Earth Day: ਮਨੁੱਖੀ ਲਾਲਚ ਤੋਂ ਧਰਤੀ ਨੂੰ ਮੁਕਤ ਕਰਨਾ ਸਮੇਂ ਦੀ ਲੋੜ

Earth Day

ਸੰਸਾਰ ਭਰ ਵਿੱਚ ਵਾਤਾਵਰਨ ਦੀ ਸੁਰੱਖਿਆ ਅਤੇ ਧਰਤੀ ਦੀ ਸੰਭਾਲ ਲਈ ਹਰ ਸਾਲ 22 ਅਪਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਧਰਤੀ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ, ਸਭ ਤੋਂ ਪਹਿਲਾਂ ਧਰਤੀ ਦਿਵਸ ਮਨਾਉਣ ਦਾ ਵਿਚਾਰ 1969 ਵਿੱਚ ਕੈਲੀਫੋਰਨੀਆ ਦੇ ਸੈਨਫ੍ਰਾਂਸਿਸਕੋ ਦੇ ਵਿੱਚ ਯੂਨੈਸਕੋ ਸੰਮੇਲਨ ਵਿੱਚ ਸੋਚਿਆ ਗਿਆ। ਇਸ ਦਿਵਸ ਦੀ ਸ਼ੁਰੂਆਤ 22 ਅਪਰੈਲ 1970 ਨੂੰ ਹੋਈ। (Earth Day)

ਹੁਣ ਲਗਭਗ 193 ਦੇਸ਼ਾਂ ਵਿੱਚ ਹਰ ਸਾਲ ਧਰਤੀ ਦਿਵਸ ਮਨਾਇਆ ਜਾ ਰਿਹਾ ਹੈ। ਧਰਤੀ ਦਿਵਸ ਤੋਂ ਪਹਿਲਾਂ 16 ਅਪਰੈਲ ਤੋਂ 22 ਅਪਰੈਲ ਤੱਕ ਹਫਤਾਵਾਰੀ ਰੂਪ ਮਨਾਇਆ ਜਾਂਦਾ ਹੈ। ਜਿਸ ਵਿੱਚ ਧਰਤੀ, ਜਲਵਾਯੂ ਬਦਲਾਅ, ਧਰਤੀ ਸੰਭਾਲ ਲਈ ਜਾਗਰੂਕ ਕੀਤਾ ਜਾਂਦਾ ਹੈ। ਸਾਲ 2023 ਦਾ ਥੀਮ ‘ਆਪਣੇ ਗ੍ਰਹਿ ਵਿੱਚ ਨਿਵੇਸ਼ ਕਰੋ’ ਰੱਖਿਆ ਗਿਆ ਸੀ। ਸਾਲ 2024 ਵਿੱਚ ‘ਗ੍ਰਹਿ ਬਨਾਮ ਪਲਾਸਟਿਕ’ ਥੀਮ ਤਹਿਤ ਪਲਾਸਟਿਕ ਪ੍ਰਦੂਸ਼ਣ ਖਤਮ ਕਰਨਾ, ਸੁਰੱਖਿਆ ਬਹਾਲੀ, ਜਲਵਾਯੂ ਤੇ ਵਾਤਾਵਰਨ ਸੰਭਾਲ ਜਾਗਰੂਕਤਾ, ਭੋਜਨ ਅਤੇ ਵਾਤਾਵਰਨ ਜਲਵਾਯੂ ਬਦਲਾਅ ’ਤੇ ਕਾਰਵਾਈ ਵਰਗੇ ਮੁੱਦਿਆਂ ਤੇ ਕਾਰਜ ਕਰਨ ਲਈ ਕਿਹਾ ਗਿਆ ਹੈ। (Earth Day)

