ਭਗਵੰਤ ਮਾਨ ਨੇ ਕੀਤੀਆਂ ਪ੍ਰੇਮ ਭਰੀਆਂ ਗੱਲਾਂ, ਪੜ੍ਹੋ ਤੇ ਜਾਣੋ…

Bhagwant Maan

ਆਖਿਆ, ਨਿੱਜੀ ਅਤੇ ਪਰਿਵਾਰਕ ਟਿੱਪਣੀਆਂ ਤੋਂ ਕੀਤਾ ਜਾਵੇ ਗੁਰੇਜ਼, ਚੋਣਾਂ ਨੂੰ ਬਣਾਇਆ ਜਾਵੇ ਸਾਫ਼-ਸੁਥਰਾ | Bhagwant Maan

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਅੱਜ ਵਿਧਾਨ ਸਭਾ ’ਚ ਬਦਲੇ-ਬਦਲੇ ਨਜ਼ਰ ਆਏ ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂਆਂ ਸਮੇਤ ਸਭ ਨੂੰ ਨਿੱਜੀ ਜਾਂ ਪਰਿਵਾਰਕ ਸਿਆਸੀ ਹਮਲੇ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਇਸ ਨਾਲ ਹੀ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਦੇ ਆਗੂ ਅਤੇ ਉਹ ਖ਼ੁਦ ਭਵਿੱਖ ਜਾਂ ਫਿਰ ਘੱਟ ਤੋਂ ਘੱਟ ਲੋਕ ਸਭਾ ਚੋਣਾਂ ਵਿੱਚ ਨਿੱਜੀ ਅਤੇ ਪਰਿਵਾਰਕ ਟਿੱਪਣੀਆਂ ਤੋਂ ਗੁਰੇਜ਼ ਕਰਨਗੇ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਧਾਨ ਸਭਾ ਵਿੱਚ ਚੱਲ ਰਹੇ ਬਜਟ ਸੈਸ਼ਨ ਦੇ ਆਖਰੀ ਦਿਨ ਆਪਣਾ ਭਾਸ਼ਣ ਦਿੰਦੇ ਹੋਏ ਕੀਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਤੋਂ ਬਾਅਦ ਜ਼ੀਰੋ ਕਾਲ ਦੌਰਾਨ ਬੋਲਦੇ ਹੋਏ ਕਿਹਾ ਕਿ ਹਰ ਪਾਰਟੀ ਨੂੰ ਲੋਕਾਂ ਤੋਂ ਵੋਟਾਂ ਮੰਗਣ ਦਾ ਜਾਇਜ਼ ਹੱਕ ਹੈ ਅਤੇ ਸੂਬਾ ਸਰਕਾਰ ਸੁਰੱਖਿਆ ਅਤੇ ਸੁਖਾਵੇਂ ਮਾਹੌਲ ਨੂੰ ਯਕੀਨੀ ਬਣਾ ਕੇ ਸਾਰਿਆਂ ਨੂੰ ਬਰਾਬਰੀ ਦਾ ਮਾਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੋਟਰਾਂ ਦਾ ਫਿਰਕੂ ਅਧਾਰ ’ਤੇ ਧਰੁਵੀਕਰਨ ਕਰਨ ਦੀਆਂ ਘਟੀਆਂ ਚਾਲਾਂ ਵਿਚ ਸ਼ਾਮਲ ਨਾ ਹੋ ਕੇ ਫੁੱਟ ਪਾਊ ਸਿਆਸਤ ਦੇ ਏਜੰਡੇ ਤੋਂ ਦੂਰ ਰਹਿਣ।

