ਮੁਹਾਲੀ ’ਚ ਖੁੱਲਿਆ ਸਸਤੀ ਰੇਤ ਤੇ ਬਜਰੀ ਦਾ ਵਿਕਰੀ ਕੇਂਦਰ, ਮੰਤਰੀ ਹਰਜੋਤ ਬੈਂਸ ਨੇ ਕੀਤਾ ਉਦਘਾਟਨ

ਮੁਹਾਲੀ ’ਚ ਖੁੱਲਿਆ ਸਸਤੀ ਰੇਤ ਤੇ ਬਜਰੀ ਦਾ ਵਿਕਰੀ ਕੇਂਦਰ, ਮੰਤਰੀ ਹਰਜੋਤ ਬੈਂਸ ਨੇ ਕੀਤਾ ਉਦਘਾਟਨ

ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਵਿੱਚ ਰੇਤਾ-ਬੱਜਰੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਜਿਸ ਕਾਰਨ ਵੱਡੇ ਪੱਧਰ ’ਤੇ ਵਿਕਾਸ ਕਾਰਜ ਠੱਪ ਹੋ ਰਹੇ ਹਨ। ਇਸ ਨਾਲ ਜੁੜੇ ਕਾਰੋਬਾਰੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਇਸ ਦੌਰਾਨ ਪੰਜਾਬ ਸਰਕਾਰ ਨੇ ਮਾਈਨਿੰਗ ਮਾਫੀਆ ’ਤੇ ਸ਼ਿਕੰਜਾ ਕੱਸਣ ਲਈ ਰੇਤਾ-ਬੱਜਰੀ ਵਿਕਰੀ ਕੇਂਦਰ ਖੋਲ੍ਹ ਦਿੱਤਾ ਹੈ ਜਿਸ ਦਾ ਉਦਘਾਟਨ ਅੱਜ ਮੁਹਾਲੀ ਵਿੱਚ ਮੰਤਰੀ ਹਰਜੋਤ ਬੈਂਸ ਨੇ ਕੀਤਾ। ਇਸ ਦੌਰਾਨ ਹਰਜੋਤ ਬੈਂਸ ਨੇ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰੇਤ ਅਤੇ ਰੇਤ ਮਾਫੀਆ ਪਿਛਲੇ ਸਮੇਂ ’ਚ ਵੱਡਾ ਮੁੱਦਾ ਰਿਹਾ ਹੈ।

ਪਿਛਲੀ ਸਰਕਾਰ ਨੇ 2018 ਵਿੱਚ ਇੱਕ ਨੀਤੀ ਬਣਾਈ ਸੀ। ਪਾਲਿਸੀ 3 ਸਾਲਾਂ ਲਈ ਲਿਆਂਦੀ ਗਈ ਸੀ। ਜਿਸ ਤਹਿਤ ਪੰਜਾਬ ਨੂੰ 7 ਬਲਾਕਾਂ ਵਿੱਚ ਵੰਡਿਆ ਗਿਆ ਸੀ। ਪਾਲਿਸੀ ਅਨੁਸਾਰ ਪੰਜਾਬ ਵਿੱਚ 350 ਲੱਖ ਮੀਟਿ੍ਰਕ ਟਨ ਦੀ ਮੰਗ ਦਰਸਾਈ ਗਈ ਸੀ। ਜਦੋਂ ਕਿ ਪੰਜਾਬ ਦੀ ਮੰਗ 4 ਗੁਣਾ ਵੱਧ ਹੈ। ਸਰਕਾਰ ਦੇ ਖਾਤੇ ਵਿੱਚ 25-30 ਹਜ਼ਾਰ ਮੀਟਿ੍ਰਕ ਟਨ ਰੇਤਾ-ਬੱਜਰੀ ਵਿਕਦੀ ਸੀ। ਜਦੋਂ ਕਿ ਅਸੀਂ 7 ਮਹੀਨਿਆਂ ਵਿੱਚ 1 ਲੱਖ ਟਨ ਵੇਚ ਰਹੇ ਹਾਂ ਪਰ ਫਿਰ ਵੀ ਮੰਗ ਪੂਰੀ ਨਹੀਂ ਹੋ ਰਹੀ ਹੈ।

