ਅਵਾਰਾ ਕੁੱਤਿਆਂ ਨੇ ‘ਸੂਲੀ ਟੰਗੇ’ ਰਜਿੰਦਰਾ ਹਸਪਤਾਲ ਦੇ ਮਰੀਜ਼ ਤੇ ਡਾਕਟਰ

Doctors, Patient, Sulaeange, Rajindra Hospital, Dogs

ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਕਦੇ ਵੀ ਦੇ ਸਕਦੇ ਨੇ ਦਰਦ

ਪਟਿਆਲਾ(ਖੁਸ਼ਵੀਰ ਸਿੰਘ ਤੂਰ)। ਉੱਤਰੀ ਭਾਰਤ ਤੇ ਪ੍ਰਸਿੱਧ ਰਜਿੰਦਰਾ ਹਸਪਤਾਲ ਵਿਖੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ। ਆਲਮ ਇਹ ਹੈ ਕਿ ਅਵਾਰਾ ਘੁੰਮ ਰਹੇ ਇਹ ਕੁੱਤੇ ਵਾਰਡਾਂ ਅੰਦਰ ਵੀ ਦਸਤਕ ਦੇ ਰਹੇ ਹਨ, ਪਰ ਇਨ੍ਹਾਂ ਨੂੰ ਹਟਾਉਣ ਜਾਂ ਭਜਾਉਣ ਵਾਲਾ ਕੋਈ ਨਹੀਂ ਹੈ। ਇਹ ਕੁੱਤੇ ਹਸਪਤਾਲ ਅੰਦਰ ਹੀ ਸੁੱਤੇ ਪਏ ਰਹਿੰਦੇ ਹਨ ਅਤੇ ਇੱਥੇ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਵਾਗਤ ਕਰਦੇ ਹਨ। ਰਜਿੰਦਰਾ ਹਸਪਤਾਲ ਅੰਦਰ ਪਹਿਲਾਂ ਚੂਹਿਆਂ ਦਾ ਵੀ ਬੋਲਬਾਲਾ ਸੀ, ਪਰ ਚੂਹਿਆਂ ਦੀ ਦਵਾਈ ਪਾਉਣ ਤੋਂ ਬਾਅਦ ਇੱਥੇ ਇਨ੍ਹਾਂ ਤੋਂ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਰਜਿੰਦਰਾ ਹਸਪਤਾਲ ਪਟਿਆਲਾ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਮਰੀਜ਼ ਵੀ ਇਲਾਜ ਲਈ ਆਉਂਦੇ ਹਨ। ਇੱਥੇ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਤਿੰਨ ਹਜ਼ਾਰ ਦੇ ਕਰੀਬ ਹੈ।

