ਸੰਗਰੂਰ ਜ਼ਿਲੇ ਤੱਕ ਹੀ ਸੀਮਤ ਹੋ ਕੇ ਰਹਿ ਗਏ ਭਗਵੰਤ ਮਾਨ 

Bhagwant, Remained, Confined, Sangrur, District

ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਪਿਛਲੇ 15 ਦਿਨਾਂ ਵਿੱਚ ਸੰਗਰੂਰ ਨੂੰ ਹੀ ਦਿੱਤਾ ਸਮਾਂ

ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਜਿਤਾਉਣ ਦਾ ਭਾਰ ਬਤੌਰ ਪ੍ਰਧਾਨ ਆਪਣੇ ਸਿਰ ‘ਤੇ ਲਈ ਬੈਠੇ ਭਗਵੰਤ ਮਾਨ ਖ਼ੁਦ ਹੀ ਸੰਗਰੂਰ ਤੋਂ ਬਾਹਰ ਨਹੀਂ ਨਿਕਲ ਸਕੇ। ਭਗਵੰਤ ਮਾਨ ਨੇ ਖ਼ੁਦ ਦੀ ਸੀਟ ਨੂੰ ਬਚਾਉਣ ਲਈ ਸੰਗਰੂਰ ਲੋਕ ਸਭਾ ਹਲਕੇ ਵਿੱਚ ਹੀ ਪਿਛਲੇ 15-20 ਦਿਨਾਂ ਤੋਂ ਜੋਰ ਦਿੱਤਾ ਹੋਇਆ ਹੈ, ਜਿਥੇ ਕਿ ਹਰ ਛੋਟਾ ਵੱਡਾ ਸਮਾਗਮ ਕਰਨ ਦੇ ਨਾਲ ਹੀ ਪੰਜਾਬ ਭਰ ਦੀ ਮੁਹਿੰਮ ਤੱਕ ਸੰਗਰੂਰ ਤੋਂ ਸ਼ੁਰੂ ਕੀਤੀ ਜਾ ਰਹੀਂ ਹੈ। ਜਿਸ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਪੰਜਾਬ ਭਰ ਵਿੱਚ ਹੋ ਸਕਦਾ ਹੈ, ਕਿਉਂਕਿ ਭਗਵੰਤ ਮਾਨ ਜੇਕਰ ਅਗਾਮੀ ਸਮੇਂ ਦੌਰਾਨ ਵੀ ਸੰਗਰੂਰ ਹਲਕੇ ਤੱਕ ਸੀਮਤ ਰਹੇ ਹਨ ਤਾਂ ਬਾਕੀ ਸੀਟਾਂ ‘ਤੇ ਪ੍ਰਚਾਰ ਦੀ ਘਾਟ ਉਮੀਦਵਾਰਾਂ ਦੇ ਖ਼ਿਲਾਫ਼ ਜਾ ਸਕਦੀ ਹੈ। ਇਸ ਸਮੇਂ ਆਮ ਆਦਮੀ ਪਾਰਟੀ ਦੇ ਕੋਲ ਭਗਵੰਤ ਮਾਨ ਤੋਂ ਇਲਾਵਾ ਕੋਈ ਵੱਡਾ ਲੀਡਰ ਵੀ ਨਹੀਂ ਹੈ, ਜਿਸ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਭੀੜ ਇਕੱਠੀ ਹੋ ਸਕੇ।

ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਪੰਜਾਬ ਦੀ ਕਮਾਨ ਭਗਵੰਤ ਮਾਨ ਦੇ ਕੋਲ ਹੀ ਹੈ। ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸਟਾਰ ਦੇ ਰੂਪ ਵਿੱਚ ਹਨ ਅਤੇ ਜਿਨਾਂ ਨੂੰ ਸੁਣਨ ਲਈ ਆਪਣੇ ਆਪ ਹੀ ਭੀੜ ਇਕੱਠੀ ਹੋ ਜਾਂਦੀ ਹੈ। ਇਸੇ ਕਾਰਨ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦਾ ਅਸਤੀਫ਼ਾ ਵੀ ਮਨਜ਼ੂਰ ਨਹੀਂ ਕੀਤਾ ਸੀ। ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੀਆਂ 13 ਸੀਟਾਂ ਦੀ ਜਿੰਮੇਵਾਰੀ ਦਿੱਤੀ ਹੋਈ ਹੈ, ਜਿਥੇ ਕਿ ਉਨਾਂ ਨੂੰ ਪ੍ਰਚਾਰ ਕਰਦੇ ਹੋਏ ਆਪ ਉਮੀਦਵਾਰ ਨੂੰ ਜਿਤਾਉਣ ਦੀ ਕੋਸ਼ਸ਼ ਕਰਨੀ ਹੈ ਪਰ ਹਾਲਾਤ ਤਾਂ ਇਹੋ ਜਿਹੇ ਹਨ ਕਿ ਖ਼ੁਦ ਭਗਵੰਤ ਮਾਨ ਆਪਣੀ ਸੀਟ ਹੀ ਬਚਾਉਣ ਦੇ ਚੱਕਰ ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ।

ਪਿਛਲੇ 15-20 ਦਿਨਾਂ ਵਿੱਚ ਭਗਵੰਤ ਮਾਨ ਵਲੋਂ 90 ਫੀਸਦੀ ਸਮਾਂ ਸੰਗਰੂਰ ਨੂੰ ਹੀ ਦਿੱਤਾ ਗਿਆ ਹੈ, ਇਥੇ ਤੱਕ ਕਿ ਛੋਟਾ ਵੱਡਾ ਪ੍ਰੋਗਰਾਮ ਜਾਂ ਫਿਰ ਐਲਾਨ ਵੀ ਸੰਗਰੂਰ ਹਲਕੇ ਵਿਖੇ ਹੀ ਕੀਤਾ ਗਿਆ ਹੈ। ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ‘ਤੇ ਆਏ ਸਨ ਤਾਂ ਸੰਗਰੂਰ ਲੋਕ ਸਭਾ ਦੇ ਅਧੀਨ ਆਉਂਦੇ ਬਰਨਾਲਾ ਵਿਖੇ ਹੀ ਅਰਵਿੰਦ ਕੇਜਰੀਵਾਲ ਦੀ ਰੈਲੀ ਕਰਵਾਈ ਗਈ ਸੀ। ਹੁਣ ਪੰਜਾਬ ਸਰਕਾਰ ਖ਼ਿਲਾਫ਼ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਨੂੰ ਵੀ ਸੰਗਰੂਰ ਤੋਂ ਹੀ ਸ਼ੁਰੂ ਕੀਤਾ ਗਿਆ ਹੈ।

ਜਿਸ ਤੋਂ ਸਾਫ਼ ਹੈ ਕਿ ਭਗਵੰਤ ਮਾਨ ਹਰ ਚੀਜ਼ ਨੂੰ ਸੰਗਰੂਰ ਤੱਕ ਹੀ ਸੀਮਤ ਰੱਖਣ ਦੀ ਕੋਸ਼ਸ਼ ਵਿੱਚ ਲਗੇ ਹੋਏ ਹਨ ਤਾਂ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਉਨਾਂ ਦੀ ਸੀਟ ਨੂੰ ਕੋਈ ਖ਼ਤਰਾ ਨਾ ਪੈਦਾ ਹੋ ਸਕੇ। ਪਿਛਲੇ ਕੁਝ ਸਮੇਂ ਤੋਂ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡਾਂ ਵਿੱਚ ਭਗਵੰਤ ਮਾਨ ਦੀ ਗੈਰਹਾਜ਼ਰੀ ਜਿਆਦਾ ਹੋਣ ਦੇ ਕਾਰਨ ਭਗਵੰਤ ਮਾਨ ਖ਼ਿਲਾਫ਼ ਇਕ ਮਾਹੌਲ ਬਣ ਰਿਹਾ ਸੀ, ਇਸ ਮਾਹੌਲ ਨੂੰ ਸ਼ਾਂਤ ਕਰਦੇ ਹੋਏ ਖ਼ਤਮ ਕਰਨ ਲਈ ਭਗਵੰਤ ਮਾਨ ਸੰਗਰੂਰ ਹਲਕੇ ਤੱਕ ਹੀ ਸੀਮਤ ਰਹਿ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।