ਗੈਰ-ਕਾਨੂੰਨੀ ਮਾਈਨਿੰਗ ’ਤੇ 2 ਲੱਖ ਰੁਪਏ ਦਾ ਲਾਇਆ ਜਾਵੇਗਾ ਜੁਰਮਾਨਾ

ਹਰਜੋਤ ਬੈਂਸ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਅੱਜ ਪੰਜਾਬ ਵਿੱਚ 90 ਫੀਸਦੀ ਗੈਰ-ਕਾਨੂੰਨੀ ਮਾਈਨਿੰਗ ਰੁਕ ਗਈ ਹੈ। ਇਹ ਮੈਂ ਯਕੀਨ ਨਾਲ ਕਹਿ ਸਕਦਾ ਹਾਂ। ਜੇਕਰ ਕੋਈ ਰਾਤ ਸਮੇਂ ਨਾਜਾਇਜ਼ ਮਾਈਨਿੰਗ ਕਰਦਾ ਸੜਕ ’ਤੇ ਆਉਂਦਾ ਹੈ ਤਾਂ ਉਸ ਟਿੱਪਰ ਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੇਕਰ 14 ਦਿਨਾਂ ਦੇ ਅੰਦਰ ਜੁਰਮਾਨਾ ਅਦਾ ਨਾ ਕੀਤਾ ਗਿਆ ਤਾਂ ਟਿੱਪਰ ਦੀ ਨਿਲਾਮੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦੀ ਲੁੱਟ ਰੋਕਣ ਲਈ ਉਹ ਰੇਟ ਤੈਅ ਕਰਨ ਜਾ ਰਹੇ ਹਨ। ਇਸ ਸਬੰਧੀ ਅੱਜ ਟਰਾਂਸਪੋਰਟ ਵਿਭਾਗ ਨਾਲ ਮੀਟਿੰਗ ਕਰਨ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਮਾਰਕੀਟ ਦੇ ਰੁਲ ਮੁਤਾਬਕ ਜਿਨੀ ਸਪਲਾਈ ਜ਼ਿਆਦਾ ਹੁੰਦੀ ਹੈ ਉਨ੍ਹਾਂ ਰੇਟ ਘੱਟ ਹੁੰਦਾ ਹੈ। ਪਰ ਅਸੀਂ ਦੇਖਿਆ ਹੈ ਬਹੁਤ ਸਾਰੀ ਸਪਲਾਈ ਦੇਣ ਤੋਂ ਬਾਅਦ ਵੀ ਜੋ ਮਿਡਲ ਮੈਨ ਹਨ ਬਹੁਤ ਮਹਿੰਗਾ ਵੇਚ ਰਹੇ ਹਨ। ਦੇਖਣ ਵਿਚ ਆਇਆ ਹੈ ਉਨ੍ਹਾਂ ਦਾ ਰੇਟ ਕਿਤੇ ਸੱਠ ਰੁਪਏ ਅਤੇ ਕਿਤੇ 80 ਰੁਪਏ ਵੀ ਹੈ। ਉਨ੍ਹਾਂ ਕਿਹਾ ਤੁਹਾਡੇ ਸਾਹਮਣੇ ਇਹ ਪੰਜਾਬ ਦਾ ਪਹਿਲਾ ਸੇਲ ਸੈਂਟਰ ਹੈ ਜਿਥੇ ਸਰਕਾਰੀ ਰੇਟ ਤੇ ਰੇਤਾ ਬਜਰੀ ਉਪਲੱਬਧ ਹੋਵੇਗਾ। ਇੱਥੇ ਦੋ ਲੱਖ ਮੀਟਰਿਕ ਟਨ ਤੋਂ ਜ਼ਿਆਦਾ ਮਾਲ ਉਪਲਬਧ ਹੈ।

