ਬਜ਼ੁਰਗ ਭੁੱਲ ਜਾਣ 2 ਹਜ਼ਾਰ ਰੁਪਏ ਪੈਨਸ਼ਨ, 750 ਮਿਲਦੇ ਰਹਿਣ ਤਾਂ ਵੀ ਰੱਬ-ਰੱਬ ਕਰੀਓ!

pension | ਮੌਜੂਦਾ ਪੈਨਸ਼ਨ ਨਾਲ ਖ਼ਰਚ ਰਿਹਾ ਐ 1314 ਕਰੋੜ ਰੁਪਏ, ਪੈਨਸ਼ਨ 2 ਹਜ਼ਾਰ ਕੀਤੀ ਤਾਂ ਖ਼ਰਚ ਕਰਨਾ ਪਏਗਾ 3500 ਕਰੋੜ

ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਦੇ ਬਜ਼ੁਰਗਾ ਤੋਂ ਲੈ ਕੇ ਵਿਧਵਾਵਾਂ ਅਤੇ ਅਪਾਹਜ ਕਾਂਗਰਸ ਸਰਕਾਰ ਦੌਰਾਨ 2 ਹਜ਼ਾਰ ਰੁਪਏ ਪੈਨਸ਼ਨ ਮਿਲਣ ਦਾ ਸੁਫਨਾ ਦੇਖਣਾ ਹੀ ਬੰਦ ਕਰਕੇ 2 ਹਜ਼ਾਰ ਰੁਪਏ ਤੱਕ ਦੇ ਪੈਨਸ਼ਨ ਵਾਧੇ ਨੂੰ ਭੁੱਲ ਹੀ ਜਾਣ, ਕਿਉਂਕਿ ਜੇਕਰ ਅਗਲੇ ਸਾਲਾਂ ਦੌਰਾਨ ਇਨਾਂ ਪੈਨਸ਼ਨਰਾਂ ਨੂੰ 750 ਰੁਪਏ ਪੈਨਸ਼ਨ ਹੀ ਲਗਾਤਾਰ ਮਿਲਦੀ ਰਹੇ ਤਾਂ ਵੀ ਇਹ ਰੱਬ-ਰੱਬ ਕਰਨ, ਕਿਉਂਕਿ ਜਿਹੜੀ ਸਥਿਤੀ ਇਸ ਸਮੇਂ ਪੰਜਾਬ ਦੇ ਖਜਾਨੇ ਦੀ ਹੈ, ਉਸ ਹਿਸਾਬ ਨਾਲ ਤਾਂ ਪੰਜਾਬ ਸਰਕਾਰ ਵਲੋਂ ਇਨਾਂ ਪੈਨਸ਼ਨਰਾਂ ਨੂੰ 750 ਰੁਪਏ ਦੇਣਾ ਵੀ ਔਖਾ ਲਗ ਰਿਹਾ ਹੈ। ਪੰਜਾਬ ਦੇ 21 ਲੱਖ 90 ਹਜ਼ਾਰ ਪੈਨਸ਼ਨਰਾ ਨੂੰ ਵਾਅਦੇ ਅਨੁਸਾਰ 2 ਹਜ਼ਾਰ ਰੁਪਏ ਪੈਨਸ਼ਨ ਨਾ ਦੇਣ ਦਾ ਐਲਾਨ ਕੋਈ ਹੋਰ ਨਹੀਂ ਸਗੋਂ ਇਸੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਭਾਗ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਖ਼ੁਦ ਕਰ ਰਹੀਂ ਹੈ।

ਅਰੁਣਾ ਚੌਧਰੀ ਨੇ ਕਾਂਗਰਸ ਪਾਰਟੀ ਵਲੋਂ ਕੀਤੇ ਗਏ ਚੋਣਾਂ ਦੇ ਸਮੇਂ ਤੋਂ ਪਹਿਲਾਂ ਵਾਅਦੇ ਨੂੰ ਭੁੱਲ ਜਾਣ ਦੀ ਹੀ ਨਸੀਹਤ ਦੇ ਦਿੱਤੀ ਹੈ। ਉਨਾਂ ਦਾ ਸਾਫ਼ ਕਹਿਣਾ ਹੈ ਕਿ ਜਿਹੜੀ ਹਾਲਤ ਇਸ ਸਮੇਂ ਪੰਜਾਬ ਦੇ ਖਜਾਨੇ ਦੀ ਹੋਈ ਪਈ ਹੈ, ਉਸ ਹਿਸਾਬ ਨਾਲ ਪੰਜਾਬ ਦੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਤੋਂ ਪੈਨਸ਼ਨ ਵਾਧੇ ਦੀ ਆਸ ਤੱਕ ਨਹੀਂ ਰੱਖਣੀ ਚਾਹੀਦੀ ਹੈ।

