ਤੋਰੀ ਵਾਂਗ ਲਮਕ ਜਾਂਦੈ ਵਕਤੋਂ ਖੁੰਝਿਆਂ ਦਾ ਮੂੰਹ

Dumb, Face, Day

ਰਮੇਸ਼ ਬੱਗਾ ਚੋਹਲਾ

ਸਾਡੇ ਆਲੇ-ਦੁਆਲੇ ਬਹੁਤ ਸਾਰੇ ਅਜਿਹੇ ਇਨਸਾਨ ਮਿਲ ਜਾਂਦੇ ਹਨ ਜੋ ਆਪਣੀ ਨਾਲਾਇਕੀ ਅਤੇ ਲਾਪਰਵਾਹੀ ਸਦਕਾ ਅਕਸਰ ਹੀ ‘ਤੋਰੀ ਵਾਂਗੂੰ ਮੂੰਹ ਲਮਕਾਈ’ ਮਿਲ ਜਾਂਦੇ ਹਨ। ਇਨ੍ਹਾਂ ਲੋਕਾਂ ਵਿਚ ਵਡੇਰਾ ਸ਼ੁਮਾਰ ਉਨ੍ਹਾਂ ਪ੍ਰਾਣੀਆਂ ਦਾ ਹੁੰਦਾ ਹੈ ਜੋ ਆਪਣੇ ਕੰਮ ਨੂੰ ਪੂਜਾ ਸਮਝ ਕਰਨ ਦੀ ਬਜਾਏ ‘ਗਲ਼ ਪਿਆ ਢੋਲ ਵਜਾਉਣ’ ਦੀ ਤਰਜ਼ ‘ਤੇ ਲੈਂਦੇ ਹਨ।

ਇਹ ਮੁਹਾਵਰਾ ਦੇਸ਼ ਦਾ ਭਵਿੱਖ ਸਮਝੇ ਜਾਂਦੇ ਉਨ੍ਹਾਂ ਤਾਲਿਬਇਲਮਾਂ ‘ਤੇ ਵੀ ਅਸਰ-ਅੰਦਾਜ਼ ਹੁੰਦਾ ਹੈ ਜੋ ਸਾਰਾ ਸਾਲ ਵਿੱਦਿਆ ਨੂੰ ਵਿਚਾਰਨ ਦੀ ਬਜਾਏ ਆਪਣੇ ਮਾਪਿਆਂ ਦੀ ਮਿਹਨਤ ਨਾਲ ਕਮਾਈ ਪੂੰਜੀ ਨੂੰ ਮਨੋਰਥ ਰਹਿਤ ਹੀ ਗਵਾਈ ਜਾਂਦੇ ਹਨ। ਉਹ ਆਪਣਾ ਬੇਸ਼ਕੀਮਤੀ ਵਕਤ ਭਲਵਾਨੀ ਗੇੜੀਆਂ ਜਾਂ ਸਮੋਸਿਆਂ ਦੀਆਂ ਰੇਹੜੀਆਂ ‘ਤੇ ਖਰਚ ਕਰ ਦਿੰਦੇ ਹਨ ਤੇ ਜਦੋਂ ਪਰਖ ਦੀਆਂ ਘੜੀਆਂ ਭਾਵ ਇਮਤਿਹਾਨ ਆਉਂਦੇ ਹਨ ਤਾਂ ਉਸ ਵਕਤ ਬੰਜਰ ਹੋ ਚੁੱਕੇ ਅਕਲ ਦੇ ਖੇਤ ‘ਚੋਂ ਕੋਈ ਸ਼ਬਦ ਨਹੀਂ ਉਪਜਦਾ। ਇਸ ਉਪਜ ਦੀ ਘਾਟ ਕਾਰਨ ਜਦੋਂ ਨਤੀਜ਼ਾ ਨਿੱਕਲਦਾ ਹੈ ਤਾਂ ਉਸ ਨਤੀਜ਼ੇ ਦੀ ਵਜ੍ਹਾ ਕਾਰਨ ਉਹ ਵਿਚਾਰੇ ਤੋਰੀ ਵਾਗੂੰ ਮੂੰਹ ਲਮਕਾਈ ਫਿਰਦੇ ਹਨ।

