ਨਰਮਦਾ ਨਦੀ ’ਚ ਡਿੱਗੀ ਬੱਸ, ਹੁਣ ਤੱਕ 13 ਲੋਕਾਂ ਦੀ ਹੋਈ ਮੌਤ

ਨਰਮਦਾ ਨਦੀ ’ਚ ਡਿੱਗੀ ਬੱਸ, ਹੁਣ ਤੱਕ 13 ਲੋਕਾਂ ਦੀ ਹੋਈ ਮੌਤ

ਧਾਰ। ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ’ਚ ਸੋਮਵਾਰ ਸਵੇਰੇ ਇੰਦੌਰ— ਖਰਗੋਨ ਵਿਚਾਲੇ ਇਕ ਭਿਆਨਕ ਹਾਦਸਾ ਵਾਪਰਿਆ। ਇੰਦੌਰ ਤੋਂ ਪੁਣੇ (ਅਮਲਨੇਰ) ਜਾ ਰਹੀ ਬੱਸ ਧਮਨੌਦ ’ਚ ਖਲਘਾਟ ਨੇੜੇ ਨਰਮਦਾ ਨਦੀ ’ਚ ਡਿੱਗ ਗਈ। ਰਾਤ 10 ਤੋਂ 10.15 ਵਜੇ ਦੇ ਵਿਚਕਾਰ ਖਲਘਾਟ ਦੇ ਦੋ ਮਾਰਗੀ ਪੁਲ ’ਤੇ ਇਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਬੱਸ ਬੇਕਾਬੂ ਹੋ ਗਈ। ਡਰਾਈਵਰ ਸੰਤੁਲਨ ਗੁਆ ​​ਬੈਠਾ ਅਤੇ ਬੱਸ ਰੇਲਿੰਗ ਤੋੜਦੀ ਹੋਈ ਨਦੀ ਵਿੱਚ ਜਾ ਡਿੱਗੀ।

ਬੱਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 40 ਯਾਤਰੀ ਸਵਾਰ ਸਨ। ਹੁਣ ਤੱਕ 13 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ 8 ਪੁਰਸ਼, 4 ਔਰਤਾਂ ਅਤੇ 1 ਬੱਚਾ ਸ਼ਾਮਲ ਹੈ। ਮਿ੍ਰਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ 15 ਯਾਤਰੀਆਂ ਨੂੰ ਜ਼ਿੰਦਾ ਬਾਹਰ ਕੱਢਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਮੌਕੇ ’ਤੇ ਮੌਜੂਦ ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਅਜੇ ਤੱਕ ਇਕ ਵੀ ਯਾਤਰੀ ਜ਼ਿੰਦਾ ਨਹੀਂ ਮਿਲਿਆ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਖਲਘਾਟ ਸਮੇਤ ਆਸਪਾਸ ਦੇ ਲੋਕ ਮੌਕੇ ’ਤੇ ਪਹੁੰਚ ਗਏ। ਇੰਦੌਰ ਅਤੇ ਧਾਰ ਤੋਂ ਐਨਡੀਆਰਐਫ਼ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਇਹ ਪੁਲ ਪੁਰਾਣਾ ਦੱਸਿਆ ਜਾਂਦਾ ਹੈ। ਬੱਸ ਮਹਾਰਾਸ਼ਟਰ ਸਟੇਟ ਟਰਾਂਸਪੋਰਟ ਦੀ ਹੈ। ਘਟਨਾ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਸ਼ਾਸਨ ਨੂੰ ਬਚਾਅ ਅਤੇ ਰਾਹਤ ਕਾਰਜਾਂ ਦੇ ਆਦੇਸ਼ ਦਿੱਤੇ ਹਨ।

ਸੀਐਮ ਸ਼ਿਵਰਾਜ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਫ਼ੋਨ ’ਤੇ ਗੱਲਬਾਤ ਕੀਤੀ। ਬੱਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਮਿ੍ਰਤਕ ਦੇਹਾਂ ਨੂੰ ਸਨਮਾਨ ਨਾਲ ਮਹਾਰਾਸ਼ਟਰ ਭੇਜਿਆ ਜਾਵੇਗਾ। ਸ਼ਿਵਰਾਜ ਨੇ ਉਨ੍ਹਾਂ ਨੂੰ ਪ੍ਰਸ਼ਾਸਨ ਦੇ ਯਤਨਾਂ ਤੋਂ ਜਾਣੂ ਕਰਵਾਇਆ। ਮੱਧ ਪ੍ਰਦੇਸ਼ ਸਰਕਾਰ ’ਚ ਮੰਤਰੀ ਕਮਲ ਪਟੇਲ ਨੂੰ ਮੌਕੇ ’ਤੇ ਭੇਜਣ ਦੀ ਸੂਚਨਾ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