ਸਿੱਖਿਆ ਨੂੰ ਸਿਰਫ਼ ਅੰਕਾਂ ਦੀ ਦੌੜ ਤੋਂ ਮੁਕਤ ਕਰਨ ਦੀ ਲੋੜ

ਸਿੱਖਿਆ ਨੂੰ ਸਿਰਫ਼ ਅੰਕਾਂ ਦੀ ਦੌੜ ਤੋਂ ਮੁਕਤ ਕਰਨ ਦੀ ਲੋੜ

ਬੱਚੇ ਪੜ੍ਹਾਈ ਵਿੱਚ ਯੋਗਤਾ ਦੀ ਘਾਟ ਕਰਕੇ ਨਹੀਂ ਸਗੋਂ ਸਿੱਖਣ-ਸਿਖਾਉਣ ਲਈ ਲੋੜੀਂਦੇ ਹੁਨਰਾਂ ਤੋਂ ਅਣਜਾਣ ਹੋਣ ਕਰਕੇ ਔਖ ਮਹਿਸੂਸ ਕਰਦੇ ਹਨ। ਅਕਸਰ ਅਧਿਆਪਕ ਪਾਠਕ੍ਰਮ ਪੂਰਾ ਕਰਨ ਦੀ ਕਾਹਲ ਵਿੱਚ ਹੁੰਦੇ ਹਨ, ਜਿਸ ਕਰਕੇ ਬੱਚਿਆਂ ਨੂੰ ਪੜ੍ਹਾਈ ਨਾਲ ਸਬੰਧਤ ਬਹੁਤ ਜ਼ਰੂਰੀ ਗੱਲਾਂ ਸਿਖਾਉਣ ਲਈ ਸਮਾਂ ਨਹੀਂ ਮਿਲਦਾ।

ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਵਿੱਚ ਬੱਚੇ ਜੋ ਆਪਣੇ ਪੱਧਰ ‘ਤੇ ਸਿੱਖਦੇ ਹਨ ਉਸ ਨਾਲ ਹੀ ਕੰਮ ਚਲਾਉਂਦੇ ਹਨ। ਸਿੱਖਣ ਲਈ ਹੁਨਰ ਦੀ ਘਾਟ ਹੋਣ ਕਰਕੇ ਬੱਚੇ ਪੜ੍ਹਾਈ ਕਰਦੇ ਵਕਤ ਵੱਧ ਊਰਜਾ ਤੇ ਸਮਾਂ ਖਰਚ ਕਰਦੇ ਹਨ। ਇਸ ਨਾਲ ਉਨ੍ਹਾਂ ਦੇ ਯਤਨ ਜ਼ਿਆਦਾ ਤੇ ਪ੍ਰਾਪਤੀ ਘੱਟ ਹੁੰਦੀ ਹੈ। ਇਹ ਕਾਰਜ ਕਰਦੇ ਸਮੇਂ ਬੱਚੇ ਇੰਨੇ ਥੱਕ ਜਾਂਦੇ ਹਨ ਕਿ ਉਨ੍ਹਾਂ ਕੋਲ ਸਮਾਜੀਕਰਨ ਤੇ ਆਪਣੀ ਮਾਨਸਿਕ ਤੇ ਸਰੀਰਕ ਸਿਹਤ ਦੀ ਸਾਂਭ-ਸੰਭਾਲ ਲਈ ਉਤਸ਼ਾਹ ਮੁੱਕ ਜਾਂਦਾ ਹੈ। ਖੁਦ ਦੀ ਸੰਭਾਲ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ।

ਅੱਜ-ਕੱਲ੍ਹ ਭਾਰੀ ਕੰਮ ਕਰਨ ਦੀ ਥਾਂ ਸਮਾਰਟਵਰਕ ਕਰਨ ਦਾ ਜ਼ਮਾਨਾ ਹੈ । ਇਸ ਲਈ ਵਿਦਿਆਰਥੀਆਂ ਕੋਲ ਲੋੜੀਂਦੇ ਹੁਨਰ ਹੋਣੇ ਬਹੁਤ ਜ਼ਰੂਰੀ ਹਨ। ਇਹ ਕਲਾ ਸਿਖਾਉਣ ਲਈ ਜਿੱਥੇ ਅਧਿਆਪਕਾਂ ਦਾ ਵੱਡਾ ਰੋਲ ਹੁੰਦਾ ਹੈ, ਉੱਥੇ ਮਾਪਿਆਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਆਪਣੇ ਕੰਮਾਂ ਨੂੰ ਪੂਰਾ ਕਰਨ ਲਈ ਜੇਕਰ ਬੱਚਿਆਂ ਕੋਲ ਬਕਾਇਦਾ ਨੀਤੀਗਤ ਹੁਨਰ ਹੋਣਗੇ ਤਾਂ ਉਹ ਆਪਣੀਆਂ ਸਰਗਰਮੀਆਂ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਸਕਦੇ ਹਨ।