ਉਨ੍ਹਾਂ ਕਿਹਾ ਕਿ ਈਕੋਸਿਟੀ ਮੁਹਾਲੀ ਖਰੜ ਦੇ ਆਮੋ-ਸਾਹਮਣੇ ਬਹੁਤ ਜ਼ਿਆਦਾ ਡਵੈਲਪਮੈਂਟ ਐਕਟੀਵਿਟੀਜ਼ ਹੋ ਰਹੀਆਂ ਹਨ। ਉਨ੍ਹਾਂ ਨੂੰ ਦੇਖਦੇ ਹੋਏ ਏਥੋਂ ਸਰਕਾਰੀ ਰੇਟ ਦੇ ਉੱਤੇ ਰੇਤਾ ਬਜਰੀ ਖਰੀਦਿਆ ਜਾ ਸਕਦਾ ਹੈ। ਪੂਰੇ ਪੰਜਾਬ ਵਿਚੋਂ ਸਮਾਨ ਇਕੱਠਾ ਕਰਕੇ ਇਸ ਸੈਂਟਰ ਵਿਚ ਮੰਗਵਾਇਆ ਗਿਆ ਹੈ ਇਸ ਲਈ ਇਸ ਦਾ ਸਰਕਾਰੀ ਰੇਟ 28 ਰੁਪਏ ਹੋਵੇਗਾ ਅਤੇ ਜੇ ਖੱਡ ਚਲਦੀ ਹੈ ਉੱਥੇ 9 ਰੁਪਏ ਅਤੇ ਜੇਕਰ ਕਰਸ਼ਰ ਤੋਂ ਮਾਲ ਲੈਣਾ ਹੋਵੇ ਉੱਥੇ ਵੀਹ ਰੁਪਏ ਰੇਟ ਰਹੇਗਾ ਅਤੇ ਅਗਰ ਤੁਸੀਂ ਬਿਲਕੁਲ ਆਪਣੇ ਘਰ ਜਾਂ ਸ਼ਹਿਰ ਵਿਚ ਮਾਲ ਲੈਣਾ ਹੈ ਤਾਂ ਟੋਟਲ ਕੋਸਟ, ਲੋਡਿੰਗ ਅਤੇ ਟਰਾਂਸਪੋਰਟ ਦਾ ਖਰਚਾ ਪਾ ਕੇ ਤੁਸੀਂ 28 ਰੁਪਏ ਰੇਟ ਤੇ ਲੈ ਸਕਦੇ ਹੋ।

ਉਨ੍ਹਾਂ ਕਿਹਾ 28 ਰੁਪਏ ਕੋਈ ਫਿਕਸ ਰੇਟ ਨਹੀਂ ਹੈ ਅਗਰ ਹਾਈਕੋਰਟ ਸਾਨੂੰ ਮਾਈਨਿੰਗ ਐਕਟੀਵਿਟੀ ਲਈ ਹੋਰ ਰਾਹਤ ਦਿੰਦਾ ਹੈ ਤਾਂ ਜਿਵੇਂ ਜਿਵੇਂ ਸਪਲਾਈ ਵਧਦੀ ਜਾਵੇਗੀ ਤਾਂ ਹੋ ਸਕਦਾ ਹੈ ਇਹ ਰੇਟ 15,16 ਰੁਪਏ ਮਿਲਣਾ ਸ਼ੁਰੂ ਹੋ ਜਾਵੇਗਾ। ਪਰ ਏਥੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਥੇ ਮਾਲ ਹਮੇਸ਼ਾ ਉਪਲੱਬਧ ਹੋਵੇਗਾ ਅਤੇ ਦੂਸਰਾ ਜੋ 70, 80 ਰੁਪਏ ਵਾਲੀ ਲੁੱਟ ਚੱਲ ਰਹੀ ਹੈ ਉਹ ਇਥੇ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਅਜਿਹੇ ਖਰੀਦ ਸੈਂਟਰ ਖੋਲ੍ਹੇ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