ਭਗਵੰਤ ਮਾਨ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦੇ ਪੱਲੇ ਪਾ ਰਹੀ ਹੈ ਨਿਰਾਸ਼ਾ : ਪੰਜਾਬ ਪੈਨਸ਼ਨਰ ਯੂਨੀਅਨ

kot

ਭਗਵੰਤ ਮਾਨ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦੇ ਪੱਲੇ ਪਾ ਰਹੀ ਹੈ ਨਿਰਾਸ਼ਾ : ਪੰਜਾਬ ਪੈਨਸ਼ਨਰ ਯੂਨੀਅਨ (Punjab Pensioners Union)

ਫਰੀਦਕੋਟ, (ਸੁਭਾਸ਼ ਸ਼ਰਮਾ)। ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਚਾਨੀ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਅਸ਼ੋਕ ਕੌਸ਼ਲ , ਪ੍ਰੇਮ ਚਾਵਲਾ ਤੇ ਪ੍ਰਦੀਪ ਸਿੰਘ ਬਰਾੜ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਟਰਕਾਊ ਅਤੇ ਲਮਕਾਊ ਨੀਤੀਆਂ ਤੋਂ ਤੰਗ ਆ ਕੇ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਨੇ ਭਗਵੰਤ ਮਾਨ ਸਰਕਾਰ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਪਰ ਪਿਛਲੇ ਚਾਰ ਕੁ ਮਹੀਨਿਆਂ ਦੀ ਕਾਰਗੁਜ਼ਾਰੀ ਵੇਖ ਕੇ ਹੀ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦਾ ਸਾਰਾ ਉਤਸ਼ਾਹ ਮੱਠਾ ਪੈੰਦਾ ਜਾ ਰਿਹਾ ਹੈ ਅਤੇ ਪਿਛਲੇ ਬਜਟ ਇਜਲਾਸ ਦੌਰਾਨ ਮੁਲਾਜ਼ਮ ਵਰਗ ਨੂੰ ਪੂਰੀ ਤਰਾਂ ਅੱਖੋਂ ਪਰੋਖੇ ਕਰ ਕੇ ਭਗਵੰਤ ਮਾਨ ਸਰਕਾਰ ਨੇ ਇਸ ਵਰਗ ਨੂੰ ਮੁੜ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਕਰ ਦਿੱਤਾ ਹੈ । (Punjab Pensioners Union)

ਆਗੂਆਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਕੇਜਰੀਵਾਲ ਅਤੇ ਉਸਦੀ ਪਾਰਟੀ ਨੇ ਕੱਚੇ ਮੁਲਾਜ਼ਮ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕਾਂਗਰਸ ਸਰਕਾਰ ਵਲੋਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਸਮੇਂ ਪੈਨਸ਼ਨਰ ਵਰਗ ਨਾਲ ਕੀਤੀ ਘੋਰ ਬੇਇਨਸਾਫ਼ੀ ਦੂਰ ਕਰਨ ਅਤੇ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਅਦਾ ਕਰਨ ਦੇ ਵਾਅਦੇ ਕੀਤੇ ਸਨ, ਪਰ ਇਨਾਂ ਵਿੱਚੋਂ ਇੱਕ ਵੀ ਵਾਅਦਾ ਵਫਾ ਨਹੀਂ ਹੋਇਆ। ਨਵੇਂ ਨਿਯੁਕਤ ਮੁਲਾਜ਼ਮਾਂ ਨੂੰ ਤਿੰਨ ਸਾਲ ਸਿਰਫ ਮੁੱਢਲੀ ਤਨਖ਼ਾਹ ਦੇਣ ਵਾਲਾ ਬਾਦਲ ਸਰਕਾਰ ਦਾ ਕਾਲਾ ਫੁਰਮਾਨ ਵੀ ਉਸੇ ਤਰਾਂ ਕਾਇਮ ਹੈ। ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਸਮੇਤ ਕਈ ਸਹੂਲਤਾਂ ਖੋਹ ਲਈਆਂ ਗਈਆਂ ਹਨ ਜੋ ਸਰਕਾਰ ਦੇ ਮੁਲਾਜ਼ਮ ਵਿਰੋਧੀ ਰੁਖ਼ ਨੂੰ ਸਾਬਿਤ ਕਰਨ ਲਈ ਕਾਫ਼ੀ ਹਨ।

ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਦੀ ਪਿਛਲੇ ਦਿਨੀਂ ਲੁਧਿਆਣੇ ਵਿਖੇ ਹੋਈ ਮੀਟਿੰਗ ਵੱਲੋਂ ਉਲੀਕੇ ਐਕਸ਼ਨ ਪ੍ਰੋਗਰਾਮ ਅਨੁਸਾਰ 29 ਜੁਲਾਈ ਨੂੰ ਸਾਰੇ ਜਿਲਾ ਕੇਂਦਰਾਂ ਤੇ ਰੋਸ ਰੈਲੀਆਂ ਕਰਨ ਬਾਅਦ 7 ਅਗਸਤ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸੂਬਾਈ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ। ਆਗੂਆਂ ਨੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਪੰਜਾਬ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ । ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਖਚੈਨ ਸਿੰਘ ਥਾਂਦੇਵਾਲਾ , ਮੈਡਮ ਗੁਰਦੀਪ ਕੌਰ ਬਰਾੜ, ਗੁਰਚਰਨ ਸਿੰਘ ਮਾਨ, ਹਰਦੀਪ ਸਿੰਘ ਫਿੱਡੂ ਭਲਵਾਨ, ਮਾਸਟਰ ਅਰਜਨ ਸਿੰਘ , ਗੇਜ ਰਾਮ ਭੋਰਾ ਅਤੇ ਬਿਜਲੀ ਬੋਰਡ ਦੇ ਪੈਨਸ਼ਨਰ ਆਗੂ ਰਮੇਸ਼ ਕੌਸ਼ਲ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