ਜਿਸ ਨਾਲ ਵਧੀਆ ਨਤੀਜੇ ਆਉਣਾ ਯਕੀਨਨ ਹੈ। ਬੱਚੇ ਆਮ ਤੌਰ ‘ਤੇ ਪੜ੍ਹਾਈ ਕਰਨ ਲਈ ਵਿਸ਼ੇਸ਼ ਪਹੁੰਚ ਨਹੀਂ ਅਪਣਾਉਂਦੇ ਜਾਂ ਇਹ ਕਹਿ ਲਉ ਕਿ ਉਨ੍ਹਾਂ ਕੋਲ ਕੋਈ ਵਿਧੀ-ਵਿਧਾਨ ਨਹੀਂ ਹੁੰਦਾ। ਕਾਰਜ ਯੋਜਨਾ ਦੇ ਨਾ ਹੋਣ ਕਰਕੇ ਬੱਚੇ ਅੰਦਰਲੀ ਲਿਆਕਤ ਵੀ ਜ਼ੀਰੋ ਹੋ ਜਾਂਦੀ ਹੈ। ਬੱਚੇ ਲਈ ਪਹਿਲੀ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਬਹੁਤ ਮਹੱਤਵਪੂਰਨ ਹੁੰਦੀ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਦੇ ਮਾਮਲੇ ‘ਚ ਸਕੂਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਨਾ ਹੁੰਦਾ ਹੈ।

ਪੜ੍ਹਾਈ ਛੋਟੇ ਤੇ ਵੱਡੇ ਟੀਚਿਆਂ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਨੇੜ ਭਵਿੱਖ ਵਾਲੇ ਟੀਚੇ ਪ੍ਰਾਪਤ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਜ਼ਰੂਰੀ ਹੁੰਦੀ ਹੈ ਜਦੋਂ ਕਿ ਸਮਾਂ ਪਾ ਕੇ ਹਾਸਲ ਹੋਣ ਵਾਲੀਆਂ ਪ੍ਰਾਪਤੀਆਂ ਲਈ ਸਹਿਜ਼ ਰਫ਼ਤਾਰ ਵਿੱਚ ਲਗਾਤਾਰ ਯਤਨ ਕਰਨੇ ਹੁੰਦੇ ਹਨ। ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕੋਸ਼ਿਸ਼ਾਂ ਦਾ ਕੱਦ ਵੱਡਾ ਹੋਵੇ ਤਾਂ ਮੁਕੱਦਰਾਂ ਨੂੰ ਝੁਕਣਾ ਹੀ ਪੈਂਦਾ ਹੈ। ਬੱਚਿਆਂ ਨੂੰ ਦੱਸੋ ਕਿ ਸੌਖੇ ਤੇ ਸਰਲ ਯਤਨਾਂ ਰਾਹੀਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। ਸਕੂਲ ਦੀ ਮਾਹੌਲ ਉਸਾਰੀ ਬਹੁਤ ਦਿਲਚਸਪ ਤੇ ਰੌਚਿਕ ਹੋਣੀ ਚਾਹੀਦੀ ਹੈ। ਜੇਕਰ ਬੱਚਾ ਸਕੂਲ ਆਉਣ ਵੇਲੇ ਖੁਸ਼ ਅਤੇ ਸਾਰੀ ਛੁੱਟੀ ਦੀ ਘੰਟੀ ‘ਤੇ ਜ਼ਿਆਦਾ ਉਤਸ਼ਾਹ ਨਾ ਵਿਖਾਵੇ ਤਾਂ ਸਮਝੋ ਸਕੂਲ ਬੱਚਿਆਂ ਲਈ ਖਿੱਚ ਦਾ ਕੇਂਦਰ ਹੈ।

