ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਪਤੀ-ਪਤਨੀ ਖਿਲਾਫ ਮਾਮਲਾ ਦਰਜ

Canada Visa

ਗੈਰ ਆਈਲੈਟਸ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਪਤੀ-ਪਤਨੀ ਖਿਲਾਫ ਮਾਮਲਾ ਦਰਜ (Canada Visa)

(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਆਈਲੈਟਸ ਕੀਤੇ ਬਗੈਰ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਮੋਹਾਲੀ ਦੇ ਵਸਨੀਕ ਪਤੀ-ਪਤਨੀ ਜੋੜੇ ਖਿਲਾਫ ਮਾਲੇਰਕੋਟਲਾ ਥਾਣਾ ਸਿਟੀ-1 ਦੀ ਪੁਲਿਸ ਨੇ ਠੱਗੀ ਮਾਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਏ ਗਏ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਲੇਰਕੋਟਲਾ ਦੇ ਨਾਮਵਰ ਵੀਜ਼ਾ ਐਕਸਪਰਟ ਅਚਿੰਤ ਗੋਇਲ ਪੁੱਤਰ ਸੱਤਪਾਲ ਗੋਇਲ ਵਾਸੀ ਸਾਜਦਾ ਕਾਲੋਨੀ ਮਾਲੇਰਕਟਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਮਨ ਕੌਰ ਪਤਨੀ ਮੁਕਲ ਕੁਮਾਰ ਅਤੇ ਮੁਕਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀਆਨ ਫਲੈਟ ਨੰਬਰ 10 ਹੋਮਲੈਂਡ ਮੋਹਾਲੀ ਇਕ ਦਿਨ ਮਾਲੇਰਕੋਟਲਾ ਵਿਖੇ ਮੇਰੇ ਦਫਤਰ ‘ਚ ਆਏ ਸੀ।

ਇਹ ਵੀ ਪੜ੍ਹੋ : ਇਸਲਾਮੀਆ ਕੰਬੋਜ ਦੀ ਜਾਵੇਦ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਲਈ ਹੋਈ ਚੋਣ

ਜਿਨ੍ਹਾਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸਟੱਡੀ ਵੀਜ਼ਾ ਲਾਉਣ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਅੰਬੈਸੀ ਵਾਲਿਆਂ ਨਾਲ ਵੀ ਵਧੀਆ ਬਣਦੀ ਹੈ। ਇਸ ਲਈ ਉਨ੍ਹਾਂ ਨੇ ਬਹੁਤ ਸਾਰੇ (Canada Visa) ਵਿਦਿਆਰਥੀਆਂ ਨੂੰ ਬਿਨਾਂ ਆਈਲੈਟਸ ਕੀਤਿਆਂ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਿਆ ਹੈ। ਅਚਿੰਤ ਗੋਇਲ ਨੇ ਦੱਸਿਆ ਕਿ ਮੁਕਲ ਫੈਮਿਲੀਆਂ ਦੀਆਂ ਉਪਰੋਕਤ ਗੱਲਾਂ ‘ਤੇ ਵਿਸ਼ਵਾਸ ਕਰ ਕੇ ਮੈਂ ਅਜਿਹੇ 25 ਕੇਸ ਤਿਆਰ ਕਰਨ ਉਪਰੰਤ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਉਨ੍ਹਾਂ ਨੂੰ ਦਿੱਤੇ ਸਨ, ਜਿਨ੍ਹਾਂ ਦੇ ਖਰਚੇ ਸਬੰਧੀ ਤੈਅ ਹੋਏ ਪੈਸਿਆਂ ‘ਚ 35 ਲੱਖ ਰੁਪਏ ਵੀ ਉਕਤ ਮੁਕਲ ਫੈਮਲੀ ਨੂੰ ਦੇ ਦਿੱਤੇ ਸਨ।

ਜਿਨ੍ਹਾਂ ‘ਚੋਂ ਕਈਆਂ ਦੇ ਵੀਜ਼ੇ ਅੰਬੈਸੀ ਨੇ ਰੱਦ ਕਰਦਿਆਂ ਪੰਜ ਸਾਲ ਲਈ ਬੈਨ ਕਰ ਦਿੱਤੇ ਹਨ। ਜਦੋਂ ਸਾਨੂੰ ਇਸ ਸਬੰਧੀ ਪੂਰਾ ਪਤਾ ਲੱਗਾ ਤਾਂ ਮੈਂ ਮੁਕਲ ਫੈਮਿਲੀ ਨੂੰ ਦਿੱਤੇ ਹੋਏ ਪੈਸੇ ਵਾਪਸ ਕਰਨ ਲਈ ਕਿਹਾ। ਮੁਕਲ ਫੈਮਿਲੀ ਨੇ ਸਾਡੇ ਵੱਲੋਂ ਦਬਾਅ ਬਣਾਉਣ ‘ਤੇ 35 ਲੱਖ ਰੁਪਏ ‘ਚੋਂ ਸਿਰਫ 15 ਲੱਖ 5 ਹਜ਼ਾਰ ਰੁਪਏ ਹੀ ਵਾਪਸ ਦਿੱਤੇ, ਜਦੋਂਕਿ ਬਾਕੀ ਰਹਿੰਦੇ ਪੈਸੇ ਵਾਪਸ ਕਰਨ ਤੋਂ ਟਾਲ-ਮਟੋਲ ਕਰਨ ਲੱਗੇ।ਜਿਸ ਕਾਰਨ ਮਜਬੂਰ ਹੋ ਕੇ ਮੈਂ ਐੱਸ.ਐੱਸ.ਪੀ. ਮਾਲੇਰਕੋਟਲਾ ਕੋਲ ਦਰਖਾਸਤ ਦੇ ਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਅਚਿੰਤ ਗੋਇਲ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ‘ਤੇ ਸੁਖਮਨ ਕੌਰ ਪਤਨੀ ਮੁਕਲ ਕੁਮਾਰ ਅਤੇ ਮੁਕਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀਆਨ ਹੋਮਲੈਂਡ ਮੋਹਾਲੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।