ਕੀ ਕਦੇ ਜਾਤ-ਪਾਤ ਦਾ ਭੇਦਭਾਵ ਖ਼ਤਮ ਹੋ ਸਕਦੈ?

Caste,  Discrimination

ਬਲਰਾਜ ਸਿੰਘ ਸਿੱਧੂ ਐਸ.ਪੀ.

ਕੁਝ ਦਿਨ ਪਹਿਲਾਂ ਸੰਗਰੂਰ ਜਿਲ੍ਹੇ ਵਿੱਚ ਇੱਕ ਦਲਿਤ ਨੌਜਵਾਨ ਦੀ ਛੋਟੀ ਜਿਹੀ ਗੱਲ ‘ਤੇ ਭਿਆਨਕ ਕੁੱਟ-ਮਾਰ ਕੀਤੀ ਗਈ ਜਿਸ ਕਾਰਨ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਭਾਵੇਂ ਇਹ ਝਗੜਾ ਕਿਸੇ ਹੋਰ ਕਾਰਨ ਹੋਇਆ ਸੀ, ਪਰ ਜਲਦੀ ਹੀ ਜਾਤੀਵਾਦੀ ਰੂਪ ਧਾਰਨ ਕਰ ਗਿਆ। ਇਸ ਤਰ੍ਹਾਂ ਦੇ ਇੱਕ ਮਾਮਲੇ ਕਾਰਨ ਕੁਝ ਸਾਲ ਪਹਿਲਾਂ ਦੁਆਬੇ ਵਿੱਚ ਭਿਆਨਕ ਦੰਗੇ ਹੋਏ ਸਨ। ਜਾਤ-ਪਾਤ ਦੀ ਇਸ ਬੁਰਾਈ ਕਾਰਨ ਭਾਰਤ ਸੈਂਕੜੇ ਸਾਲਾਂ ਤੱਕ ਵਿਦੇਸ਼ੀ ਹਮਲਾਵਰਾਂ ਦੁਆਰਾ ਰੌਂਦਿਆ ਜਾਂਦਾ ਰਿਹਾ ਹੈ। ਪਾਣੀਪੱਤ ਦੀ ਪਹਿਲੀ ਜੰਗ (21 ਅਪਰੈਲ 1526 ਈ.) ਮੁਗਲ ਬਾਦਸ਼ਾਹ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦਰਮਿਆਨ ਹੋਈ ਸੀ। ਬਾਬਰ ਦੀ ਫੌਜ ਸਿਰਫ ਤੀਹ ਹਜ਼ਾਰ ਤੇ ਇਬਰਾਹੀਮ ਲੋਧੀ ਦੀ ਇੱਕ ਲੱਖ ਦੇ ਕਰੀਬ ਸੀ। ਇੱਕ ਰਾਤ ਬਾਬਰ  ਭੇਸ ਬਦਲ ਕੇ ਇਬਰਾਹੀਮ ਲੋਧੀ ਦੇ ਕੈਂਪ ਵਿੱਚ ਉਸ ਦੀਆਂ ਜੰਗੀ ਤਿਆਰੀਆਂ ਦੀ ਸੂਹ ਲੈਣ ਲਈ ਘੁੰਮ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਲੋਧੀ ਦੀ ਫੌਜ ਦੇ ਹਰ ਟੈਂਟ ਅੱਗੇ ਚੁੱਲ੍ਹੇ ਬਲ਼ ਰਹੇ ਹਨ। ਉਸ ਨੇ ਆਪਣੇ ਜਸੂਸਾਂ ਨੂੰ ਇਸ ਬਾਰੇ ਪੁੱਛਿਆ ਤਾਂ ਜਵਾਬ ਮਿਲਿਆ ਕਿ ਇਹ ਲੋਕ ਵੱਖ-ਵੱਖ ਜਾਤਾਂ, ਧਰਮਾਂ ਤੇ ਫਿਰਕਿਆਂ ਨਾਲ ਸਬੰਧ ਰੱਖਦੇ ਹਨ। ਛੂਤ-ਛਾਤ ਮੰਨਣ ਕਾਰਨ ਇਹ ਇੱਕ-ਦੂਸਰੇ ਨਾਲ ਬੈਠ ਕੇ ਖਾਣਾ ਨਹੀਂ ਖਾਂਦੇ। ਇਹ ਸੁਣ ਕੇ ਬਾਬਰ ਖੁਸ਼ ਹੋ ਗਿਆ ਕਿ ਜੇ ਇਹ ਫੌਜੀ ‘ਕੱਠੇ ਬੈਠ ਕੇ ਰੋਟੀ ਨਹੀਂ ਖਾ ਸਕਦੇ ਤਾਂ ਇਨ੍ਹਾਂ ਨੇ ਲੜਾਈ ਵਿੱਚ ਇੱਕਮੁੱਠ ਹੋ ਕੇ ਸਵਾਹ ਲੜਨਾ? ਅਜਿਹੀ ਪਾਟੋਧਾੜ ਸੈਨਾ ਤਾਂ ਕੁਝ ਹੀ ਪਲਾਂ ਵਿੱਚ ਤਬਾਹ ਕੀਤੀ ਜਾ ਸਕਦੀ ਹੈ। ਉਹੀ ਗੱਲ ਹੋਈ, ਅਗਲੇ ਦਿਨ ਸਿਰਫ ਕੁਝ ਘੰਟਿਆਂ ਵਿੱਚ ਹੀ ਇਬਰਾਹੀਮ ਲੋਧੀ ਦੀ ਸਾਰੀ ਫੌਜ ਨਸ਼ਟ ਕਰ ਦਿੱਤੀ ਗਈ ਤੇ ਉਹ ਜੰਗ ‘ਚ ਮਾਰਿਆ ਗਿਆ।

ਮੌਜੂਦਾ ਸਮੇਂ ਵੀ ਇਹੋ ਕੁਝ ਹੋ ਰਿਹਾ ਹੈ। ਦੇਸ਼ ਦੀ ਤਰੱਕੀ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਜਾਤੀ ਪ੍ਰਥਾ ਹੀ ਹੈ। ਲੋਕ ਵੋਟ ਪਾਉਣ ਲੱਗਿਆਂ ਉਮੀਦਵਾਰ ਦੀ ਕਾਬਲੀਅਤ ਵਾਚਣ ਦੀ ਬਜਾਏ ਉਸ ਦੀ ਜਾਤ ਵੇਖਦੇ ਹਨ। ਉਹ ਗੱਲ ਅਲੱਗ ਹੈ ਅੱਜ ਤੱਕ ਕਿਸੇ ਨੇਤਾ ਨੇ ਤਾਕਤ ਮਿਲਣ ਤੋਂ ਬਾਅਦ ਆਪਣੀ ਜਾਤ ਦਾ ਭਲਾ ਨਹੀਂ ਕੀਤਾ। ਮੰਤਰੀ ਬਣਨ ਤੋਂ ਬਾਅਦ ਉਸ ਦਾ ਸਭ ਤੋਂ ਪਹਿਲਾ ਕੰਮ ਕਿਸੇ ਪਾਸ਼ ਕਲੋਨੀ ਵਿੱਚ ਮਹਿਲ ਪਾ ਕੇ ਗੇਟ ‘ਤੇ ਗੰਨਮੈਨ ਬਿਠਾਉਣ ਦਾ ਹੁੰਦਾ ਹੈ ਤਾਂ ਜੋ ਗਰੀਬ-ਗਰੁੱਬਾ ਉਸ ਨੂੰ ਕਿਸੇ ਕੰਮ ਲਈ ਪਰੇਸ਼ਾਨ ਨਾ ਕਰ ਸਕੇ।

ਸੰਸਾਰ ਵਿੱਚ ਸ਼ਾਇਦ ਭਾਰਤ ਹੀ ਇੱਕੋ-ਇੱਕ ਦੇਸ਼ ਹੈ ਜਿੱਥੇ ਇਸ ਕੰਪਿਊਟਰ ਯੁੱਗ ਵਿੱਚ ਵੀ ਜਾਤੀ ਪ੍ਰਥਾ ਵਰਗੇ ਕਲੰਕ ਦੀ ਪੂਰੀ ਕਰੜਾਈ ਨਾਲ ਪਾਲਣਾ ਕੀਤੀ ਜਾ ਰਹੀ ਹੈ। ਭਾਰਤ ਵਿੱਚ ਜਾਤੀਵਾਦੀ ਸਿਸਟਮ ਦਾ ਘੋਰ ਅਣਮਨੁੱਖੀ ਰੂਪ ਯੂ.