ਪਹਿਲਾਂ ਅਧਿਆਪਕ ਪੜ੍ਹਾਉਣ ਵਕਤ ਇੱਕ ਬੱਚੇ ਨੂੰ ਖੜ੍ਹਾ ਕਰ ਦਿੰਦੇ ਤੇ ਜਦੋਂ ਉਹ ਥੱਕ ਜਾਂਦਾ ਅਗਲੇ ਨੂੰ ਕਹਿੰਦੇ ਤੂੰ ਪੜ੍ਹ ਤਾਂ ਅਗਲਾ ਬੱਚਾ ਪੜ੍ਹਨ ਲੱਗ ਜਾਂਦਾ। ਇਸ ‘ਤੂੰ ਪੜ੍ਹ’ ਅਧਿਆਪਨ ਵਿਧੀ ਨੇ ਬੱਚਿਆਂ ਦੇ ਵਿਕਾਸ ਨੂੰ ਬਰੇਕਾਂ ਲਾਈ ਰੱਖੀਆਂ ਕਿਉਂਕਿ ਇਸ ਪ੍ਰਕਿਰਿਆ ਦੌਰਾਨ ਆਪਸੀ ਸੰਵਾਦ ਜ਼ੀਰੋ ਹੁੰਦਾ ਸੀ । ਅਜਿਹੇ ਦੌਰ ਦੇ ਚੱਲਦਿਆਂ ਬੱਚੇ ਆਮ ਤੌਰ ‘ਤੇ ਪੜ੍ਹਾਈ ਨੂੰ ਰੱਟਾ ਲਾਉਂਦੇ ਸਨ। ਤੱਥਾਂ, ਘਟਨਾਵਾਂ ਤੇ ਸਿੱਟਿਆਂ ਨੂੰ ਦਿਮਾਗ ਦਾ ਪੱਕਾ ਹਿੱਸਾ ਬਣਾਉਣ ਤੱਕ ਲਗਾਤਾਰ ਪੜ੍ਹਦੇ ਰਹਿੰਦੇ ਸਨ।

ਉਹ ਅਕਸਰ ਮਿਤੀਆਂ, ਨਾਵਾਂ, ਸ਼ਬਦਾਂ, ਅੰਕੜਿਆਂ ਆਦਿ ਦੀ ਲਗਾਤਾਰ ਦੁਹਰਾਈ ਕਰਦੇ ਰਹਿੰਦੇ ਸਨ । ਪਰ ਹੁਣ ਨਵੀਂ ਪਹੁੰਚ ਮੁਤਾਬਿਕ ਅਧਿਆਪਕ ਸਿਖਲਾਈ ਪ੍ਰੋਗਰਾਮਾਂ ਵਿੱਚ ਸਿੱਖਣ ਦੀਆਂ ਇਨ੍ਹਾਂ ਕਸ਼ਟਦਾਇਕ ਵਿਧੀਆਂ ਨੂੰ ਮੁੱਢੋਂ ਨਕਾਰ ਦਿੱਤਾ ਗਿਆ ਹੈ। ਬੱਚਿਆਂ ਨੂੰ ਕਿਰਿਆਤਮਕ ਪੜ੍ਹਾਈ ਵਿਧੀਆਂ ਰਾਹੀਂ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਖਾਸ ਕਰਕੇ ਵਿਗਿਆਨ ਅਤੇ ਹਿਸਾਬ ਵਰਗੇ ਔਖੇ ਵਿਸ਼ਿਆਂ ਨੂੰ ਬਿਲਕੁਲ ਪ੍ਰਯੋਗ ਨਾਲ ਜੋੜ ਕੇ ਪੜ੍ਹਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਬੱਚਿਆਂ ਨੂੰ ਸਸਤੇ ਤੇ ਅਸਾਨੀ ਨਾਲ ਮਿਲਣ ਵਾਲੇ ਮਟੀਰੀਅਲ ਨਾਲ ਅਜਿਹੀ ਸਹਾਇਕ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਨਾਲ ਬੱਚੇ ਪੜ੍ਹਨ ਦੀ ਬਜਾਇ ਦੇਖਣ ਤੇ ਖ਼ੁਦ ਕਰਕੇ ਆਸਾਨੀ ਨਾਲ ਸਿੱਖ ਜਾਂਦੇ ਹਨ। ਇਸ ਕਰਕੇ ਅੱਜ ਅਸੀਂ ਵੇਖਦੇ ਹਾਂ ਕਿ ਬੋਰਡ ਜਮਾਤਾਂ ਵਿੱਚ ਵੀ ਬੱਚਿਆਂ ਦੇ ਹਿੰਦੀ, ਪੰਜਾਬੀ, ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਵਿਸ਼ਿਆਂ ਵਿੱਚੋਂ ਨੰਬਰ ਘੱਟ ਜਾਂਦੇ ਹਨ ਕਿਉਂਕਿ ਉਨ੍ਹਾਂ ਵਿੱਚ ਪ੍ਰਸ਼ਨਾਂ ਦੇ ਉੱਤਰ ਲਿਖ ਕੇ ਦੇਣੇ ਹੁੰਦੇ ਹਨ ਪਰ ਹਿਸਾਬ ਤੇ ਵਿਗਿਆਨ ਵਰਗੇ ਔਖੇ ਪਰ ਪ੍ਰਯੋਗੀ ਵਿਸ਼ਿਆਂ ਵਿੱਚੋਂ ਨੰਬਰ ਵਧ ਜਾਂਦੇ ਹਨ। ਗਤੀਵਿਧੀ ਅਧਾਰਿਤ ਅਧਿਆਪਨ ਵਿਧੀਆਂ ਰਾਹੀਂ ਬੱਚਾ ਸੌਖਾ ਸਿੱਖਦਾ ਹੀ ਹੈ ਸਗੋਂ ਯਾਦ ਵੀ ਅਸਾਨੀ ਨਾਲ ਕਰ ਲੈਂਦਾ ਹੈ।

ਵਿਸ਼ਵ ਆਰਥਿਕ ਫੋਰਮ ਵੱਲੋਂ ਵੀ ਔਖੇ ਮਸਲਿਆਂ ਦਾ ਹੱਲ, ਅਲੋਚਨਾਤਮਿਕ ਸੋਚ, ਸਿਰਜਣਾ, ਲੋਕ ਪ੍ਰਬੰਧਨ ਅਤੇ ਦੂਜਿਆਂ ਨਾਲ ਸਹਿਯੋਗ ਪੰਜ ਹੁਨਰਾਂ ਨੂੰ ਆਉਣ ਵਾਲੇ ਸਮੇਂ ਦਾ ਭਵਿੱਖ ਦੱਸਿਆ ਗਿਆ ਹੈ। ਪਰੰਤੂ ਆਮ ਜ਼ਿੰਦਗੀ ਨਾਲ ਜੁੜੇ ਇਹ ਜੀਵਨ ਹੁਨਰ ਜਿੰਨੇ ਜਰੂਰੀ ਹਨ ਉਸ ਹਿਸਾਬ ਨਾਲ ਇਨ੍ਹਾਂ ਨੂੰ ਅਜੇ ਪਾਠਕ੍ਰਮ ਵਿੱਚ ਥਾਂ ਨਹੀਂ ਮਿਲੀ ਹੈ। ਜੀਵਨਮੁਖੀ ਸਿੱਖਿਆ ਦੇਣ ਦੇ ਮਾਮਲੇ ਵਿੱਚ ਕਈ ਸਕੂਲ ਚੰਗਾ ਯਤਨ ਕਰ ਰਹੇ ਹਨ ਪਰ ਬਹੁਤੇ ਨੰਬਰਾਂ ਦੀ ਚੂਹਾ ਦੌੜ ਮਗਰ ਹੀ ਲੱਗੇ ਹੋਏ ਹਨ। ਬੱਚਿਆਂ ਨੂੰ ਕੇਵਲ ਪੇਪਰਾਂ ਵਿਚ ਵਧੀਆ ਨੰਬਰ ਦਿਵਾਉਣ ਦੇ ਚੱਕਰ ਵਿੱਚ ਉਨ੍ਹਾਂ ਦੇ ਸਰਬਪੱਖੀ ਵਿਕਾਸ ਨਾਲ ਜੁੜੀਆਂ ਦੂਜੀਆਂ ਸਰਗਰਮੀਆਂ ਠੱਪ ਹੋ ਕੇ ਰਹਿ ਜਾਂਦੀਆਂ ਹਨ। ਅੱਜ ਵੀ ਅਸੀਂ ਵੇਖਦੇ ਹਾਂ ਕਿ ਬੋਰਡ ਜਮਾਤਾਂ ਦੇ ਰਿਜ਼ਲਟ ਆਉਣ ‘ਤੇ ਸਕੂਲ ਅਤੇ ਮਾਪੇ ਵੱਧ ਨੰਬਰ ਵਾਲੇ ਬੱਚਿਆਂ ਦੇ ਫਲੈਕਸ/ਫੋਟੋਆਂ ਪ੍ਰਿੰਟ ਤੇ ਸੋਸ਼ਲ ਮੀਡੀਆ ਰਾਹੀਂ ਮਾਣ ਨਾਲ ਲੋਕਾਂ ‘ਚ ਸ਼ੇਅਰ ਕਰਦੇ ਹਨ।

