ਡੀਐਸਪੀ ਦਾ ਗੰਨਮੈਨ 20 ਹਜਾਰ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ 

father

ਜਲਾਲਾਬਾਦ (ਰਜਨੀਸ਼ ਰਵੀ)। ਵਿਜੀਲੈਂਸ ਵਿਭਾਗ ਫਾਜ਼ਿਲਕਾ ਦੀ ਟੀਮ ਨੇ ਅੱਜ ਡੀ.ਐਸ.ਪੀ ਜਲਾਲਾਬਾਦ ਦੇ ਗੰਨਮੈਨ ਹੌਲਦਾਰ ਸੁਖਦੇਵ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਸਥਾਨਕ ਡੀ.ਐਸ.ਪੀ ਦਫ਼ਤਰ ਵਿਖੇ ਵਿਜੀਲੈਂਸ ਫਾਜ਼ਿਲਕਾ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਐਸ.ਪੀ ਦੇ ਗੰਨਮੈਨ ਹੌਲਦਾਰ ਸੁਖਦੇਵ ਸਿੰਘ ਨੇ ਕੁਝ ਦਿਨ ਪਹਿਲਾਂ ਪਿੰਡ ਚੱਕ ਮੌਜਦੀਨ ਵਾਲਾ ਉਰਫ ਸੂਰਘੂਰੀ ਵਿਖੇ ਇੱਕ ਝੋਲਾ ਛਾਪ ਡਾਕਟਰ ਕ੍ਰਿਸ਼ਨ ਸਿੰਘ ਨੂੰ ਧਮਕੀਆਂ ਦੇ ਕੇ ਬੈਲਕਮੇਲ ਕੀਤਾ ਸੀ ਕਿ ਉਹ ਨਸ਼ੀਲੀਆਂ ਦਵਾਈਆਂ ਵੇਚਦਾ ਹੈ ਅਤੇ ਉਸਦੇ ਖਿਲਾਫ ਦਫ਼ਤਰ ਵਿੱਚ ਸ਼ਿਕਾਇਤ ਆਈ ਹੈ। ਗੰਨਮੈਨ ਸੁਖਦੇਵ ਸਿੰਘ ਨੇ ਆਰ.ਐਮ.ਪੀ. ਡਾ. ਕ੍ਰਿਸ਼ਨ ਸਿੰਘ ਨੂੰ ਉਸਦੇ ਖਿਲਾਫ ਪੁਲਿਸ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਡਾ. ਕ੍ਰਿਸ਼ਨ ਕੋਲੋਂ ਗੰਨਮੈਨ ਹੌਲਦਾਰ ਸੁਖਦੇਵ ਸਿੰਘ ਨੇ ਕਾਰਵਾਈ ਨਾ ਕਰਵਾਉਣ ਦੇ ਲਈ ਡੇਢ ਲੱਖ ਰੁਪਏ ਦੇ ਕਰੀਬ ਰਿਸ਼ਵਤ ਮੰਗੀ।

ਇਸ ਦੌਰਾਨ ਡਾ. ਕ੍ਰਿਸ਼ਨ ਅਤੇ ਗੰਨਮੈਨ ਸੁਖਦੇਵ ਸਿੰਘ ਦੇ ਵਿਚਕਾਰ 70 ਹਜ਼ਾਰ ਰੁਪਏ ‘ਚ ਰਾਜੀਨਾਮਾ ਹੋ ਗਿਆ। ਉਨਾਂ ਦੱਸਿਆ ਕਿ ਡਾ. ਕ੍ਰਿਸ਼ਨ ਨੇ 40 ਹਜਾਰ ਰੁਪਏ ਕੁਝ ਦਿਨ ਪਹਿਲਾਂ ਗੰਨਮੈਨ ਸੁਖਦੇਵ ਸਿੰਘ ਨੂੰ ਦੇ ਦਿੱਤੇ ਸਨ ਅਤੇ ਅੱਜ 20 ਹਜਾਰ ਰੁਪਏ ਹੋਰ ਦੇਣੇ ਸਨ। ਇਸ ਦੌਰਾਨ ਉਨ੍ਹਾਂ ਨੇ ਵਿਜੀਲੈਂਸ ਫਾਜ਼ਿਲਕਾ ਦੀ ਟੀਮ ਨਾਲ ਸੰਪਰਕ ਕੀਤਾ ਤਾਂ ਵਿਜੀਲੈਂਸ ਦੀ ਟੀਮ ਵੱਲੋਂ ਡਾ. ਕ੍ਰਿਸ਼ਨ ਨੂੰ ਗੰਨਮੈਨ ਸੁਖਦੇਵ ਸਿੰਘ ਕੋਲ 20 ਹਜਾਰ ਰੁਪਏ ਦੇ ਕੇ ਭੇਜਿਆ ਗਿਆ ਅਤੇ ਉਸੇ ਵਕਤ ਰੇਡ ਕਰਕੇ ਗੰਨਮੈਨ ਨੂੰ ਰਿਸ਼ਵਤ ਦੇ 20 ਹਜ਼ਾਰ ਰੁਪਏ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਵਿਜੀਲੈਂਸ ਟੀਮ ਫਾਜ਼ਿਲਕਾ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਗੰਨਮੈਨ ਸੁਖਦੇਵ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਵਿਜੀਲੈਂਸ ਵਿਭਾਗ ਫਾਜ਼ਿਲਕਾ ਦੇ ਏ.ਐਸ.ਆਈ ਜਗਜੀਤ ਸਿੰਘ, ਏ.ਐਸ.ਆਈ ਮਸ਼ਿੰਦਰ ਸਿੰਘ, ਏ.ਐਸ.ਆਈ ਗੁਰਮੀਤ ਸਿੰਘ ਅਤੇ ਹੌਲਦਾਰ ਰਮੇਸ਼ ਕੁਮਾਰ ਮੌਜੂਦ ਸਨ। (Jalalabad News)