ਪੀ., ਬਿਹਾਰ ਅਤੇ ਦੱਖਣੀ ਭਾਰਤ ਵਿੱਚ ਵੇਖਣ ਨੂੰ ਮਿਲਦਾ ਹੈ। ਇਨ੍ਹਾਂ ਸੂਬਿਆਂ ਦੇ ਪਿੰਡਾਂ ਵਿੱਚ ਅੱਜ ਵੀ ਕਥਿਤ ਛੋਟੀਆਂ ਜਾਤਾਂ ਲਈ ਪਾਣੀ ਦੇ ਖੂਹ ਤੱਕ ਵੱਖਰੇ ਹਨ, ਉਹ ਪਿੰਡ ਦੇ ਚੌਧਰੀ ਦੇ ਬਰਾਬਰ ਕੁਰਸੀ ਜਾਂ ਮੰਜੇ ‘ਤੇ ਨਹੀਂ ਬੈਠ ਸਕਦੇ। ਯੂ. ਪੀ. ਅਤੇ ਬਿਹਾਰ ਦੀ ਤਾਂ ਸਾਰੀ ਸਿਆਸਤ ਅਤੇ ਸਮਾਜਿਕ ਤਾਣਾ-ਬਾਣਾ ਹੀ ਜਾਤੀਵਾਦ ਦੇ ਦੁਆਲੇ ਘੁੰਮਦਾ ਹੈ। ਜਾਤ ਅਧਾਰਿਤ ਰਾਜਨੀਤਕ ਪਾਰਟੀਆਂ ਹਨ, ਇੱਥੋਂ ਤੱਕ ਕਿ ਗੁੰਡਿਆਂ ਤੇ ਡਾਕੂਆਂ ਦੇ ਗਿਰੋਹ ਵੀ ਜਾਤ ਅਧਾਰਿਤ ਹਨ।

1992-93 ਵਿੱਚ ਮੈਂ ਕਿਸੇ ਮੁਲਜ਼ਮ ਨੂੰ ਫੜਨ ਲਈ ਯੂ. ਪੀ. ਦੇ ਕਿਸੇ ਸ਼ਹਿਰ ਗਿਆ ਸੀ। ਸਾਨੂੰ ਪੁਲਿਸ ਮੱਦਦ ਲੈਣ ਲਈ ਸਥਾਨਕ ਥਾਣੇ ਜਾਣਾ ਪਿਆ। ਉੱਥੇ ਵੇਖਿਆ ਕਿ ਥਾਣੇ ਵਿੱਚ ਵੱਖ-ਵੱਖ ਜਾਤਾਂ ਲਈ ਦੋ ਮੈੱਸਾਂ ਸਨ ਤੇ ਸ਼ਰੇਆਮ ਲਿਖਿਆ ਹੋਇਆ ਸੀ ਕਿ ਇਹ ਮੈੱਸ ਫਲਾਣੀ ਜਾਤ ਲਈ ਹੈ। ਜਦੋਂ ਮੈਂ ਹੈਰਾਨ ਹੋ ਕਿ ਇਸ ਸਬੰਧੀ ਐਸ. ਐਚ. ਉ. ਨੂੰ ਪੁੱਛਿਆ ਤਾਂ ਉਹ ਬਹੁਤ ਅਰਾਮ ਨਾਲ ਬੋਲਿਆ ਕਿ ਇਸ ਵਿੱਚ ਕੀ ਖਾਸ ਗੱਲ ਹੈ? ਇਹ ਤਾਂ ਹੁੰਦਾ ਹੀ ਹੈ।

ਰਾਜਸਥਾਨ ਵਿੱਚ ਤਾਂ 40-50 ਸਾਲ ਪਹਿਲਾਂ ਤੱਕ ਕੋਈ ਗੈਰ ਰਾਜਪੂਤ ਆਪਣੇ ਨਾਂਅ ਨਾਲ ਸਿੰਘ ਨਹੀਂ ਸੀ ਲਗਾ ਸਕਦਾ (ਇਹ ਸਿਰਫ ਰਾਜਪੂਤਾਂ ਵਾਸਤੇ ਰਿਜ਼ਰਵ ਸੀ),  ਘੋੜੀ ‘ਤੇ ਨਹੀਂ ਸੀ ਚੜ੍ਹ ਸਕਦਾ ਤੇ ਚੰਗਾ ਊਠ ਨਹੀਂ ਸੀ ਰੱਖ ਸਕਦਾ। ਅੱਜ ਵੀ ਰਾਜਸਥਾਨ ‘ਚ ਰਾਜਪੂਤਾਂ ਨੂੰ ਛੱਡ ਕੇ ਬਹੁਤੇ ਲੋਕਾਂ ਦੇ ਨਾਂਅ ਸ਼ਾਮ ਲਾਲ, ਨਿਉਲਾ ਰਾਮ, ਦੂੜਾ ਰਾਮ, ਰਤਨ ਲਾਲ ਜਾਂ ਗੋਦਾ ਰਾਮ ਆਦਿ ਹਨ। ਧਰਮਿੰਦਰ ਦੀ ਫਿਲਮ ਗੁਲਾਮੀ (1985) ਵਿੱਚ ਇਹ ਭੇਦ-ਭਾਵ ਬਹੁਤ ਸਟੀਕਤਾ ਨਾਲ ਵਿਖਾਇਆ ਗਿਆ ਸੀ। ਦੱਖਣ ਵਿੱਚ ਤਾਂ ਹਾਲਾਤ ਹੋਰ ਵੀ ਬੁਰੇ ਹਨ। ਉੱਥੇ ਇੱਕ ਯੇਲੱਮਾ ਦੇਵੀ ਦਾ ਮੰਦਰ ਹੈ ਜਿੱਥੇ ਸਿਰਫ ਕਥਿਤ ਛੋਟੀਆਂ ਜਾਤਾਂ ਦੀਆਂ ਬੱਚੀਆਂ ਨੂੰ ਦੇਵ ਦਾਸੀਆਂ ਬਣਾਇਆ ਜਾਂਦਾ ਹੈ ਤੇ ਬਾਅਦ ਵਿੱਚ ਇਹਨਾਂ ਵਿੱਚੋਂ ਬਹੁਤੀਆਂ ਵੇਸਵਾ ਬਜ਼ਾਰ ਵਿੱਚ ਵੇਚ ਦਿੱਤੀਆਂ ਜਾਂਦੀਆਂ ਹਨ। ਪੰਜਾਬ ਵਿੱਚ ਵੀ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ ਜਿੱਥੇ ਧਰਮ ਦੇ ਸਭ ਤੋਂ ਬੁਨਿਆਦੀ ਅਸੂਲ ਬਰਾਬਰੀ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਪੰਜਾਬ ਵਿੱਚ ਗੁਰੂਆਂ ਅਤੇ ਭਗਤਾਂ ਨੇ ਜਾਤ-ਪਾਤ ਮਿਟਾਉਣ ਲਈ ਬਹੁਤ ਉਪਰਾਲੇ ਕੀਤੇ ਪਰ ਇਹ ਬਿਮਾਰੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰਨ ਵੇਲੇ ਇਸ ਬੁਰਾਈ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਵੱਖ-ਵੱਖ ਜਾਤਾਂ ਦੇ ਪੰਜ ਸੂਰਮਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਤੇ ਫਿਰ ਆਪ ਉਹਨਾਂ ਹੱਥੋਂ ਅੰਮ੍ਰਿਤ ਛਕਿਆ। ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਅਸੀਂ ਗੁਰੂ ਸਾਹਿਬਾਨਾਂ ਨੂੰ ਤਾਂ ਮੰਨਦੇ ਹਾਂ ਪਰ ਉਹਨਾਂ ਦੀਆਂ ਸਿੱਖਿਆਵਾਂ ਨੂੰ ਮੰਨਣ ਲਈ ਤਿਆਰ ਨਹੀਂ। ਅੱਜ ਪੰਜਾਬ ਦੇ ਹਰ ਪਿੰਡ-ਸ਼ਹਿਰ ਵਿੱਚ ਵੱਖ-ਵੱਖ ਜਾਤਾਂ ਦੇ ਅਲੱਗ-ਅਲੱਗ ਧਾਰਮਿਕ ਅਸਥਾਨ ਅਤੇ ਸ਼ਮਸ਼ਾਨ ਘਾਟ ਆਦਿ ਬਣੇ ਹੋਏ ਹਨ, ਜਾਤ-ਪਾਤ ਮਰਨ ਤੋਂ ਬਾਅਦ ਵੀ ਬੰਦੇ ਦਾ ਪਿੱਛਾ ਨਹੀਂ ਛੱਡਦੀ। ਪੱਛਮੀ ਦੇਸ਼ਾਂ ਵਿੱਚ ਵੀ ਭਾਰਤੀ ਆਪਣੀ ਇਹ ਪ੍ਰਥਾ ਨਾਲ ਹੀ ਲੈ ਗਏ ਹਨ। Àੁੱਥੇ ਵੀ ਅਲੱਗ-ਅਲੱਗ ਜਾਤਾਂ ਦੇ ਧਰਮ ਅਸਥਾਨ ਉਸਾਰ ਲਏ ਹਨ।  