ਸਰਕਾਰੀ, ਅਰਧ-ਸਰਕਾਰੀ ਦਫ਼ਤਰਾਂ ਵਿਚ ਕੰਮ ਕਰਦੇ ਕਈ ਕੰਮਚੋਰ ਕਰਮਚਾਰੀ ਸੇਵਾ-ਭਾਵਨਾ ਤੋਂ ਸੱਖਣੇ ਹੁੰਦੇ ਹਨ। ਇਸ ਸੱਖਣਤਾ ਦੇ ਸਬੱਬ ਵਜੋਂ ਉਹ ਲੇਟ-ਲਤੀਫ਼ੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਇੱਕ ਦਿਨ ਸਾਧ ਦਾ ਆਉਣ ਕਰਕੇ ਸੌ ਦਿਨ ਵਾਲੇ ਇਹ ਚੋਰ ਜਦੋਂ ਆਪਣੇ ਕਿਸੇ ਆਲ੍ਹਾ ਅਧਿਕਾਰੀ ਦੇ ਧੱਕੇ ਚੜ੍ਹ ਜਾਂਦੇ ਹਨ ਤਾਂ ਨੌਬਤ ‘ਤੋਰੀ ਵਾਂਗੂੰ ਮੂੰਹ ਲਮਕਾਉਣ’ ਤੱਕ ਆ ਜਾਂਦੀ ਹੈ।

ਕਈ ਬੰਦਿਆਂ ਦੀ ਫ਼ਿਤਰਤ ਹੁੰਦੀ ਹੈ ਕਿ ਉਹ ਵਕਤ ਦੀ ਕਦਰ ਹੀ ਨਹੀਂ ਕਰਦੇ। ਜਦੋਂ ਵਕਤ ਦਾ ਪਹੀਆ ਘੁੰਮਦਾ-ਘੁੰਮਦਾ ਉਨ੍ਹਾਂ ਬੰਦਿਆਂ ਨੂੰ ਪਛਾੜ ਦਿੰਦਾ ਹੈ ਤਾਂ ਉਨ੍ਹਾਂ ਦੇ ਕਈ ਬਹੁਤ ਹੀ ਜ਼ਰੂਰੀ ਕੰਮ ਹੋਣ ਤੋਂ ਰਹਿ ਜਾਂਦੇ ਹਨ। ਕੰਮ ਦਾ ਸਹੀ ਸਮੇਂ ‘ਤੇ ਨਾ ਹੋਣਾ ਕਈ ਵਾਰੀ ਅਤਿ ਨਿਰਾਸ਼ਾ ਦਾ ਕਾਰਨ ਬਣ ਜਾਂਦਾ ਹੈ। ਇਸ ਨਿਰਾਸ਼ਾ ਕਾਰਨ ਕਈ ਵਾਰੀ ਉਨ੍ਹਾਂ ਭਾਈਆਂ/ਬੀਬੀਆਂ ਦਾ ਮੂੰਹ ਵੀ ‘ਤੋਰੀ ਵਾਂਗ ਹੀ ਲਮਕ’ ਜਾਂਦਾ ਹੈ।

ਸਿਆਣੇ ਬੰਦਿਆਂ ਦੀ ਸਲਾਹ ਹੈ ਕਿ ਸਿਹਤ ਹੀ ਜੀਵਨ ਦਾ ਅਸਲੀ ਧਨ ਹੁੰਦੀ ਹੈ। ਪਰ ਕਈ ਆਲਸ ਦੇ ਡੰਗੇ ਇਸ ਧਨ ਦੀ ਸਾਂਭ-ਸੰਭਾਲ ਤੋਂ ਪਾਸਾ ਵੱਟ ਜਾਂਦੇ ਹਨ। ਸਿੱਟੇ ਵਜੋਂ ਕਈ ਵਾਰ ਉਹ ਕਈ ਨਾਮੁਰਾਦ ਬਿਮਾਰੀਆਂ ਦੀ ਘੇਰਾਬੰਦੀ ਵਿਚ ਵੀ ਆ ਜਾਂਦੇ ਹਨ। ਜਦੋਂ ਡਾਕਟਰੀ ਦਾਅ ਅਤੇ ਦਵਾਈਆਂ ਦਾ ਅਸਰ ਫ਼ੇਲ੍ਹ ਹੋ ਜਾਂਦਾ ਹੈ ਤਾਂ ਉਨ੍ਹਾਂ ਪ੍ਰਭਾਵੀ ਵਿਅਕਤੀਆਂ ਦਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਮੂੰਹ ਵੀ ਤੋਰੀ ਵਾਂਗੂੰ ਲਮਕ ਜਾਂਦਾ ਹੈ।