ਪਲਾਸਟਿਕ ਪ੍ਰਦੂਸ਼ਣ: | Earth Day

ਧਰਤੀ ਦੇ ਵਾਤਾਵਰਨ ਨੂੰ ਖਰਾਬ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਲਾਸਟਿਕ ਦਾ ਹੈ, ਜਿਸ ਦੀ ਜ਼ਿਆਦਾ ਵਰਤੋਂ ਨੇ ਧਰਤੀ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਤੇ ਹੁਣ ਵੀ ਕਰ ਰਿਹਾ ਹੈ। ਅਜੋਕੇ ਆਧੁਨਿਕਤਾ ਦੇ ਦੌਰ ਵਿੱਚ ਰੋਜ਼ਾਨਾ ਜੀਵਨ ਵਿੱਚ ਇਸ ਦੀ ਵਰਤੋਂ ਬਹੁਤ ਵਧ ਗਈ ਹੈ, ਇਹ ਪਦਾਰਥ ਜਲਦੀ ਗਲ਼ਦਾ ਨਹੀਂ, ਮੁੜ ਵਰਤੋਂ ਲਈ ਸਾਧਨਾਂ ਤੇ ਜਾਗਰੂਕਤਾ ਦੀ ਘਾਟ ਹੈ, ਸੋ ਧਰਤੀ ਦਿਵਸ ’ਤੇ ਧਰਤੀ ਦੀ ਸੁਰੱਖਿਆ ਲਈ ਘੱਟ ਤੋਂ ਘੱਟ ਪੋਲੀਥੀਨ ਲਿਫਾਫੇ ਦਾ ਪ੍ਰਯੋਗ ਕਰੀਏ। ਬਜਾਰ ਜਾਂਦੇ ਸਮੇਂ ਕੋਈ ਥੈਲਾ ਨਾਲ ਲੈ ਕੇ ਜਾਈਏ, ਤਾਂ ਜੋ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾਲ ਪਲਾਸਟਿਕ ਪ੍ਰਦੂਸ਼ਣ ਖ਼ਤਮ ਕੀਤਾ ਜਾ ਸਕੇ।

ਵਾਤਾਵਰਨ ਦੀ ਸੰਭਾਲ:

ਵਾਤਾਵਰਨ ਦੀ ਸੰਭਾਲ ਲਈ ਅਣਥੱਕ ਕਾਰਜਾਂ ਦੀ ਜ਼ਰੂਰਤ ਹੈ। ਵੱਧ ਤੋਂ ਵੱਧ ਪੌਦੇ ਲਾਉਣਾ, ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਨਹਾਉਣ ਸਮੇਂ, ਬਰਤਨ ਸਫਾਈ ਦੇ ਨਾਲ-ਨਾਲ ਕਾਗਜ ਖਰਾਬ ਕਰਨਾ, ਖੁੱਲੇ੍ਹ ਵਿੱਚ ਕਚਰੇ ਨੂੰ ਅੱਗ ਨਾ ਲਾਉਣਾ, ਸਾਧਨਾਂ ਦੀ ਘਾਟ, ਦੁਬਾਰਾ ਵਰਤੋਂ ਕਰਨਾ, ਬਿਜਲੀ ਦੀ ਬੱਚਤ ਕਰਨਾ ਆਦਿ।

ਮੋਬਾਇਲ ਇੰਟਰਨੈੱਟ ਅਤੇ ਹੋਰ ਤਕਨੀਕੀ ਸਾਧਨਾਂ ਦੀ ਲੋੜ ਅਨੁਸਾਰ ਵਰਤੋਂ ਕਰਨਾ: ਧਰਤੀ ਦਿਵਸ ਮਨਾਉਣ ਦੀ ਸਾਰਥਿਕਤਾ ਇਸ ਵਿੱਚ ਹੈ ਕਿ ਅਸੀਂ ਘੱਟ ਤੋਂ ਘੱਟ ਕਾਰਬਨ ਪੈਦਾ ਕਰੀਏ, ਰੋਜ਼ਾਨਾ ਮੋਬਾਇਲ ਦੀ ਵਰਤੋਂ ਕਰਦੇ ਸਮੇਂ ਅਸੀਂ ਅਨੇਕਾਂ ਬੇਲੋੜੇ ਮੈਸੇਜ ਕਰਦੇ ਹਾਂ ਜਿਸ ਨਾਲ ਕਾਰਬਨ ਪੈਦਾ ਹੁੰਦਾ ਹੈ, ਜੋ ਧਰਤੀ ਦੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ। ਸੋ ਲੋੜ ਹੈ ਤਕਨੀਫੀ ਸਾਧਨਾਂ ਦੀ ਸਹੀ ਵਰਤੋਂ ਕਰਨ ਦੀ, ਜਿਸ ਨਾਲ ਧਰਤੀ ਨੂੰ ਸੁਰੱਖਿਅਤ ਕੀਤਾ ਜਾ ਸਕੇ।

ਭੋਜਨ ਅਤੇ ਵਾਤਾਵਰਨ :