ਰਜਿੰਦਰਾ ਹਸਪਤਾਲ ਪਟਿਆਲਾ ਇਲਾਜ ਦੀ ਥਾਂ ਖਾਮੀਆਂ ਲਈ ਜ਼ਿਆਦਾ ਚਰਚਾ ‘ਚ ਰਿਹਾ ਹੈ, ਪਰ ਹੁਣ ਇੱਥੇ ਹਾਲਾਤ ਕੁਝ ਬਦਲਣ ਲੱਗੇ ਹਨ। ਹਸਪਤਾਲ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਕਰੋੜਾਂ ਰੁਪਏ ਦੇ ਕੰਮ ਚੱਲ ਰਹੇ ਹਨ, ਜੋ ਕਿ ਮਰੀਜ਼ਾਂ ਲਈ ਚੰਗੀ ਗੱਲ ਹੈ। ਹਸਪਤਾਲ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਦੇਖਣ ਨੂੰ ਮਿਲਿਆ ਕਿ ਇੱਥੇ ਅਵਾਰਾ ਕੁੱਤੇ ਬਹੁ ਗਿਣਤੀ ਵਿੱਚ ਘੁੰਮ ਰਹੇ ਸਨ। ਹੈਰਾਨੀ ਤਾਂ ਉਦੋਂ ਹੋਈ ਜਦੋਂ ਦੇਖਿਆ ਕਿ ਇਹ ਕੁੱਤੇ ਹਸਪਤਾਲ ਦੇ ਅੰਦਰ ਵਾਰਡਾਂ ਵਿੱਚ ਵੀ ਆਰਾਮ ਫਰਮਾ ਰਹੇ ਸਨ। ਸਿਟੀ ਸਕੈਂਨ ਵਾਲੇ ਵਾਰਡ ਅੰਦਰ ਕੁੱਤਿਆਂ ਦਾ ਵਾਸਾ ਦੇਖਿਆ ਗਿਆ ਅਤੇ ਇਹ ਕੁੱਤੇ ਮਰੀਜ਼ਾਂ ਦੇ ਬੈਠਣ ਵਾਲੀਆਂ ਥਾਵਾਂ ‘ਤੇ ਨੇੜੇ ਹੀ ਬੇਖੋਫ਼ ਸੁੱਤੇ ਪਏ ਸਨ ਤੇ ਨਾਲ ਹੀ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੈਠੇ ਸਨ। ਇਸ ਤੋਂ ਇਲਾਵਾ ਹਸਪਤਾਲ ਦੇ ਅੰਦਰ ਵਰਾਡਿਆਂ ਅਤੇ ਮਰੀਜ਼ਾਂ ਦੇ ਆਉਣ ਜਾਣ ਵਾਲੀਆਂ ਥਾਵਾਂ ਉੱਪਰ ਵੀ ਕੁੱਤਿਆਂ ਦਾ ਬੋਲਬਾਲਾ ਦੇਖਿਆ ਗਿਆ। ਹਸਪਤਾਲ ਦੇ ਗ੍ਰਾÀੂਂਡ ਜਾਂ ਖੁੱਲੀਆਂ ਥਾਵਾਂ ‘ਤੇ ਕੁੱਤਿਆਂ ਦੀ ਡਾਰਾਂ ਹੀ ਫਿਰਦੀਆਂ ਦੇਖੀਆਂ ਗਈਆਂ। ਹਸਪਤਾਲ ਦਾ ਸਬੰਧਿਤ ਪ੍ਰਸ਼ਾਸਨ ਤਾ ਭਾਵੇਂ ਇਨ੍ਹਾਂ ਕੁੱਤਿਆਂ ਤੋਂ ਅੱਖਾਂ ਹੀ ਮੀਚੀ ਬੈਠਾ ਹੈ, ਪਰ ਕੁੱਤਿਆਂ ਨੂੰ ਫੜਨ ਵਾਲੇ ਨਗਰ ਨਿਗਮ ਦੇ ਮੁਲਾਜ਼ਮ ਵੀ ਕੋਈ ਧਿਆਨ ਨਹੀਂ ਦੇ ਰਹੇ। ਇੱਕ ਮਰੀਜ ਨਾਲ ਪੁੱਜੇ ਮੈਂਬਰ ਨੇ ਕਿਹਾ ਕਿ ਕੁੱਤਿਆਂ ਨੂੰ ਬਾਹਰ ਕੱਢਣ ਦੀ ਇੱਥੇ ਕੋਈ ਖੇਚਲ ਨਹੀਂ ਕਰਦਾ ਅਤੇ ਇਹ ਹਸਪਤਾਲ ਅੰਦਰ ਹੀ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਕੁੱਤੇ ਦੇ ਤਾਂ ਜੀਅ ਪਏ ਹੋਏ ਹਨ ਜੋ ਕਿ ਅੰਦਰ ਹੀ ਬੈਠਾ ਰਹਿੰਦਾ ਹੈ। ਉਨ੍ਹਾਂ ਤੋਖਲਾ ਪ੍ਰਗਟਾਉਂਦਿਆਂ ਆਖਿਆ ਕਿ ਜੇਕਰ ਕਿਸੇ ਕੁੱਤੇ ਨੇ ਚਾਣਚੱਕ ਕੱਟ ਲਿਆ ਤਾਂ ਉਸ ਤੋਂ ਬਾਅਦ ਹੀ ਇਨ੍ਹਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇੱਥੇ ਘੁੰਮ ਰਹੇ ਕੁੱਤੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ਼ ਦੀ ਥਾਂ ਬਿਮਾਰੀਆਂ ਦਾ ਹੀ ਸੱਦਾ ਦੇ ਰਹੇ ਹਨ। ਹਸਪਤਾਲ ਅੰਦਰ ਆਏ ਆਮ ਲੋਕਾਂ ਵੱਲੋਂ ਵੀ ਮੰਗ ਕੀਤੀ ਗਈ ਕਿ ਇੱਥੇ ਘੁੰਮ ਰਹੇ ਕੁੱਤਿਆਂ ਦਾ ਬੰਦੋਬਸਤ ਕੀਤਾ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।