ਗੁਲਾਬੀ ਸੁੰਡੀ ਕਾਰਨ ਬਰਬਾਦ ਹੋਏ ਨਰਮੇ ਦਾ ਜਾਇਜ਼ਾ ਲੈਣ ਪਹੁੰਚੇ ਸੁਖਬੀਰ ਦਾ ਕਿਸਾਨਾਂ ਵੱਲੋਂ ਵਿਰੋਧ

Farmers Protest Sachkahoon

ਕਿਸਾਨਾਂ ਨੇ ਸੁਖਬੀਰ ਬਾਦਲ ਮੁਰਦਾਬਾਦ ਦੇ ਨਾਅਰੇ ਲਾ ਕੇ ਵਿਖਾਈਆਂ ਕਾਲੀਆਂ ਝੰਡੀਆਂ

(ਮਨਜੀਤ ਨਰੂਆਣਾ/ਸੁਖਤੇਜ ਧਾਲੀਵਾਲ) ਸੰਗਤ ਮੰਡੀ। ਬਠਿੰਡਾ-ਡੱਬਵਾਲੀ ਰਾਸਟਰੀ ਮਾਰਗ ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਸ ਸਮੇਂ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦ ਉਹ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈੇ ਨਰਮੇ ਦਾ ਜਾਇਜਾ ਲੈਣ ਪਹੁੰਚੇ ਸਨ। ਕਿਸਾਨਾਂ ਵੱਲੋਂ ਸੁਖਬੀਰ ਬਾਦਲ ਨੂੰ ਰੋਸ ’ਚ ਕਾਲੀਆਂ ਝੰਡੀਆਂ ਵਿਖੇ ਕੇ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ।

ਜਾਣਕਾਰੀ ਮੁਤਾਬਿਕ ਕਿਸਾਨਾਂ ਨੂੰ ਜਦ ਸੁਖਬੀਰ ਬਾਦਲ ਦੀ ਆਮਦ ਦੀ ਸੂਚਨਾ ਮਿਲੀ ਤਾਂ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂਆਂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪਿੰਡ ਦੇ ਬੱਸ ਸਟੈਂਡ ਨਜ਼ਦੀਕ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਗਏ। ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਸੈਂਕੜੇ ਦੀ ਗਿਣਤੀ ’ਚ ਪੁਲਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ ਪੂਰਾ ਇਲਾਕਾ ਪੁਲਸ ਛਾਉਣੀ ’ਚ ਤਬਦੀਲ ਕੀਤਾ ਹੋਇਆ ਸੀ ਸੁਖਬੀਰ ਬਾਦਲ ਦਾ ਵਿਰੋਧ ਪੁਲਸ ਲਈ ਸਿਰਦਰਦੀ ਬਣਿਆ ਹੋਇਆ ਸੀ, ਜਦ ਸੁਖਬੀਰ ਬਾਦਲ ਦੀ ਗੱਡੀਆਂ ਦਾ ਕਾਫ਼ਲਾ ਗੁਜਰਿਆ ਤਾਂ ਕਿਸਾਨਾਂ ਵੱਲੋਂ ਸੁਖਬੀਰ ਬਾਦਲ ਮੁਰਦਾਬਾਦ ਦੇ ਨਾਅਰਿਆ ਨਾਲ ਉਨ੍ਹਾਂ ਦਾ ਕਾਲੀਆ ਝੰਡੀਆਂ ਨਾਲ ਸਵਾਗਤ ਕੀਤਾ ਗਿਆ।

