ਚੇਅਰਮੈਨੀਆਂ ਦੇ ਲੰਮੇ ਇੰਤਜ਼ਾਰ ਨੇ ਜਿੱਤੇ ਹੋਏ ਮੈਂਬਰਾਂ ਦੇ ਚਾਅ ਫਿੱਕੇ ਪਾਏ

Chairman, Chairmanship, Faded

ਕਈ ਮਹੀਨੇ ਬੀਤ ਜਾਣ ਕਰਕੇ ਕਾਂਗਰਸੀ ਆਗੂਆਂ ‘ਚ ਨਿਰਾਸ਼ਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਨੌਂ ਮਹੀਨੇ ਪਹਿਲਾਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ‘ਚ ਜਿੱਤੇ ਹੋਏ ਮੈਂਬਰਾਂ ਦੇ ਚਾਅ ਫਿੱਕੇ ਪੈਣ ਲੱਗੇ ਹਨ। ਇਨ੍ਹਾਂ ਚੁਣੇ ਹੋਏ ਮੈਂਬਰਾਂ ‘ਚੋਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀਆਂ ਦੇ ਚੇਅਰਮੈਂਨੀਆਂ ਤੇ ਉਪ ਚੇਅਰਮੈਨੀਆਂ ‘ਤੇ ਅੱਖ ਰੱਖੀ ਬੈਠੇ ਆਗੂਆਂ ਦਾ ਇੰਤਜਾਰ ਲਗਾਤਾਰ ਲੰਮਾ ਹੁੰਦਾ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਚੇਅਰਮੈਨੀਆਂ ਵੱਲ ਕੋਈ ਇਸ਼ਾਰਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਇਹ ਕਾਂਗਰਸੀ ਆਗੂ ਅੰਦਰੋਂ ਹੀ ਅੰਦਰੋਂ ਆਪਣੀ ਸਰਕਾਰ ਨੂੰ ਕੋਸ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਅੰਦਰ 22 ਜ਼ਿਲ੍ਹਾ ਪਰਿਸ਼ਦਾਂ ਅਤੇ 150 ਪੰਚਾਇਤ ਸੰਮਤੀਆਂ ਦੀਆਂ ਚੋਣਾਂ 19 ਸਤੰਬਰ 2018 ਨੂੰ ਹੋਈਆਂ ਸਨ ਤੇ 22 ਸਤੰਬਰ ਨੂੰ ਨਤੀਜੇ ਸਾਹਮਣੇ ਆਏ ਸਨ। ਇਨ੍ਹਾਂ ਨਤੀਜਿਆਂ ਵਿੱਚ ਬਹੁ ਗਿਣਤੀ ਜ਼ਿਲ੍ਹਾ ਪਰਿਸ਼ਦਾ ਤੇ ਪੰਚਾਇਤ ਸੰਮਤੀਆਂ ‘ਤੇ ਕਾਂਗਰਸ ਹੀ ਕਾਬਜ਼ ਹੋਈ ਸੀ ਤੇ ਕਾਂਗਰਸੀ ਮੈਂਬਰਾਂ ਵੱਲੋਂ ਵੱਡੀਆਂ ਜਿੱਤਾਂ ਦਰਜ਼ ਕੀਤੀਆਂ ਗਈਆਂ ਸਨ। ਇਨ੍ਹਾਂ ਨਤੀਜਿਆਂ ਦੇ ਆਉਣ ਤੋਂ ਬਾਅਦ ਕਾਂਗਰਸੀਆਂ ‘ਚ ਵੱਡਾ ਜੋਸ਼ ਪਾਇਆ ਗਿਆ ਸੀ, ਕਿਉਂਕਿ ਦਸ ਸਾਲਾਂ ਬਾਅਦ ਕਾਂਗਰਸੀ ਆਗੂਆਂ ਦੇ ਸਿਰ ‘ਤੇ ਚੇਅਰਮੈਨੀਆਂ ਤੇ ਉਪ ਚੇਅਰਮੈਨੀਆਂ ਦੇ ਤਾਜ ਸਜਣੇ ਸਨ। ਚੋਣਾਂ ਹੋਇਆਂ ਨੂੰ 9 ਮਹੀਨੇ ਬੀਤ ਚੁੱਕੇ ਹਨ, ਪਰ ਕੈਪਟਨ ਸਰਕਾਰ ਵੱਲੋਂ ਇਨ੍ਹਾਂ ਚੇਅਰਮੈਨੀਆਂ ਨੂੰ ਹੀ ਭੁਲਾ ਦਿੱਤਾ ਗਿਆ ਹੈ, ਜਿਸ ਕਾਰਨ ਚੇਅਰਮੈਨੀਆਂ ਉੱਪਰ ਅੱਖ ਰੱਖੀ ਬੈਠੇ ਜਿੱਤੇ ਹੋਏ ਕਾਂਗਰਸੀ ਆਗੂਆਂ ਦੇ ਚਾਅ ਲੰਮੇ ਇੰਤਰਾਜ ਕਾਰਨ ਨਾਸੁਰ ਬਣਨ ਲੱਗੇ ਹਨ। ਜ਼ਿਲ੍ਹਾ ਪਟਿਆਲਾ ਅੰਦਰ ਵਿਧਾਇਕਾਂ ਵੱਲੋਂ ਆਪਣੇ ਪੁੱਤਰਾਂ ਨੂੰ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜਾਈ ਗਈ ਸੀ ਤੇ ਉਹ ਚੇਅਰਮੈਨੀਆਂ ਦੇ ਤਕੜੇ ਦਾਅਵੇਦਾਰ ਹਨ, ਪਰ ਇਹ ਕੈਪਟਨ ਦੇ ਮੂੰਹ ਵੱਲ ਤੱਕ ਰਹੇ ਹਨ ਕਿ ਉਨ੍ਹਾਂ ਵੱਲੋਂ ਇਸ ਪ੍ਰਕਿਰਿਆ ਨੂੰ ਕਦੋਂ ਹਰੀ ਝੰਡੀ ਦਿੱਤੀ ਜਾਵੇਗੀ।   ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਈ ਜਿੱਤੇ ਹੋਏ ਮੈਂਬਰਾਂ ਨੇ ਕਿਹਾ ਕਿ 9 ਮਹੀਨੇ ਤਾਂ ਇੰਝ ਹੀ ਲੰਘ ਗਏ ਹਨ ਤੇ ਸਰਕਾਰ ਬਣੀ ਨੂੰ ਵੀ ਸਵਾ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਕੰਮਾਂ ਲਈ ਕਹਿ ਰਹੇ ਹਨ, ਪਰ ਜ਼ਿਲ੍ਹਾ ਪਰਿਸ਼ਦਾਂ ਅਤੇ ਪੰਚਾਇਤ ਸੰਮਤੀਆਂ ਦਾ ਕੋਈ ਢਾਂਚਾ ਨਾ ਬਣਨ ਕਾਰਨ ਉਹ ਨਿਰਾਸ਼ ਹੋਏ ਬੈਠੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਕੰਮ ‘ਚ ਦੇਰੀ ਮਨੋਬਲ ਨੂੰ ਢਿੱਲਾ ਪਾ ਰਹੀ ਹੈ। ਇੱਕ ਆਗੂ ਦਾ ਕਹਿਣਾ ਸੀ ਕਿ ਪਹਿਲਾਂ ਹੀ ਅਕਾਲੀ ਸਰਕਾਰ ਦੇ 10 ਸਾਲਾਂ ‘ਚ ਬਹੁਤ ਮੁਸ਼ਕਲਾਂ ਝੱਲੀਆਂ ਸਨ, ਹੁਣ ਜਦੋਂ ਸਾਡੀ ਵਾਰੀ ਆਈ ਹੈ ਤਾ ਹੁਣ ਚੇਅਰਮੈਨੀਆਂ ਲਟਕਾ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਹੁਣ ਜਲਦੀ ਪੰਜਾਬ ਅੰਦਰ ਆਪਣੇ ਚੇਅਰਮੈਨ ਥਾਪੇ ਤਾਂ ਜੋ ਅਗਲੇ ਕੰਮ ਸ਼ੁਰੂ ਹੋ ਸਕਣ। ਸਰਕਾਰ ਵੱਲੋਂ ਆਪਣੇ ਹੀ ਆਗੂਆਂ ਨੂੰ ਕਰਵਾਇਆ ਜਾ ਰਿਹੈ ਇੰਤਜਾਰ ਪਾਰਟੀ ਲਈ ਨੁਕਸਾਨਦਾਇਕ ਹੋ ਸਕਦਾ ਹੈ। ਦੱਸਣਯੋਗ ਹੈ ਕਿ ਪੰਜਾਬ ਅੰਦਰ ਲਗਭਗ 354 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ 2900 ਪੰਚਾਇਤ ਸੰਮਤੀ ਮੈਂਬਰ ਚੁਣੇ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।