ਭਲਾਈ ਲਈ ਲੋਕਾਂ ਨਾਲ ਸਲਾਹ-ਮਸ਼ਵਰਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਪ੍ਰਾਜੈਕਟਾਂ ਨਾਲ ਸਬੰਧਿਤ ਸਮਾਗਮਾਂ ਵਿੱਚ ਚੁਣੀ ਹੋਈ ਸੂਬਾ ਸਰਕਾਰ ਨੂੰ ਨਜ਼ਰਅੰਦਾਜ਼ ਕਰ ਕੇ ਪੰਜਾਬ ਦੇ ਲੋਕਾਂ ਦੇ ਫਤਵੇ ਦਾ ਅਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੋਕਾਂ ਦੀ ਭਲਾਈ ਲਈ ਲੋਕਾਂ ਨਾਲ ਸਲਾਹ-ਮਸ਼ਵਰਾ ਕਰ ਕੇ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਕੋਨੇ-ਕੋਨੇ ਦਾ ਦੌਰਾ ਕਰ ਕੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰ-ਕਿਸਾਨ ਮਿਲਣੀਆਂ ਕਾਰਵਾਈਆਂ ਗਈਆਂ ਸਨ, ਜਿਸ ਤੋਂ ਬਾਅਦ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕਰਕੇ ਸੂਬੇ ਦੀ ਖੇਤੀ ਬਾਰੇ ਰੂਪ-ਰੇਖਾ ਉਲੀਕੀ ਗਈ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਲਟਕਦੇ ਮਸਲਿਆਂ ਨੂੰ ਹੱਲ ਕਰਨ ਲਈ ਸਰਕਾਰ-ਵਪਾਰ ਮਿਲਣੀਆਂ ਕਰਵਾ ਰਹੀ ਰਹੀ ਹੈ। ਭਗਵੰਤ ਸਿੰਘ ਮਾਨ ਨੇ ਵਪਾਰੀਆਂ ਤੋਂ ਪ੍ਰਾਪਤ ਸੁਝਾਵਾਂ ਅਨੁਸਾਰ ਸੂਬਾ ਸਰਕਾਰ ਵੱਲੋਂ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਕਈ ਅਹਿਮ ਫੈਸਲੇ ਲਏ ਗਏ ਹਨ।

ਭਗਵੰਤ ਮਾਨ ਪਹਿਲਾਂ ਇਸ ਨੂੰ ਆਪਣੇ ’ਤੇ ਲਾਗੂ ਕਰਨ: ਕਾਂਗਰਸ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ ਵਿੱਚ ਨਿੱਜੀ ਟਿੱਪਣੀਆਂ ਨਾ ਕਰਨ ਦੀ ਨਸੀਹਤ ਦੇਣ ’ਤੇ ਸਦਨ ਤੋਂ ਬਾਹਰ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਅਤੇ ਕਈ ਹੋਰ ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਇਸ ਨੂੰ ਆਪਣੇ ਉਪਰ ਲਾਗੂ ਕਰਨ, ਕਿਉਂਕਿ ਹੁਣ ਤੱਕ ਸਭ ਤੋਂ ਜ਼ਿਆਦਾ ਨਿੱਜੀ ਅਤੇ ਪਰਿਵਾਰਕ ਟਿੱਪਣੀਆਂ ਖ਼ੁਦ ਭਗਵੰਤ ਮਾਨ ਹੀ ਵਿਰੋਧੀ ਧਿਰਾਂ ’ਤੇ ਕਰਦੇ ਆਏ ਹਨ।

Also Read : China : ਚੀਨ ਦੀ ਫਾਲਤੂ ਦਖਲਅੰਦਾਜ਼ੀ

ਉਨ੍ਹਾਂ ਕਿਹਾ ਕਿ ਇਹ ਚੰਗੀ ਪਹਿਲ ਹੈ, ਕਿਉਂਕਿ ਸਿਆਸਤਦਾਨ ਦੀ ਆਪਣੀ ਇੱਕ ਨਿੱਜੀ ਜ਼ਿੰਦਗੀ ਵੀ ਹੁੰਦੀ ਹੈ ਅਤੇ ਸਿਆਸੀ ਆਗੂਆਂ ਦਾ ਪਰਿਵਾਰ ਵੱਖਰਾ ਹੀ ਹੋਣਾ ਚਾਹੀਦਾ ਹੈ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਭਵਿੱਖ ਵਿੱਚ ਨਿੱਜੀ ਅਤੇ ਪਰਿਵਾਰਕ ਟਿੱਪਣੀਆਂ ਤੋਂ ਦੂਰ ਹੋਣਾ ਚਾਹੁੰਦੇ ਹਨ ਤਾਂ ਇਸ ਤੋਂ ਚੰਗੀ ਕੋਈ ਗੱਲ ਨਹੀਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਹੀ ਨਿੱਜੀ ਅਤੇ ਪਰਿਵਾਰਕ ਟਿੱਪਣੀਆਂ ਤੋਂ ਦੂਰ ਹੀ ਰਹੀ ਹੈ।