ਯੂਨੀਅਨ ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਪੁੱਤਾ ਵਾਂਗ ਪਾਲੀ ਨਰਮੇ ਦੀ ਫਸਲ ਸੌ ਫੀਸਦੀ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋ ਚੁੱਕੀ ਹੈ, ਉਨ੍ਹਾਂ ਦੱਸਿਆ ਕਿ ਜਿਸ ਸਮੇਂ ਸੂਬੇ ’ਚ ਬਾਦਲ ਸਰਕਾਰ ਸੀ ਉਸ ਸਮੇਂ ਵੀ ਕਿਸਾਨਾਂ ਦੀ ਨਰਮੇ ਦੀ ਫਸਲ ਖਰਾਬ ਹੋਈ ਸੀ, 15 ਦਿਨ ਬਠਿੰਡਾ ’ਚ ਧਰਨਾ ਲਗਾ ਕੇ ਬੜੀ ਮੁਸ਼ਕਿਲ ਨਾਲ ਪ੍ਰਤੀ ਏਕੜ ਅੱਠ ਹਜ਼ਾਰ ਰੁਪਏ ਮੁਆਵਜ਼ਾ ਲਿਆ ਸੀ ਉਨ੍ਹਾਂ ਕਿਹਾ ਕਿ ਹੁਣ ਪਿਛਲੇ ਕਿੰਨੇ ਦਿਨ੍ਹਾਂ ਤੋਂ ਕਿਸਾਨ ਨਰਮੇ ਦੀ ਬਰਬਾਦੀ ਦਾ ਰੋਣਾ ਰੌ ਰਹੇ ਹਨ ਪਰ ਅੱਜ ਸੁਖਬੀਰ ਬਾਦਲ ਨੂੂੰ ਕਿਸਾਨਾਂ ਦਾ ਕਿਵੇ ਚੇਤਾ ਆ ਗਿਆ, ਇਹ ਸਿਰਫ ਚੋਣ ਸਟੰਟ ਹੈ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਇਹ ਚਾਲ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਰਾਜਨੀਤਿਕ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਪਿਛਲੇ 70 ਸਾਲਾਂ ਤੋਂ ਲੁੱਟਿਆ ਜਾ ਰਿਹਾ ਹੈ, ਕਿਸਾਨਾ ਦੇ ਕੱਖ ਪੱਲ੍ਹੇ ਨਹੀਂ ਪਾਇਆ, ਹੁਣ ਕਿਸਾਨ ਜਾਗ ਚੁੱਕਿਆ, ਇਹ ਸਿਆਸੀ ਪਾਰਟੀਆਂ ਦਿੱਲੀ ਮੋਰਚੇ ਨੂੰ ਢਾਹ ਲਗਾਉਣੀਆਂ ਚਾਹੰਦੀਆਂ ਹਨ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਸਮਾਂ ਖ਼ੇਤੀ ਸਬੰਧੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਸਮਾਂ ਉਹ ਸਿਆਸੀ ਆਗੂਆਂ ਦਾ ਵਿਰੋਧ ਕਰਦੇ ਰਹਿਣਗੇ।