ਧਰਤੀ ਦਾ ਮਹੱਤਵ ਹੈ ਕਿ ਵਾਤਾਵਰਨ ਨਾਲ ਸਹਾਇਕ ਹੋ ਕੇ ਹਰ ਜੀਵ-ਜੰਤੂ ਨੂੰ ਭੋਜਨ ਪ੍ਰਦਾਨ ਕਰਦੀ ਹੈ। ਮਨੁੱਖ ਆਪਣੀਆਂ ਭੋਜਨ ਅਤੇ ਆਰਥਿਕ ਲੋੜਾਂ ਲਈ ਧਰਤੀ ’ਤੇ ਨਿਰਭਰ ਹੈ, ਪਰ ਅਜੋਕੇ ਸਮੇਂ ਵਿੱਚ ਮਾਨਵੀ ਲਾਲਚ ਨੇ ਧਰਤੀ ਦੇ ਵਾਤਾਵਰਨ ਦਾ ਭੂਗੋਲਿਕ ਗਣਿਤ ਵਿਗਾੜ ਦਿੱਤਾ ਹੈ। ਲੋੜ ਤੋਂ ਵੱਧ ਸਾਧਨਾਂ ਦੀ ਪ੍ਰਾਪਤੀ, ਆਰਥਿਕ ਖੁਸ਼ਹਾਲੀ, ਭੋਜਨ ਪਦਾਰਥਾਂ ਨੂੰ ਧਰਤੀ ਦੀ ਸਮਰੱਥਾ ਤੋਂ ਵੱਧ ਪੈਦਾ ਕਰਨਾ, ਰਸਾਇਣਿਕ ਕੀਟਨਾਸ਼ਕਾਂ ਦੀ ਵਰਤੋਂ ਨੇ ਜਿੱਥੇ ਧਰਤੀ ਦੀ ਉੱਪਰਲੀ ਪਰਤ ਨੂੰ ਜ਼ਹਿਰੀਲਾ ਕਰ ਦਿੱਤਾ ਹੈ, ਜਿਸ ਨਾਲ ਕੈਂਸਰ ਦੇ ਨਾਲ-ਨਾਲ ਹੋਰ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ। ਪੌਸ਼ਟਿਕ ਭੋਜਨ ਦੀ ਘਾਟ ਪੈਦਾ ਹੋਈ ਹੈ, ਧਰਤੀ ਦਿਵਸ ਦੇ ਥੀਮ ਅਨੁਸਾਰ ਭੋਜਨ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਕੰਮ ਕਰਨ ਦੀ ਲੋੜ ਹੈ।

ਜਲਵਾਯੂ ਵਿੱਚ ਬਦਲਾਅ :

ਧਰਤੀ ’ਤੇ ਵਧ ਰਹੇ ਪ੍ਰਦੂਸ਼ਣ ਨੇ ਜਲਵਾਯੂ ’ਤੇ ਗਹਿਰਾ ਪ੍ਰਭਾਵ ਪਾਇਆ ਹੈ। ਗਲੋਬਲ ਵਾਰਮਿੰਗ ਕਾਰਨ ਤਾਪਮਾਨ ਲਗਾਤਾਰ ਵਧ ਰਿਹਾ ਹੈ। ਗਲੇਸ਼ੀਅਰ ਪਿਘਲ ਰਹੇ ਹਨ, ਜਲਵਾਯੂ ’ਤੇ ਵਧਦੇ ਗ੍ਰੀਨ ਹਾਊਸ ਦਾ ਪ੍ਰਭਾਵ ਪੈਂਦਾ ਜਾ ਰਿਹਾ ਹੈ, ਕਾਰਬਨਡਾਈਆਕਸਾਈਡ, ਮਿਥੇਨ ਗੈਸਾਂ ਦਾ ਲਗਾਤਾਰ ਮਾਤਰਾ ਤੋਂ ਵੱਧ ਵਧਣਾ ਘਾਤਕ ਹੈ। ਜਲਵਾਯੂ ਬਦਲਾਅ ਦਾ ਮੁੱਖ ਕਾਰਨ ਮਨੁੱਖ ਦੁਆਰਾ ਕੋਲਾ, ਪੈਟਰੋਲ, ਡੀਜ਼ਲ, ਜਮੀਨੀ ਗੈਸਾਂ ਆਦਿ ਦਾ ਲੋੜ ਤੋਂ ਵੱਧ ਪ੍ਰਯੋਗ ਹੈ, ਜਿਸ ਕਾਰਨ ਕਾਰਬਨ ਵੱਧ ਪੈਦਾ ਹੁੰਦੀ ਹੈ। ਹੁਣ ਤੱਕ ਕਾਰਬਨ ਦੀ ਮਾਤਰਾ 30% ਤੋਂ ਵੀ ਜ਼ਿਆਦਾ ਹੋ ਗਈ ਹੈ, ਇਸ ਦਾ ਮੁੱਖ ਕਾਰਨ ਕਾਰਬਨ ਡਾਈਆਕਸਾਈਡ ਨੂੰ ਸੋਖਣ ਵਾਲੇ ਜੰਗਲ ਲਗਾਤਾਰ ਕੱਟੇ ਜਾ ਰਹੇ ਹਨ।

ਧਰਤੀ ’ਤੇ ਗਲੋਬਲ ਵਾਰਮਿੰਗ ਦਾ ਪ੍ਰਭਾਵ:

