ ਕੀਤਾ ਜਾ ਸਕਦਾ ਹੈ। ਇਨਾਂ ਦੱਸਿਆ ਕਿ ਪੰਜਾਬ ਵਿੱਚ ਕਿਸਾਨਾਂ ਦੀ ਜਿੱਤ ਨੂੰ ਦੇਖਦੇ ਹੋਏ ਹੋਰ ਸੂਬਿਆ ਦੀ ਕਿਸਾਨ ਜਥੇਬੰਦੀਆਂ ਵਲੋਂ ਵੀ ਆਪਣੇ ਆਪਣੇ ਸੂਬੇ ਵਿੱਚ ਇਹੋ ਜਿਹੇ ਬਿੱਲ ਪਾਸ ਕਰਵਾਉਣ ਲਈ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ। ਜੇਕਰ ਦੇਸ਼ ਭਰ ਦੇ 50 ਫੀਸਦੀ ਤੋਂ ਜਿਆਦਾ ਸੂਬਿਆਂ ਵਿੱਚ ਕੇਂਦਰ ਦੇ ਖ਼ਿਲਾਫ਼ ਬਿੱਲ ਪਾਸ ਹੋ ਗਏ ਤਾਂ ਕੇਂਦਰ ਸਰਕਾਰ ਵਲੋਂ ਤਿਆਰ ਕੀਤੇ ਗਏ ਤਿੰਨੇ ਐਕਟ ਖ਼ਤਮ ਵੀ ਹੋ ਸਕਦੇ ਹਨ।

ਦਿੱਲੀ ‘ਚ ਹੋਏਗੀ 250 ਜਥੇਬੰਦੀਆਂ ਦੀ 27 ਨੂੰ ਮੀਟਿੰਗ

ਕਿਸਾਨ ਆਗੂਆਂ ਨੇ ਦੱਸਿਆ ਕਿ ਦਿੱਲੀ ਵਿਖੇ 27 ਅਕਤੂਬਰ ਨੂੰ 250 ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਣ ਜਾ ਰਹੀ ਹੈ। ਜਿਸ ਵਿੱਚ ਦੇਸ਼ ਪੱਧਰੀ ਅੰਦੋਲਨ ਕਰਨ ਦੇ ਨਾਲ ਹੀ ਕਈ ਹੋ ਮੁੱਦੇ ‘ਤੇ ਵਿਚਾਰ ਕੀਤਾ ਜਾਏਗਾ। ਇਨਾਂ ਦੱਸਿਆ ਕਿ ਨਵੰਬਰ ਦੇ ਪਹਿਲੇ ਹਫ਼ਤੇ ਦੇਸ਼ ਭਰ ‘ਚ ਚੱਕਾ ਜਾਮ ਦੀ ਬਿਊਂਤਬੰਦੀ ਵੀ ਇਸੇ ਮੀਟਿੰਗ ਵਿੱਚ ਬਣਾਈ ਜਾਏਗੀ।

ਰਿਲਾਇੰਸ ਪੈਟਰੋਲ ਪੰਪ ਮਾਲਕਾ ਨੇ ਕੀਤਾ ਹੰਗਾਮਾ

ਪੰਜਾਬ ਭਰ ਵਿੱਚ ਰਿਲਾਇੰਸ ਪੈਟਰੋਲ ਪੰਪ ਚਲਾਉਣ ਵਾਲੇ ਪੰਪ ਮਾਲਕਾਂ ਨੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਆ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜੰਮ ਕੇ ਹੰਗਾਮਾ ਵੀ ਹੋਇਆ। ਇਨਾਂ ਦਾ ਰੋਸ ਸੀ ਕਿ ਕਿਸਾਨਾਂ ਵਲੋਂ ਆਪਣੇ ਲਈ ਖਾਦ ਦੀਆਂ ਗੱਡੀਆਂ ਨੂੰ ਪੰਜਾਬ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ, ਜਦੋਂ ਕਿ ਉਨਾਂ ਦੇ ਪੈਟਰੋਲ ਪੰਪਾਂ ਦੇ ਬਾਹਰ ਪਿਛਲੇ 20 ਦਿਨਾਂ ਤੋਂ ਚਲ ਰਹੇ ਧਰਨੇ ਨੂੰ ਹਟਾਇਆ ਨਹੀਂ ਜਾ ਰਿਹਾ ਹੈ,

ਜਿਸ ਕਾਰਨ ਉਨਾਂ ਨੂੰ ਰੋਜ਼ਾਨਾ 50 ਹਜ਼ਾਰ ਰੁਪਏ ਤੱਕ ਦਾ ਨੁਕਸਾਨ ਹੋ ਰਿਹਾ ਹੈ। ਪੈਟਰੋਲ ਮਾਲਕਾਂ ਨੇ ਕਿਹਾ ਕਿ ਹਰ ਪੈਟਰੋਲ ਪੰਪ ‘ਤੇ 10 ਤੋਂ 25 ਮੁਲਾਜ਼ਮ ਕੰਮ ਕਰਦੇ ਹਨ ਅਤੇ ਪੈਟਰੋਲ ਪੰਪ ਬੰਦ ਹੋਣ ਦੇ ਕਾਰਨ ਇਨਾਂ ਮੁਲਾਜਮਾ ਦੇ ਪਰਿਵਾਰਾਂ ‘ਤੇ ਵੀ ਅਸਰ ਪੈ ਰਿਹਾ ਹੈ। ਜੇਕਰ ਇਨਾਂ ਦੇ ਵਿਰੋਧ ਕਰਨਾ ਹੈ ਤਾਂ ਸਿੱਧਾ ਕੰਪਨੀ ਵਿੱਚ ਜਾ ਕੇ ਕਰਨ, ਕਿਉਂਕਿ ਪੰਜਾਬ ਵਿੱਚ ਕੁਝ ਪੈਟਰੋਲ ਪੰਪ ਬੰਦ ਹੋਣ ਦੇ ਚਲਦੇ ਰਿਲਾਇੰਸ ਕੰਪਨੀ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈ ਪਰ ਉਨਾਂ ਨੂੰ ਰੋਜ਼ਾਨਾ ਮੋਟਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਜਥੇਬੰਦੀਆਂ ਦੇ ਆਗੂਆਂ ਨੇ ਇਨਾਂ ਪੈਟਰੋਲ ਪੰਪ ਮਾਲਕਾ ਨੂੰ ਜਲਦ ਹੀ ਮੀਟਿੰਗ ਕਰਨ ਤੋਂ ਬਾਅਦ ਚੰਗਾ ਫੈਸਲਾ ਕਰਨ ਦਾ ਭਰੋਸਾ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.