ਜਦੋਂ ਕਿਸੇ ਕਿਸਾਨ ਦੀ ਪੁੱਤਾਂ ਵਾਂਗ ਪਾਲ਼ੀ ਫ਼ਸਲ ਕਿਸੇ ਕੁਦਰਤੀ ਕਰੋਪੀ ਜਾਂ ਉਸ ਦੀ ਆਪਣੀ ਅਣਗਹਿਲੀ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਉਸ ਦੀ ਕੀਤੀ ਮਿਹਨਤ ਘੱਟੇ ਵਿਚ ਰੁਲ਼ ਜਾਂਦੀ ਹੈ। Àੁੱਧਰ ਜਦੋਂ ਆੜ੍ਹਤੀ ਵੀ ਉਸ ਦੇ ਪੱਲੇ ਕੁਝ ਨਹੀਂ ਪਾਉਂਦਾ ਤਾਂ ਉਸ ਕਿਸਾਨ ਦਾ ਮੂੰਹ ਵੀ ਤੋਰੀ ਵਾਂਗੂੰ ਲਮਕ ਜਾਂਦਾ ਹੈ।

ਜਦੋਂ ਕਿਸੇ ਨੌਜਵਾਨ ਨੇ ਕਿਸੇ ਨੌਕਰੀ ਨੂੰ ਹਾਸਲ ਕਰਨ ਲਈ ਕਿਤੇ ਦੂਰ-ਦੁਰਾਡੇ ਇੰਟਰਵਿਊ ਦੇਣ ਲਈ ਪਹੁੰਚਣਾ ਹੋਵੇ ਤਾਂ ਉਸ ਨੂੰ ਸਹੀ ਸਮੇਂ ‘ਤੇ ਸਹੀ ਸਥਾਨ ‘ਤੇ ਪਹੁੰਚਾਉਣ ਵਾਲੀ ਲਾਰੀ ਜਾਂ ਟ੍ਰੇਨ ਮਿਸ ਹੋ ਜਾਵੇ ਤਾਂ ਉਸ ਦਾ ਮੂੰਹ ਵੀ ਤੋਰੀ ਵਾਂਗੂੰ ਲਮਕ ਜਾਂਦਾ ਹੈ।

ਜਦੋਂ ਕੋਈ ਵਿਅਕਤੀ ਕਿਸੇ ਕੰਮ-ਕਾਜ ਲਈ ਸਰਕਾਰੀ ਦਫ਼ਤਰ ਵਿਚ ਜਾਵੇ ਤਾਂ ਅੱਗਿਉਂ ਸਬੰਧਿਤ ਬਾਬੂ ਜਾਂ ਉੱਚ-ਅਧਿਕਾਰੀ ਆਪਣੀ ਸੀਟ ‘ਤੇ ਬਿਰਾਜ਼ਮਾਨ ਹੀ ਨਾ ਹੋਵੇ ਤਾਂ ਉਸ ਵੇਲੇ ਉਸ ਵਿਅਕਤੀ ਦਾ ਮੂੰਹ ਵੀ ਤੋਰੀ ਵਾਂਗ ਲਮਕ ਜਾਂਦਾ ਹੈ।

ਉਪਰੋਕਤ ਚਰਚਾ ਤੋਂ ਅਸੀਂ ਇਸ ਸਿੱਟੇ ‘ਤੇ ਪਹੁੰਚਦੇ ਹਾਂ ਕਿ ‘ਤੋਰੀ ਵਾਂਗੂੰ ਮੂੰਹ ਲਮਕਾਉਣ’ ਦੀ ਅਵਸਥਾ ਲਈ ਕਈ ਵਾਰੀ ਤਾਂ ਅਸੀਂ ਖੁਦ ਆਪ ਹੀ ਜ਼ਿੰਮੇਵਾਰ ਹੁੰਦੇ ਹਾਂ, ਕਈ ਵਾਰੀ ਕਿਸੇ ਮਾਹੌਲ ਦਾ ਸਾਜ਼ਗਾਰ ਨਾ ਹੋਣਾ ਅਤੇ ਕਈ ਵਾਰੀ ਉਸ ਕਰਤੇ ਦੀ ਕਾਰਗੁਜ਼ਾਰੀ ਵੀ ਹੋ ਸਕਦੀ ਹੈ। ਸੋ, ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਸੋਚ ਤੇ ਸਮਰੱਥਾ ਵਿਚਲੇ ਸਮਤੋਲ ਨੂੰ ਬਣਾਈ ਰੱਖੀਏ ਅਤੇ ਅਜਿਹੀਆਂ ਪ੍ਰਸਥਿਤੀਆਂ ਨੂੰ ਪੈਦਾ ਹੀ ਨਾ ਹੋਣ ਦੇਈਏ ਜਿਸ ਕਾਰਨ ਸਾਨੂੰ ਆਪਣਾ ਮੂੰਹ ਤੋਰੀ ਵਾਂਗੂੰ ਲਮਕਾਉਣਾ ਪੈ ਜਾਵੇ।

ਹੈਬੋਵਾਲ ਖੁਰਦ (ਲੁਧਿਆਣਾ) 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।