ਰੋਜ਼ਗਾਰ ਮੇਲਿਆਂ ਦੇ ਆਯੋਜਨ `ਚੋਂ ਜ਼ਿਲ੍ਹਾ ਫਾਜ਼ਿਲਕਾ ਦਾ ਸ਼ਲਾਘਾਯੋਗ ਕੰਮ

ਸੂਬੇ `ਚੋਂ ਮਿਲਿਆ ਤੀਜਾ ਸਥਾਨ, ਮੁੱਖ ਮੰਤਰੀ ਨੇ ਕੀਤਾ ਸਨਮਾਨਿਤ

  • ਕਪੂਰਥਲਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਪ੍ਰਾਪਤ ਕੀਤਾ ਸਨਮਾਨ

ਫਾਜ਼ਿਲਕਾ  (ਰਜਨੀਸ਼)। 7ਵੇਂ ਮੈਗਾ ਰੋਜ਼ਗਾਰ ਮੇਲੇ ਵਿੱਚ ਛੋਟੇ ਜ਼ਿਲ੍ਹਿਆਂ ਚੋਂ ਫਾਜ਼ਿਲਕਾ ਜ਼ਿਲ੍ਹੇ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਜਿਸ ਤੇ ਵੀਰਵਾਰ ਨੂੰ ਕਪੂਰਥਲਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਸੂਬੇ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ।

ਇੱਥੇ ਜ਼ਿਕਰਯੋਗ ਹੈ ਕਿ ਰੋਜ਼ਗਾਰ ਅਤੇ ਕਾਰੋਬਾਰ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਪਿਛਲੇ ਦਿਨਾਂ ਦੌਰਾਨ 3 ਮੈਗਾ ਰੋਜ਼ਗਾਰ ਮੇਲੇ ਕਰਵਾਏ ਗਏ ਸਨ। ਜਿਸ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ 7237 ਨੌਜਵਾਨਾਂ ਦੀ ਪਲੇਸਮੈਂਟ ਕਰਵਾਈ ਗਈ ਸੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਸਨਮਾਨ ਪ੍ਰਾਪਤੀ ਤੋਂ ਬਾਅਦ ਕਿਹਾ ਕਿ ਇਹ ਸਨਮਾਨ ਹੋਰ ਵੀ ਵਡੇਰੇ ਟੀਚਿਆਂ ਦੀ ਪ੍ਰਾਪਤੀ ਲਈ ਪ੍ਰੇਰਨਾ ਸਰੋਤ ਦਾ ਕੰਮ ਕਰੇਗਾ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਅਫਸਰ ਸ੍ਰੀ ਕਿਸ਼ਨ ਲਾਲ ਨੇ ਦੱਸਿਆ ਕਿ 9 ਸਤੰਬਰ ਨੂੰ ਫਾਜ਼ਿਲਕਾ ਵਿਖੇ ਹੋਏ ਰੋਜ਼ਗਾਰ ਮੇਲੇ ਵਿੱਚ 2636, 14 ਸਤੰਬਰ ਨੂੰ ਜਲਾਲਾਬਾਦ ਵਿੱਚ ਹੋਏ ਰੋਜ਼ਗਾਰ ਮੇਲੇ ਵਿੱਚ 2156 ਅਤੇ 16 ਸਤੰਬਰ ਨੂੰ ਅਬੋਹਰ ਵਿਖੇ ਹੋਏ ਰੋਜ਼ਗਾਰ ਮੇਲੇ ਵਿੱਚ 2445 ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਸੀ। ਇਸ ਤੋਂ ਬਿਨਾਂ ਪਿਛਲੇ ਵਿੱਤੀ ਸਾਲ ਦੌਰਾਨ ਕੋਵਿਡ ਮਹਾਮਾਰੀ ਦੇ ਬਾਵਜੂਦ ਜ਼ਿਲ੍ਹੇ ਵਿਚ 9703 ਨੌਜਵਾਨਾਂ ਦੀ ਪਲੇਸਮੈਂਟ ਕਰਵਾਈ ਗਈ ਸੀ। ਇਸ ਤੋਂ ਬਿਨਾਂ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਨਾਲ ਜੋੜਨ ਲਈ ਵੀ ਵਿਭਾਗ ਮੱਦਦ ਕਰਦਾ ਹੈ ਅਤੇ ਸਰਕਾਰੀ ਨੌਕਰੀਆਂ ਲਈ ਮੁਫ਼ਤ ਆਨ ਲਾਈਨ ਕੋਚਿੰਗ ਦੀ ਸਹੂਲਤ ਵੀ ਵਿਭਾਗ ਵਲੋਂ ਦਿੱਤੀ ਜਾ ਰਹੀ ਹੈ। ਇਸ ਸੁਵਿਧਾ ਦਾ ਲਾਭ ਲੈਣ ਲਈ ਨੌਜਵਾਨ ਲਿੰਕ `ਤੇ ਜਾ ਕੇ ਆਨ-ਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਫਾਜ਼ਿਲਕਾ ਦੇ ਨੌਜਵਾਨਾਂ ਨੂੰ ਵੀ ਮੁੱਖ ਮੰਤਰੀ ਨੇ ਦਿੱਤੇ ਨਿਯੁਕਤੀ ਪੱਤਰ

ਕਪੂਰਥਲਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਫਾਜ਼ਿਲਕਾ ਜ਼ਿਲ੍ਹੇ ਦੇ 2 ਨੌਜਵਾਨਾਂ: ਸੁਖਚੈਨ ਸਿੰਘ ਅਤੇ ਮਨਜੀਤ ਸਿੰਘ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਜਿਨ੍ਹਾਂ ਦੀ ਪ੍ਰਾਈਵੇਟ ਕੰਪਨੀਆਂ ਵਿੱਚ ਇਨ੍ਹਾਂ ਰੋਜ਼ਗਾਰ ਮੇਲਿਆਂ ਦੌਰਾਨ ਨਿਯੁਕਤੀ ਹੋਈ ਹੈ। ਇਸ ਤੋਂ ਬਿਨਾਂ 2 ਨੌਜਵਾਨਾਂ: ਨੀਤੂ ਸਿੰਘ ਅਤੇ ਗੁਰਮੀਤ ਸਿੰਘ ਨੂੰ ਡੇਅਰੀ ਫਾਰਮਿੰਗ ਲਈ ਲੋਨ ਦੇ ਸਰਟੀਫਿਕੇਟ ਵੀ ਦਿੱਤੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