ਜਾਤ-ਪਾਤ ਵੈਦਿਕ ਕਾਲ ਵਿੱਚ ਕੰਮ ਦੇ ਅਧਾਰ ‘ਤੇ ਸ਼ੁਰੂ ਹੋਈ ਹੋਈ ਸੀ, ਪਰ ਸਮਾਂ ਪਾ ਕੇ ਰਾਜਿਆਂ ਅਤੇ ਪੁਜਾਰੀਆਂ ਦੀਆਂ ਸਾਜ਼ਿਸ਼ਾਂ ਕਾਰਨ ਇਹ ਪ੍ਰਥਾ ਪੱਕੀ ਹੀ ਹੋ ਗਈ। ਅੱਜ ਭਾਰਤੀ ਜਿਸ ਜਾਤ ਵਿੱਚ ਪੈਦਾ ਹੁੰਦਾ ਹੈ, ਉਸੇ ਵਿੱਚ ਮਰਦਾ ਹੈ। ਫਿਲਹਾਲ ਇਹ ਪ੍ਰਥਾ ਖਤਮ ਹੋਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਸ ਨੂੰ ਦੇਸ਼ ਦੇ  ਰਾਜਨੀਤਕ ਕਥਿਤ ਧਾਰਮਿਕ ਆਗੂਆਂ ਵੱਲੋਂ ਭਰਪੂਰ ਬੜਾਵਾ ਦਿੱਤਾ ਜਾ ਰਿਹਾ ਹੈ। ਇਲੈਕਸ਼ਨਾਂ, ਸਰਕਾਰੀ ਨੌਕਰੀਆਂ, ਇੱਥੋਂ ਤੱਕ ਕੇ ਪੰਚਾਇਤਾਂ ਵੀ ਜਾਤ ਅਧਾਰਿਤ ਬਣਦੀਆਂ ਹਨ। ਅਫਸਰਾਂ ਦੇ ਸ਼ਰੇਆਮ ਜਾਤ ਅਧਾਰਿਤ ਗਰੁੱਪ ਬਣੇ ਹੋਏ ਹਨ ਜਿਹਨਾਂ ਵਿੱਚ ਰੱਜ ਕੇ ਦੂਸਰੀ ਜਾਤ ਵਾਲਿਆਂ ਦੀ ਬਦਖੋਈ ਕੀਤੀ ਜਾਂਦੀ ਹੈ। ਵੈਸੇ ਜਾਤ-ਪਾਤ ਵੀ ਵਿਅਕਤੀ ਦੀ ਆਰਥਿਕ ਸਥਿਤੀ ਅਨੁਸਾਰ ਬਦਲ ਜਾਂਦੀ ਹੈ। ਜੇ ਵਿਅਕਤੀ ਗਰੀਬ ਹੋਵੇ ਤਾਂ ਉਸ ਨਾਲ ਜਾਤ ਦੇ ਅਧਾਰ ‘ਤੇ ਰੱਜ ਕੇ ਵਿਤਕਰਾ ਕੀਤਾ ਜਾਂਦਾ ਹੈ, ਪਰ ਜੇ ਉਹ ਵਿਅਕਤੀ ਜਾਂ ਉਸ ਦਾ ਕੋਈ ਬੱਚਾ ਪੜ੍ਹ-ਲਿਖ ਕੇ ਵੱਡਾ ਅਫਸਰ ਜਾਂ ਮੰਤਰੀ ਬਣ ਜਾਵੇ ਤਾਂ ਇਲਾਕੇ ਦੇ ਵੱਡੇ ਤੋਂ ਵੱਡੇ ਚੌਧਰੀ ਵੀ ਉਸ ਨੂੰ ਸਲਾਮ ਮਾਰਨ ਪਹੁੰਚ ਜਾਂਦੇ ਹਨ। ਕਹਿੰਦੇ ਹਨ ਕਿ ਪਹਿਲੀ ਪੀੜ੍ਹੀ ਦਾ ਪਾਖੰਡ, ਦੂਸਰੀ ਪੀੜ੍ਹੀ ਦੀ ਪਰੰਪਰਾ ਅਤੇ ਤੀਸਰੀ ਪੀੜ੍ਹੀ ਦਾ ਧਰਮ ਬਣ ਜਾਂਦਾ ਹੈ। ਇਹ ਜਾਤ-ਪਾਤ ਵੀ ਸਦੀਆਂ ਗੁਜ਼ਰਨ ਨਾਲ ਸਾਡਾ ਧਰਮ ਹੀ ਬਣ ਗਿਆ ਹੈ। ਇਸ ਭੇਦਭਾਵ ਤੋਂ ਅੱਕ ਕੇ ਭਾਰਤ ਵਿੱਚ ਕਰੋੜਾਂ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਸੀ ਤੇ ਅੱਜ ਵੀ ਕਰ ਰਹੇ ਹਨ।

ਪੰਜਾਬ ਦੇ ਪਿੰਡਾਂ ਵਿੱਚ ਜਾਤ ਅਧਾਰਿਤ ਕਲੋਨੀਆਂ ਅਤੇ ਮੁਹੱਲੇ ਬਣੇ ਹੋਏ ਹਨ। ਸਾਡੇ ਨੇਤਾ ਭਾਵੇਂ ਜਾਤ-ਪਾਤ ਖਤਮ ਕਰਨ ਦੀਆਂ ਗੱਲਾਂ ਕਰਦੇ ਹਨ, ਪਰ ਵੱਖ-ਵੱਖ ਜਾਤਾਂ ਦੇ ਧਰਮ ਸਥਾਨਾਂ ਅਤੇ ਧਰਮਸ਼ਾਲਾਵਾਂ ਲਈ ਖੁੱਲ੍ਹ ਕੇ ਗਰਾਂਟਾਂ ਦਿੰਦੇ ਹਨ। ਵੋਟਾਂ ਖੁੱਸਣ ਦੇ ਡਰੋਂ ਇਸ ਗੱਲ ‘ਤੇ ਕਦੇ ਵੀ ਜ਼ੋਰ ਨਹੀਂ ਦਿੰਦੇ ਕਿ ਸਾਰੀਆਂ ਜਾਤਾਂ ਲਈ ਇੱਕ ਹੀ ਸਾਂਝਾ ਧਰਮ ਸਥਾਨ ਹੋਣਾ ਚਾਹੀਦਾ ਹੈ।  ਪੰਜਾਬ ਵਿੱਚ ਲਵ ਮੈਰਿਜ ਭਾਵੇਂ ਅੰਤਰਜਾਤੀ ਹੋ ਜਾਵੇ, ਪਰ ਅਰੇਂਜ਼ਡ ਮੈਰਿਜ 99 ਪ੍ਰਤੀਸ਼ਤ ਇੱਕ ਹੀ ਜਾਤ ਵਿੱਚ ਹੁੰਦੀ ਹੈ। ਲੋਕ ਅੰਤਰਜ਼ਾਤੀ ਵਿਆਹਾਂ ਨੂੰ ਬਰਦਾਸ਼ਤ ਨਹੀਂ ਕਰਦੇ, ਲੜਕੇ ਲੜਕੀ ਨੂੰ ਕਤਲ ਤੱਕ ਕਰ ਦਿੱਤਾ ਜਾਂਦਾ ਹੈ। ਪਰ ਜਿੰਨਾ ਚਿਰ ਭਾਰਤੀਆਂ ਵਿੱਚ ਖੁਦ ਜਾਗ੍ਰਿਤੀ ਨਹੀਂ ਆਉਂਦੀ ਲੋਕ ਧਰਮ ਦੀ ਸਿੱਖਿਆ ਨੂੰ ਦਿਲੋਂ ਨਹੀਂ ਅਪਣਾਉਂਦੇ, ਜਨਤਾ ਜਾਤ ਦੀ ਬਜਾਏ ਕਾਬਲੀਅਤ ਨਹੀਂ ਵੇਖਦੀ, ਰਾਜਨੀਤਕ ਲੋਕ ਆਪਣੀਆਂ ਰੋਟੀਆਂ ਸੇਕਣੀਆਂ ਬੰਦ ਨਹੀਂ ਕਰਦੇ, ਅੰਤਰਜ਼ਾਤੀ ਵਿਆਹ ਆਮ ਨਹੀਂ ਹੁੰਦੇ ਤੇ ਧਾਰਮਿਕ ਛੂਤ-ਛਾਤ ਖਤਮ ਨਹੀਂ ਹੁੰਦੀ, ਸਾਡੇ ਸਮਾਜ ਦਾ ਇਹ ਮਹਾਂ ਕਲੰਕ ਕਦੇ ਵੀ ਖਤਮ ਨਹੀਂ ਹੋ ਸਕਦਾ।

ਪੰਡੋਰੀ ਸਿੱਧਵਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।