ਕੋਰੋਨਾ ਦਾ ਕਹਿਰ : ਪੰਜਾਬ ’ਚ ਲੱਗਿਆ ਰਾਤ ਦਾ ਕਰਫਿਊ, ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫਿਊ

Night curfew

ਸਕੂਲ-ਕਾਲਜ ਤੇ ਜਿੰਮ ਬੰਦ ਪਰ ਰੈਲੀਆਂ ’ਤੇ ਰੋਕ ਲਗਾਉਣ ਤੋਂ ਇਨਕਾਰ

  • ਸਿਨੇਮਾ ਅਤੇ ਏ.ਸੀ. ਬੱਸ ਚੱਲਣਗੀਆਂ 50 ਫੀਸਦੀ ਸਮਰੱਥਾ ਨਾਲ, ਸਵੀਮਿੰਗ ਪੂਲ ਵੀ ਰਹਿਣਗੇ ਬੰਦ
  • ਕੋਰੋਨਾ ‘ਚ ਆਈ ਤੇਜੀ ਦੇ ਚਲਦੇ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਆਦੇਸ਼, 15 ਜਨਵਰੀ ਤੱਕ ਰਹਿਣਗੇ ਲਾਗੂ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਕੋਰੋਨਾ ਮਹਾਂਮਾਰੀ ਦੇ ਮਾਮਲੇ ਵਿੱਚ ਆਈ ਅਚਾਨਕ ਤੇਜੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਮੁੜ ਤੋਂ ਸਖ਼ਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।  ਸੂਬੇ ’ਚ ਲਗਾਤਾਰ ਦੂਜੇ ਦਿਨ 400 ਤੋਂ ਵੱਧ ਮਾਮਲੇ ਆਉਣ ’ਤੇ ਅੱਜ ਰਾਤ ਤੋਂ ਪੰਜਾਬ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ।  ਇਹ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਅਤੇ ਇਸ ਦੌਰਾਨ ਕਿਸੇ ਨੂੰ ਵੀ ਆਪਣੇ ਘਰ ਤੋਂ ਨਿਕਲਣ ਲਈ ਪਾਬੰਦੀ ਹੋਏਗੀ ਹਾਲਾਂਕਿ ਨੈਸ਼ਨਲ ਹਾਈਵੇ ’ਤੇ ਦੂਜੇ ਸੂਬਿਆਂ ਲਈ ਸਫ਼ਰ ਕਰਨ ਵਾਲੇ ਵਾਹਨਾਂ ਨੂੰ ਜ਼ਰੂਰ ਇਜਾਜ਼ਤ ਹੋਵੇਗੀ।

ਇਸ ਨਾਲ ਪੰਜਾਬ ਭਰ ਵਿੱਚ ਸਕੂਲ ਅਤੇ ਕਾਲਜਾਂ ਸਣੇ ਜਿੰਮ ਤੇ ਸਵੀਮਿੰਗ ਪੂਲ ਬੰਦ ਕਰ ਦਿੱਤੇ ਗਏ ਹਨ। ਇਸ ਲਈ ਵਿਦਿਆਰਥੀ ਘਰ ਵਿੱਚ ਰਹਿੰਦੇ ਹੋਏ ਹੀ ਆਨਲਾਈਨ ਪੜ੍ਹਾਈ ਕਰ ਸਕਣਗੇ। ਸਕੂਲ ਅਤੇ ਕਾਲਜਾਂ ਵਿੱਚ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ਼ ਨੂੰ ਜਾਣ ਦੀ ਇਜਾਜ਼ਤ ਰਹੇਗੀ। ਪੰਜਾਬ ਭਰ ਵਿੱਚ ਸਿਨੇਮਾ ਅਤੇ ਏ.ਸੀ. ਬੱਸਾਂ ਨੂੰ 50 ਫੀਸਦੀ ਸਮਰੱਥਾ ਨਾਲ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ, ਜਦੋਂਕਿ ਨਾਨ ਏ.ਸੀ. ਬੱਸਾਂ ਲਈ ਇਹੋ ਜਿਹੀ ਕੋਈ ਪਾਬੰਦੀ ਨਹੀਂ ਹੋਵੇਗੀ।
ਪੰਜਾਬ ਸਰਕਾਰ ਵੱਲੋਂ ਇਹ ਸਖ਼ਤੀ 15 ਜਨਵਰੀ ਤੱਕ ਲਈ ਲਗਾਈ ਗਈ ਹੈ, ਜੇਕਰ ਕੋਰੋਨਾ ਦੇ ਮਾਮਲੇ ਦੇ ਘੱਟਣ ਦਾ ਰੁਝਾਨ ਨਹੀਂ ਆਇਆ ਅਤੇ ਇਸੇ ਤਰੀਕੇ ਨਾਲ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਆਉਂਦੇ ਰਹੇ ਤਾਂ ਇਸ ਸਖ਼ਤੀ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ।