ਧਰਤੀ ਉੱਪਰ ਲਗਾਤਾਰ ਤਾਪਮਾਨ ਵਧ ਰਿਹਾ ਹੈ। ਵਿਸ਼ਵ ਮੌਸਮ ਸੰਗਠਨ ਦੇ ਅਨੁਸਾਰ, ਉਦਯੋਗੀਕਰਨ ਨੇ ਧਰਤੀ ਦੇ ਤਾਪਮਾਨ ਵਿੱਚ ਭਾਰੀ ਵਾਧਾ ਕੀਤਾ ਹੈ। ਧਰਤੀ ਦੇ ਅੱਠ ਲੱਖ ਸਾਲ ਦੇ ਇਤਿਹਾਸ ਵਿੱਚ ਮੌਜੂਦਾ ਸਮੇਂ ਜਿੰਨਾ ਕਾਰਬਨ ਕਦੇ ਨਹੀਂ ਪੈਦਾ ਹੋਇਆ। 1850 ਤੋਂ ਲੈ ਹੁਣ ਤੱਕ ਧਰਤੀ ਦੇ ਤਾਪਮਾਨ ਵਿੱਚ ਵਾਧਾ ਜਾਰੀ ਹੈ। ਤਾਪਮਾਨ ਦੇ ਵਾਧੇ ਕਾਰਨ ਸਮੁੰਦਰਾਂ ਦਾ ਜਲ ਪੱਧਰ ਵਧ ਰਿਹਾ ਹੈ। ਇੱਕ ਰਿਪੋਰਟ ਅਨੁਸਾਰ 2005 ਤੋਂ ਲੈ ਕੇ 2015 ਤੱਕ ਸਮੁੰਦਰ ਦੇ ਜਲ ਪੱਧਰ ਵਿੱਚ ਹਰ ਸਾਲ 3.6 ਮਿਲੀਮੀਟਰ ਦਾ ਵਾਧਾ ਹੋਇਆ ਹੈ। ਜੇਕਰ ਇਸ ਤਰ੍ਹਾਂ ਵਧਦਾ ਰਿਹਾ ਤਾਂ ਕਈ ਸ਼ਹਿਰ/ਦੇਸ਼ ਪਾਣੀ ਵਿੱਚ ਚਲੇ ਜਾਣਗੇ।

Earth Day

ਧਰਤੀ ਉੱਪਰ ਵਾਤਾਵਰਨ ਦੇ ਵਿੱਚ ਕਈ ਬਦਲਾਅ ਆ ਰਹੇ ਹਨ, ਜਿਵੇਂ ਸੋਕਾ, ਹੜ੍ਹ, ਤੂਫਾਨ ਆਦਿ ਸਮੱਸਿਆਵਾਂ ਆ ਰਹੀਆਂ ਹਨ, ਪਰ ਆਰਥਿਕਤਾ ਦੇ ਦੌਰ ਵਿੱਚ ਮਨੁੱਖੀ ਲਾਲਚ ਨੇ ਧਰਤੀ ’ਤੇ ਵੱਡੇ ਸੰਕਟ ਖੜ੍ਹੇ ਕਰ ਦਿੱਤੇ ਹਨ। ਉਦਯੋਗੀਕਰਨ, ਆਧੁਨਿਕ ਸਾਧਨਾਂ ਦੀ ਦੌੜ ਨੇ ਜੀਵ-ਜੰਤੂ ਨੂੰ ਸੰਕਟ ਵਿੱਚ ਪਾ ਦਿੱਤਾ ਹੈ, ਪਰ ਧਰਤੀ ਦਿਵਸ ਦੀ ਸਾਰਥਿਕਤਾ, ਧਰਤੀ ਨੂੰ ਬਚਾਉਣਾ ਹੈ। ਆਓ! ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰੀਏ, ਰੁੱਖ ਲਾ ਕੇ, ਸਾਧਨਾਂ ਦੀ ਸੰਕੋਚ ਨਾਲ ਵਰਤੋਂ ਕਰਕੇ, ਘੱਟ ਪਲਾਸਟਿਕ ਪ੍ਰਯੋਗ, ਵਾਤਾਵਰਨ ਅਨੁਸਾਰ ਜੀਵਨ, ਕਾਰਬਨ ਸਾਧਨਾਂ ਦਾ ਘੱਟ ਪ੍ਰਯੋਗ, ਸਾਈਕਲ ਚਲਾ ਕੇ ਵਾਤਾਵਰਨ ਪ੍ਰੇਮੀ ਬਣ ਕੇ ਇਸ ਦਾ ਬਚਾਅ ਕਰੀਏ।

ਧਰਤੀ ਮਾਤਾ ਕਰੇ ਪੁਕਾਰ,
ਜੀਵਨ ਦੀ ਸੁਰੱਖਿਆ ਇਸਦਾ ਆਧਾਰ।

ਅਵਨੀਸ਼ ਲੌਂਗੋਵਾਲ
ਸੰਗਰੂਰ।
ਮੋ. 78883-46465

LEAVE A REPLY

Please enter your comment!
Please enter your name here