ਇਹ ਵਰਤਾਰੇ ਕਰਕੇ ਬੱਚਿਆਂ ਲਈ ਦੂਜੇ ਨੂੰ ਕੱਟ ਕੇ ਅੱਗੇ ਲੰਘਣਾ ਹੀ ਅਸਲ ਸਿੱਖਿਆ ਹੈ। 90 ਪ੍ਰਤੀਸ਼ਤ ਤੋਂ ਵੱਧ ਬੱਚਿਆਂ ਦੇ ਨੰਬਰ 80 ਪ੍ਰਤੀਸ਼ਤ ਤੱਕ ਹੁੰਦੇ ਹੋਏ ਵੀ ਉਹ ਆਪਣੇ-ਆਪ ਨੂੰ ਹੀਣੇ ਮਹਿਸੂਸ ਕਰਦੇ ਹਨ। ਨਤੀਜਿਆਂ ਦੀ ਇਸ ਕਰੂਰ ਸੱਚਾਈ ਨੂੰ ਬਦਲਣਾ ਸਮੇਂ ਦੀ ਵੱਡੀ ਲੋੜ ਹੈ। ਅਸੀਂ ਜੇਕਰ ਮੋਟੇ ਤੌਰ ‘ਤੇ ਵੇਖੀਏ ਤਾਂ ਸਕੂਲਾਂ ਅੰਦਰ ਲਾਇਬ੍ਰੇਰੀਆਂ, ਪ੍ਰਯੋਗਸ਼ਾਲਾਵਾਂ ਤੇ ਖੇਡ ਦੇ ਮੈਦਾਨ ਕੇਵਲ ਨਾਂਅ ਦੇ ਹੀ ਹਨ । ਬੱਚਿਆਂ ਨੂੰ ਕਮਰਿਆਂ ਅੰਦਰ ਪ੍ਰਸ਼ਨਾਂ ਦੇ ਉੱਤਰਾਂ ਦੇ ਰੱਟੇ ਹੀ ਮਰਵਾਏ ਜਾ ਰਹੇ ਹਨ । ਲਿਖਤੀ ਪੇਪਰਾਂ ਵਿੱਚੋਂ ਵਧੀਆ ਅੰਕ ਹਾਸਲ ਕਰਨਾ ਹੀ ਸਿੱਖਿਆ ਸਾਰ ਸਮਝਿਆ ਜਾਂਦਾ ਹੈ । ਇਸ ਰੁਝਾਨ ਨੂੰ ਬਦਲਣ ਲਈ ਅਧਿਆਪਕਾਂ, ਮਾਪਿਆਂ ਅਤੇ ਸਿੱਖਿਆ ਵਿਭਾਗ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਅਜਿਹਾ ਹੋਣ ਨਾਲ ਹੀ ਅਸੀਂ ਆਉਣ ਵਾਲੇ ਸਮੇਂ ਵਿੱਚ ਸਮਾਜਮੁਖੀ ਇਨਸਾਨਾਂ ਦੀ ਫ਼ਸਲ ਤਿਆਰ ਕਰਨ ਵਿੱਚ ਕਾਮਯਾਬ ਹੋ ਸਕਾਂਗੇ ।
ਤਲਵੰਡੀ ਸਾਬੋ,
ਬਠਿੰਡਾ
ਬਲਜਿੰਦਰ ਜੌੜਕੀਆਂ
ਮੋ. 94630-24575

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