ਇੱਥੇ ਹੀ ਹੈਰਾਨੀ ਵਾਲੀ ਗਲ ਹੈ ਕਿ ਸੂਬਾ ਸਰਕਾਰ ਵੱਲੋਂ ਸਾਰਾ ਕੁਝ ਬੰਦ ਕਰਨ ਦਾ ਆਦੇਸ਼ ਤਾਂ ਜਾਰੀ ਕਰ ਦਿੱਤੇ ਹਨ ਪਰ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾਣ ਵਾਲੀ ਰੈਲੀਆਂ ’ਤੇ ਕੋਈ ਵੀ ਰੋਕ ਨਹੀਂ ਹੋਵੇਗੀ। ਸਿਆਸੀ ਪਾਰਟੀਆਂ ਪਹਿਲਾਂ ਵਾਂਗ ਹੀ ਆਪਣੀ ਰੈਲੀਆਂ ਕਰ ਸਕਣਗੀਆਂ। ਇਨਾਂ ਸਿਆਸੀ ਲੋਕਾਂ ਦੀ ਰੈਲੀਆਂ ਵਿੱਚ ਭਾਗ ਲੈਣ ਲਈ ਆਉਣ ਵਾਲੇ ਆਮ ਲੋਕਾਂ ਲਈ ਕੋਈ ਨਿਯਮ ਵੀ ਨਹੀਂ ਹਨ, ਕਿਉਂਕਿ ਸਰਕਾਰੀ ਦਫ਼ਤਰ ਵਿੱਚ ਜਾਣ ਲਈ ਕੋਰੋਨਾ ਦੇ ਦੋਵੇਂ ਟੀਕੇ ਲਗੇ ਹੋਣੇ ਜਰੂਰੀ ਹਨ ਪਰ ਸਿਆਸੀ ਰੈਲੀਆਂ ਵਿੱਚ ਭਾਗ ਲੈਣ ਜਾਂ ਫਿਰ ਇਨਾਂ ਰੈਲੀਆਂ ’ਤੇ ਰੋਕ ਲਗਾਉਣ ਸਬੰਧੀ ਹੀ ਕੋਈ ਨਿਯਮ ਤੈਅ ਨਹੀਂ ਕੀਤੇ ਗਏ ਹਨ।

ਪੰਜਾਬ ਦੇ ਸਿਹਤ ਮੰਤਰੀ ਓ.ਪੀ. ਸੋਨੀ ਵੱਲੋਂ ਇੱਥੇ ਤੱਕ ਕਹਿ ਦਿੱਤਾ ਕਿ ਸਿਆਸੀ ਰੈਲੀਆਂ ਪਹਿਲਾਂ ਵਾਂਗ ਹੀ ਚੱਲਦੀਆਂ ਰਹਿਣਗੀਆਂ ਅਤੇ ਇਸ ਸਬੰਧੀ ਫੈਸਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਲਿਆ ਜਾਵੇਗਾ।

ਸਰਕਾਰੀ ਦਫ਼ਤਰਾਂ ਵਿੱਚ ਜਾਣ ਤੋਂ ਪਹਿਲਾਂ ਲੈ ਕੇ ਜਾਓ ਸਰਟੀਫਿਕੇਟ

ਸਰਕਾਰੀ ਦਫ਼ਤਰਾਂ ਅਤੇ ਬੈਂਕਾਂ ਵਿੱਚ ਜਾਣ ਵਾਲੇ ਆਮ ਲੋਕਾਂ ਨੂੰ ਹੁਣ ਆਪਣੇ ਨਾਲ ਕੋਰੋਨਾ ਦੇ ਦੋਵੇਂ ਟੀਕੇ ਲਗੇ ਹੋਣ ਸਬੰਧੀ ਸਰਟੀਫਿਕੇਟ ਆਪਣੇ ਨਾਲ ਲੈ ਕੇ ਜਾਣਾ ਹੋਏਗਾ। ਜੇਕਰ ਕਿਸੇ ਵਿਅਕਤੀ ਕੋਲ ਇਹ ਸਰਟੀਫਿਕੇਟ ਨਹੀਂ ਹੋਏਗਾ ਤਾਂ ਉਕਤ ਵਿਅਕਤੀ ਸਰਕਾਰੀ ਦਫ਼ਤਰ ਜਾਂ ਫਿਰ ਬੈਂਕ ਵਿੱਚ ਦਾਖ਼ਲ ਹੀ ਨਹੀਂ ਹੋ ਪਾਏਗਾ, ਕਿਉਂਕਿ ਇਸ ਸਬੰਧੀ ਪੰਜਾਬ ਸਰਕਾਰ ਵਲੋਂ ਸਖ਼ਤ ਨਿਯਮ ਬਣਾਏ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