500 ਰੁਪਏ ਤੋਂ ਵਧਾ ਕੇ ਪੈਨਸ਼ਨ 2 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਸੀ

ਅਰੁਣਾ ਚੌਧਰੀ ਨੇ ਪੈਨਸ਼ਨ ਵਾਧੇ ਦੇ ਸੁਆਲ ‘ਤੇ ਕਿਹਾ ਕਿ ਉਨਾਂ ਨੂੰ ਪੂਰੀ ਤਰਾਂ ਜਾਣਕਾਰੀ ਹੈ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ 22 ਲੱਖ ਪੈਨਸ਼ਨਰਾਂ ਨੂੰ 500 ਰੁਪਏ ਤੋਂ ਵਧਾ ਕੇ ਪੈਨਸ਼ਨ 2 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਕਾਂਗਰਸ ਪਾਰਟੀ ਦੇ ਐਲਾਨ ਤੋਂ ਉਹ ਬਿਲਕੁਲ ਵੀ ਮੁਨਕਰ ਨਹੀਂ ਹੋ ਰਹੇ ਹਨ ਪਰ ਇਹ ਐਲਾਨ ਮੌਜੂਦਾ ਸਥਿਤੀਆਂ ਵਿੱਚ ਪੂਰਾ ਹੀ ਨਹੀਂ ਕੀਤਾ ਜਾ ਸਕਦਾ ਹੈ। ਉਨਾਂ ਸਪਸ਼ਟ ਕਿਹਾ ਕਿ ਇਸ ਸਮੇਂ ਸਰਕਾਰ ਕਿਸੇ ਵੀ ਨਵੇਂ ਵਿੱਤੀ ਬੋਝ ਨੂੰ ਸਹਿਣ ਦੀ ਹਾਲਤ ਵਿੱਚ ਨਹੀਂ ਹੈ ਅਤੇ ਪੈਨਸ਼ਨ ਵਾਧੇ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਹੈ। ਅਰੁਣਾ ਚੌਧਰੀ ਨੇ ਇਹ ਵੀ ਦੱਸਿਆ ਕਿ ਪੈਨਸ਼ਨ ਦਾ ਪਿਛਲਾ ਬੈਕਲਾਗ ਹੀ ਅਜੇ ਪੂਰਾ ਕੀਤਾ ਜਾ ਰਿਹਾ ਹੈ।

ਪਿਛਲੇ ਦਿਨੀਂ ਹੀ ਰੁਕੀ ਹੋਈ ਪੈਨਸ਼ਨ ਪੰਜਾਬ ਦੇ 21 ਲੱਖ 90 ਹਜ਼ਾਰ ਪੈਨਸ਼ਨਰਾਂ ਨੂੰ ਦਿੱਤੀ ਗਈ ਹੈ, ਜਦੋਂ ਕਿ ਇੱਕ ਮਹੀਨੇ ਦੀ ਪੈਨਸ਼ਨ ਅਜੇ ਵੀ ਸਰਕਾਰ ਵਲ ਬਕਾਇਆ ਚੱਲ ਰਹੀਂ ਹੈ। ਇਸ ਪੈਨਸ਼ਨ ਨੂੰ ਜਲਦ ਹੀ ਜਾਰੀ ਕਰਵਾਉਣ ਦੀਆਂ ਕੋਸ਼ਸ਼ਾਂ ਕਰਨ ਵਿੱਚ ਉਹ ਲਗੇ ਹੋਏ ਹਨ। ਪੰਜਾਬ ਸਰਕਾਰ ਦੇ ਅਨੁਮਾਨ ਅਨੁਸਾਰ 21 ਹਜ਼ਾਰ 90 ਪੈਨਸਨਰਾਂ ਨੂੰ ਇਸ ਸਮੇਂ ਹਰ ਸਾਲ 1314 ਕਰੋੜ ਰੁਪਏ ਖ਼ਰਚ ਕਰ ਰਹੀਂ ਹੈ ਅਤੇ ਜੇਕਰ 2 ਹਜ਼ਾਰ ਰੁਪਏ ਪੈਨਸ਼ਨ ਕਰ ਦਿੱਤੀ ਜਾਂਦੀ ਹੈ ਤਾਂ ਇਸ ਵਿੱਚ 2190 ਕਰੋੜ ਰੁਪਏ ਦਾ ਵਾਧਾ ਕਰਨਾ ਪਏਗਾ, ਇਸ ਵਾਧੇ ਨਾਲ ਪੰਜਾਬ ਸਰਕਾਰ ਦੀ ਸਾਰੀ ਵਿੱਤੀ ਸਥਿਤੀ ਹੀ ਹਿੱਲ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।