ਪੱਕਾ ਕਲਾਂ ਤੋਂ ਪੁਸ਼ਪਿੰਦਰ ਸਿੰਘ ਅਨੁਸਾਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਗੁਲਾਬੀ ਸੁੰਡੀ ਕਾਰਨ ਹੋਏ ਨਰਮੇ ਦਾ ਜਾਇਜਾ ਲੈਣ ਲਈ ਹਲਕਾ ਤਲਵੰਡੀ ਸਾਬੋ ਵਿੱਚ ਦੌਰਾ ਰੱਖਿਆ ਗਿਆ ਸੀ। ਜਦ ਇਸ ਗੱਲ ਦਾ ਪਤਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਤੇ ਡਕੌਂਦਾ ਨੂੰ ਲੱਗਿਆ ਤਾਂ ਉਨ੍ਹਾਂ ਵੱਲੋਂ ਸੁਖਬੀਰ ਬਾਦਲ ਦਾ ਡਟ ਕੇ ਵਿਰੋਧ ਕੀਤਾ ਗਿਆ। ਸਿੱਧੂਪੁਰ ਦੇ ਬਲਾਕ ਪ੍ਰਧਾਨ ਜਬਰਜੰਗ ਸਿੰਘ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਵੱਲੋਂ ਹਮੇਸ਼ਾਂ ਹੀ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ 2015 ਵਿੱਚ ਜਦ ਨਰਮੇ ਨੂੰ ਚਿੱਟਾ ਮੱਛਰ ਪਿਆ ਸੀ ,ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਤੋਤਾ ਸਿੰਘ ਖੇਤੀ ਮੰਤਰੀ ਸੀ। ਉਸ ਸਮੇਂ ਅਕਾਲੀ ਦਲ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੰਗਲ ਸਿੰਘ ਤੇ ਪਰਚਾ ਪਾਇਆ ਗਿਆ ਪਰ ਅੰਦਰਖਾਤੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਕੇ ਬਰੀ ਕਰ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਜੇਕਰ ਉਦੋਂ ਸਰਕਾਰ ਸਖਤੀ ਨਾਲ ਪੇਸ਼ ਆਉਂਦੀ ਤਾਂ ਅੱਜ ਕਿਸਾਨਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਉਨ੍ਹਾਂ ਕਿਹਾ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਨ੍ਹਾਂ ਦੀ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਵਾਈ ਜਾਵੇਗੀ ਪਰ ਜਦ ਕਿਸਾਨ ਜਥੇਬੰਦੀਆਂ ਦੀ ਕੋਈ ਗੱਲ ਨਾ ਹੋਈ ਤਾਂ ਉਨ੍ਹਾਂ ਵੱਲੋਂ ਜੰਮ ਕੇ ਨਾਅਰੇਬਾਜੀ ਕੀਤੀ ਗਈ।

ਤੁਰੰਤ ਦਿੱਤਾ ਜਾਵੇ ਮੁਆਜ਼ਵਾ : ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਏ ਨਰਮੇ ਦਾ ਜਾਇਜਾ ਲੈਣ ਮੌਕੇ ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਨੇ ਕਿਸਾਨਾਂ ਦਾ ਨਰਮਾ ਲਗਭਗ 70 ਫੀਸਦੀ ਬਰਬਾਦ ਕਰਕੇ ਰੱਖ ਦਿੱਤਾ, ਕਿਸਾਨਾਂ ਦੇ ਨਾਲ-ਨਾਲ ਇਸ ਦਾ ਮਜ਼ਦੂਰ ਪਰਿਵਾਰ ਵੀ ਆਰਥਿਕ ਬੋਝ ਥੱਲੇ ਆ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਜਿਵੇ ਅਕਾਲੀ ਸਰਕਾਰ ਦੇ ਸਮੇਂ ਖ਼ਰਾਬ ਨਰਮੇ ਦਾ ਮੁਆਵਜ਼ਾ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਨੂੰ ਵੀ ਦਿੱਤਾ ਸੀ ਉਸ ਤਰ੍ਹਾਂ ਤੁਰੰਤ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਨਰਮੇ ਦੇ ਗੁਲਾਬੀ ਸੁੰਡੀ ਪੈਣ ਦਾ ਕਾਰਨ ਘਟੀਆ ਕਿਸਮ ਦੇ ਬੀਜ਼ ਤੇ ਨਕਲੀ ਕੀਟਨਾਸ਼ਕ ਦਵਾਈਆਂ ਹਨ। ਇਸ ਮੌਕੇ ਉਨ੍ਹਾਂ ਨਾਲ ਪ੍ਰਕਾਸ਼ ਭੱਟੀ, ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਜਗਰੂਪ ਸਿੰਘ ਸੰਗਤ, ਰੇਸਮ ਸਿੰਘ ਸੰਗਤ, ਕੁੱਕੂ ਮਾਨ ਬਾਂਡੀ, ਬੁੱਧਾ ਝੁੰਬਾ ਤੋਂ ਇਲਾਵਾ ਵੱਡੀ ਗਿਣਤੀ ’ਚ ਅਕਾਲੀ ਵਰਕਰ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