29 ਦਿਨਾਂ ਤੋਂ ਰੇਲਵੇ ਸਟੇਸ਼ਨਾਂ ‘ਤੇ ਬੈਠੇ ਕਿਸਾਨ, ਮਾਲ ਗੱਡੀਆਂ ਚੱਲਣ ਬਾਰੇ ਨਹੀਂ ਹੋਇਆ ਕੋਈ ਐਲਾਨ

5 ਨਵੰਬਰ ਨੂੰ ਹੋਵੇਗਾ ਦੇਸ਼ ਭਰ ਵਿੱਚ ਚੱਕਾ ਜਾਮ : ਕਿਸਾਨ ਆਗੂ

ਫਿਰੋਜ਼ਪੁਰ, (ਸਤਪਾਲ ਥਿੰਦ)। ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨਾਂ ‘ਤੇ ਚੱਲ ਰਹੇ ਧਰਨੇ ਅੱਜ 29ਵੇਂ ਦਿਨ ਵਿੱਚ ਦਾਖਲ ਹੋ ਗਏ ਹਨ। ਇਸ ਦੌਰਾਨ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਵੀ ਜਾਮ ਕੀਤੇ ਗਏ ਸਨ ਪਰ ਪੰਜਾਬ ‘ਚ ਜ਼ਰੂਰਤਮੰਦ ਵਸਤਾਂ ਦੀ ਆ ਰਹੀ ਕਮੀ ਨੂੰ ਦੇਖਦਿਆਂ ਕਿਸਾਨ ਜੱਥੇਬੰਦੀਆਂ ਵੱਲੋਂ ਇੱਕ ਮੀਟਿੰਗ ਸੱਦ ਕੇ ਰੇਲਵੇ ਟ੍ਰੈਕਾਂ ਤੋਂ ਧਰਨੇ ਹਟਾ ਕੇ ਸਿਰਫ ਮਾਲ ਗੱਡੀਆਂ ਚੱਲਣ ਦਾ ਐਲਾਨ ਕਰ ਦਿੱਤਾ ਸੀ।

ਜਿਸ ਤੋਂ ਬਾਅਦ ਰੇਲਵੇ ਵੱਲੋਂ ਪੰਜਾਬ ‘ਚ ਮਾਲ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਕਈ ਥਾਵਾਂ ‘ਤੇ ਕੁਝ ਗੱਡੀਆਂ ਦੇ ਵਿਰੋਧ ਮਗਰੋਂ ਰੇਲਵੇ ਵੱਲੋਂ ਪੰਜਾਬ ‘ਚ 29 ਅਕਤੂਬਰ ਤੱਕ ਮਾਲ ਗੱਡੀਆਂ ਨਾ ਚਲਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ‘ਚ ਮਾਲ ਗੱਡੀਆਂ ਨੂੰ ਚਲਾਉਣ ਜਾ ਨਾ ਚਲਾਉਣ ਲਈ ਕੋਈ ਨਵਾਂ ਐਲਾਨ ਨਹੀਂ ਕੀਤਾ ਗਿਆ, ਜਿਸ ਸਬੰਧੀ ਅਪਰ ਰੇਲ ਮੰਡਲ ਪ੍ਰਬੰਧਕ ਫਿਰੋਜ਼ਪੁਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੰਡਲ ਦਾ ਸਟਾਫ਼ ਪੂਰੀ ਤਰ੍ਹਾਂ ਤਿਆਰ -ਬ- ਤਿਆਰ ਹੈ ਜੇਕਰ ਗੱਡੀਆਂ ਚਲਾਉਣ ਬਾਰੇ ਕੋਈ ਫੈਸਲਾ ਹੋਇਆ ਤਾਂ ਗੱਡੀਆਂ ਚਲਾਈਆਂ ਜਾਣਗੀਆਂ ਪਰ ਅਜੇ ਗੱਡੀਆਂ ਰੋਕੀਆਂ ਹੋਈਆਂ ਹਨ ਫਿਲਹਾਲ ਅਜੇ ਤੱਕ ਕੋਈ ਫਾਈਨਲ ਸਟੇਟਸ ਉਹਨਾਂ ਤੱਕ ਨਹੀਂ ਆਇਆ ।

ਦੂਜੇ ਪਾਸੇ ਮਾਲ ਗੱਡੀਆਂ ਦੇ ਬੰਦ ਹੋਣ ਦੇ ਅਸਰ ਨੂੰ ਦੇਖੀਏ ਤਾਂ ਕੋਲੇ ਦੀ ਕਮੀ ਕਾਰਨ ਬਿਜਲੀ ਗੁੱਲ ਹੋਣ ਦਾ ਦੱਸਿਆ ਜਾ ਰਿਹਾ ਹੈ Àੁੱਧਰ ਕਿਸਾਨ ਵੀ ਯੂਰੀਆ ਨੂੰ ਲੈ ਕੇ ਹੁਣ ਤੋਂ ਹੀ ਫਿਕਰਮੰਦ ਦਿਖ ਰਹੇ ਹਨ। ਪਰ ਕਿਸਾਨੀ ਹੱਕਾਂ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਜੱਥੇਬੰਦੀਆਂ ਕਿਸਾਨਾਂ ਨੂੰ ਨਾਲ ਲੈ ਕੇ 29 ਦਿਨਾਂ ਤੋਂ ਰੇਲ ਰੋਕੂ ਅੰਦੋਲਨ ਦੇ ਚੱਲਦਿਆਂ ਸਟੇਸ਼ਨਾਂ ‘ਤੇ ਧਰਨੇ ਲਗਾ ਕੇ ਡਟੀਆਂ ਹੋਈਆਂ ਹਨ।

ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਦਿਨ ਪ੍ਰਤੀ ਦਿਨ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਦਿੱਲੀ ਵਿੱਚ ਦੇਸ਼ ਭਰ ਦੇ ਕਿਸਾਨਾਂ ਨੇ ਇੱਕਮੁੱਠ ਹੋ ਕੇ 5 ਨਵੰਬਰ ਨੂੰ  ਦੇਸ਼ ਭਰ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਅਤੇ 26-27 ਨਵੰਬਰ ਨੂੰ ਕਿਸਾਨ ਦਿੱਲੀ ਨੂੰ ਘੇਰਨਗੇ ਤੇ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.