ਬੇਵਸੀ ਜ਼ਾਹਿਰ ਕਰਨ ਦੀ ਥਾਂ ਜੰਗੀ ਪੱਧਰ ‘ਤੇ ਬੰਦੋਬਸਤ ਕਰਕੇ ਲੋਕਾਂ ਦਾ ਹੌਸਲਾ ਵਧਾਉਣ ਕੈਪਟਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਵਾਲੀ ਕੁਰਸੀ ‘ਤੇ ਬੈਠ ਕੇ ਗ਼ੈਰਜ਼ਰੂਰੀ ਅਤੇ ਗੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਨਾਲ ਸੂਬੇ ਅੰਦਰ ਡਰ ਅਤੇ ਤਣਾਅ ਦਾ ਮਾਹੌਲ ਪੈਦਾ ਨਾ ਕਰਨ, ਸਗੋਂ ਵਿਸ਼ਵ-ਵਿਆਪੀ ਕੋਰੋਨਾਵਾਇਰਸ ਮਹਾਂਮਾਰੀ ਨੂੰ ਮਾਤ ਦੇਣ ਲਈ ਪੰਜਾਬ ‘ਚ ਜੰਗੀ ਪੱਧਰ ਦੇ ਪ੍ਰਬੰਧ ਅਤੇ ਸਾਜੋ-ਸਮਾਨ ਮੁਹੱਈਆ ਕਰਕੇ ਪੰਜਾਬ ਦੇ ਲੋਕਾਂ ਅਤੇ ਮੈਦਾਨ-ਏ-ਜੰਗ ਵਿਚ ਸਿੱਧੀ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਵਰਕਰਾਂ, ਪੁਲਸ-ਪ੍ਰਸ਼ਾਸਨ ਦੇ ਅਧਿਕਾਰੀਆਂ-ਕਰਮਚਾਰੀਆਂ, ਸਫ਼ਾਈ ਸੇਵਕਾਂ ਅਤੇ ਮੀਡੀਆ ਕਰਮੀਆਂ ਦਾ ਹੌਸਲਾ ਵਧਾਉਣ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ‘ਚ ਕੌਮੀ ਮੀਡੀਆ ਨੂੰ ਸੰਬੋਧਨ ਕਰਦੇ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ 87 ਪ੍ਰਤੀਸ਼ਤ ਆਬਾਦੀ ਕੋਰੋਨਾਵਾਇਰਸ ਦੀ ਚਪੇਟ ‘ਚ ਆਉਣ ਬਾਰੇ ਭਵਿੱਖਬਾਣੀ ਕਰਨ ਦੀ ਉੱਕਾ ਹੀ ਜ਼ਰੂਰਤ ਨਹੀਂ ਸੀ। ਇਹ ਵੀ ਕਹਿਣ ਦੀ ਲੋੜ ਨਹੀਂ ਸੀ ਕਿ ਕੋਰੋਨਾਵਾਇਰਸ ਵਿਰੁੱਧ ਲੜਾਈ ਅਕਤੂਬਰ ਮਹੀਨੇ ਤੱਕ ਜਾ ਸਕਦੀ ਹੈ, ਕਿਉਂਕਿ ਇਸ ਨਾਲ ਜਮਾਂ ਖੋਰੀ ਅਤੇ ਕਾਲਾਬਜਾਰੀ ਵਧੇਗੀ।
ਮਾਨ ਮੁਤਾਬਿਕ ਅਜਿਹੀਆਂ ਗੱਲਾਂ ਜਿੱਥੇ ਮੁੱਖ ਮੰਤਰੀ ਦੀ ਬੇਵਸੀ ਅਤੇ ਨਾ ਕਾਬਲੀਅਤ ਜ਼ਾਹਿਰ ਕਰਦੀਆਂ ਹਨ, ਉੱਥੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ-ਜੋਖ਼ਮ ‘ਚ ਪਾ ਕੇ ਗਰਾਊਂਡ ਜ਼ੀਰੋ ‘ਤੇ ਕੋਰੋਨਾਵਾਇਰਸ ਨਾਲ ਸਿੱਧੀ ਲੜਾਈ ਲੜ ਰਹੇ ‘ਯੋਧਿਆਂ’ ਦੇ ਹੌਸਲੇ ਡਿੱਗਦੇ ਹੁੰਦੇ ਹਨ। ਘਰਾਂ ‘ਚ ਬੈਠੇ ਲੋਕਾਂ ‘ਚ ਬੇਚੈਨੀ ਅਤੇ ਤਣਾਅ ਦਾ ਮਾਹੌਲ ਪੈਦਾ ਹੁੰਦਾ ਹੈ।
ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮਿਸਾਲ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੋਰੋਨਾਵਾਇਰਸ ਮਹਾਂਮਾਰੀ ਵਿਰੁੱਧ ਦਿੱਲੀ ਸਰਕਾਰ ਵਰਗੇ ਵਿਹਾਰਕ, ਪ੍ਰਭਾਵਸ਼ਾਲੀ ਅਤੇ ਦੂਰ-ਦਰਸ਼ੀ ਫ਼ੈਸਲੇ ਲੈਣੇ ਚਾਹੀਦੇ ਹਨ। ਮਾਨ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ 5-ਟੀ ਅਤੇ ਅਪਰੇਸ਼ਨ ਸ਼ੀਲਡ ਵਰਗੇ ਪ੍ਰੋਗਰਾਮਾਂ ਨੂੰ ਜੇਕਰ ਕੈਪਟਨ ਸਰਕਾਰ ਵੀ ਅਪਣਾ ਲੈਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਾਨ ਘੱਟ ਨਹੀਂ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।