ਮਹਾਤਮਾ ਬੁੱਧ ਨੂੰ ਮੰਨੋ ਤਾਂ ਸਹੀ

ਮਹਾਤਮਾ ਬੁੱਧ ਨੂੰ ਮੰਨੋ ਤਾਂ ਸਹੀ

ਭਾਰਤ-ਨੇਪਾਲ ਦਰਮਿਆਨ ਵਧ ਰਹੀ ਸਿਆਸੀ ਲੜਾਈ ਦਰਿਆਈ ਪਾਣੀਆਂ ਤੋਂ ਅੱਗੇ ਨਿੱਕਲ ਧਾਰਮਿਕ ਬਿਆਨਬਾਜ਼ੀ ਤੱਕ ਪੁੱਜ ਗਈ ਹੈ ਪਿਛਲੇ ਦਿਨੀਂ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਦੇ ਪ੍ਰੋਗਰਾਮ ‘ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਕਹਿ ਬੈਠੇ ਕਿ ਮਹਾਤਮਾ ਬੁੱਧ ਮਹਾਨ ਭਾਰਤੀ ਹੋਏ ਹਨ ਬੱਸ ਏਨੇ ਨਾਲ ਨੇਪਾਲ ਨੂੰ ਵੱਟ ਚੜ੍ਹ ਗਿਆ ਕਿ ਤੁਸੀਂ ਬੁੱਧ ਨੂੰ ਭਾਰਤੀ ਆਖਿਆ ਤਾਂ ਆਖਿਆ ਕਿਵੇਂ ਉਨ੍ਹਾਂ ਕਿਹਾ ਕਿ ਬੁੱਧ ਦਾ ਜਨਮ ਤਾਂ ਨੇਪਾਲ ਦੇ ਲੁੰਬਿਨੀ ‘ਚ ਹੋਇਆ ਹੈ ਨੇਪਾਲ ਨੇ ਇਹ ਦਲੀਲ ਵੀ ਦਿੱਤੀ ਕਿ ਭਾਰਤ ਦੇ ਮਹਾਨ ਸਮਰਾਟ ਅਸ਼ੋਕ ਵੱਲੋਂ ਲੁੰਬਿਨੀ ‘ਚ ਲਾਈ ਗਈ ਲਾਠ ਵੀ ਇਸ ਗੱਲ ਦਾ ਸਬੂਤ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮੌਕਾ ਸੰਭਾਲਦਿਆਂ ਸਫਾਈ ਦੇ ਕੇ ਮੰਨਿਆ ਕਿ ਨੇਪਾਲ ਹੀ ਮਹਾਂਤਮਾ ਬੁੱਧ ਦੀ ਜਨਮ ਭੂਮੀ ਹੈ ਚਲੋ, ਇਹ ਵਿਵਾਦ ਤਾਂ ਨਿੱਬੜ ਗਿਆ ਤੇ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਭਾਰਤ ਤੇ ਚੀਨ ਦੋਵਾਂ ਮੁਲਕਾਂ ਨੇ ਅਹਿੰਸਾ ਦੇ ਉਪਦੇਸ਼ਕ ਤੇ ਸ਼ਾਂਤੀ ਦੂਤ ਮਹਾਨ ਸ਼ਖਸੀਅਤ ਮਹਾਤਮਾ ਬੁੱਧ ‘ਤੇ ਮਾਣ ਕੀਤਾ ਹੈ

ਪਰ ਦੁੱਖ ਦੀ ਗੱਲ ਹੈ ਕਿ ਦੋਵੇਂ ਮੁਲਕ ਹੀ ਜਿਸ ਬੁੱਧ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ ਉਸੇ ਬੁੱਧ ਦੀ ਸਿੱਖਿਆ ‘ਤੇ ਚੱਲਣ ਦੀ ਹਿੰਮਤ ਨਹੀਂ ਕਰ ਸਕੇ ਸਾਡਾ ਦੇਸ਼ ਵੀ ਬੜਾ ਕਹਿੰਦਾ ਹੈ ਕਿ ‘ਅਸੀਂ ਯੁੱਧ ਨਹੀਂ ਦੁਨੀਆਂ ਨੂੰ ਬੁੱਧ’ ਦਿੱਤਾ ਹੈ ਪਰ, ਬੁੱਧ ਜਿਸ ਦਾ ਪਹਿਲਾ ਅਸੂਲ ਹੀ ਇਹ ਸੀ ਕਿ ਜੀਵ ਹੱਤਿਆ ਕਦੇ ਨਹੀਂ ਕਰਨੀ ਚਾਹੀਦੀ, ਕਿਸੇ ਵੀ ਦੇਸ਼ ‘ਚ ਨਹੀਂ ਮੰਨੀ ਜਾ ਰਹੀ ਸਾਡੇ ਦੇਸ਼ ਅੰਦਰ ਬੁੱਚੜਖਾਨਿਆਂ ਦੀ ਕੋਈ ਕਮੀ ਨਹੀਂ ਸਰਕਾਰੀ ਮਨਜ਼ੂਰੀ ਨਾਲ ਹਰ ਸਾਲ ਲੱਖਾਂ ਪਸ਼ੂ ਵੱਢੇ ਜਾਂਦੇ ਹਨ ਗਊ ਹੱਤਿਆ ‘ਤੇ ਜ਼ਰੂਰ 20 ਰਾਜਾਂ ਨੇ ਪਾਬੰਦੀ ਲਾਈ ਹੈ ਪਰ ਹੋਰ ਪਸ਼ੂ ਬਹੁਤ ਵੱਢੇ ਜਾ ਰਹੇ ਹਨ, ਜੋ ਕੁਦਰਤ ਤੇ ਮਨੁੱਖੀ ਜਿੰਦਗੀ ਦੇ ਅਸੂਲਾਂ ਦੇ ਉਲਟ ਹੈ ਇਹੀ ਹਾਲ ਨੇਪਾਲ ਦਾ ਹੈ,

ਜਿੱਥੇ ਗੜ੍ਹੀਮਾਈ ਮੰਦਰ ਨੇੜੇ ਮੇਲਾ ਲੱਗਦਾ ਹੀ ਪਸ਼ੂ ਬਲੀ ਵਾਸਤੇ ਹੈ ਪੰਜ ਸਾਲਾਂ ‘ਚ ਕਈ ਵਾਰ ਲੱਗਣ ਵਾਲੇ ਇਸ ਮੇਲੇ ‘ਚ ਤੀਹ ਹਜ਼ਾਰ ਦੇ ਲਗਭਗ ਪਸ਼ੂ ਵੱਢੇ ਜਾਂਦੇ ਹਨ ਤੇ ਅੰਧਵਿਸ਼ਵਾਸ ਕਾਰਨ ਇਸ ਨੂੰ ‘ਪੁੰਨ ਦਾ ਕੰਮ’ ਦੱਸਿਆ ਜਾਂਦਾ ਹੈ ਹਿੰਦ ਤੇ ਨੇਪਾਲ ਦੋਵਾਂ ਮੁਲਕਾਂ ‘ਚ ਹਿੰਦੂ ਧਰਮ ਦੇ ਲੋਕ ਵੱਡੀ ਗਿਣਤੀ ‘ਚ ਹਨ ਤੇ ਹਿੰਦੂ ਧਰਮ ਕਦੇ ਵੀ ਬਲੀ ਦੀ ਆਗਿਆ ਨਹੀਂ ਦਿੰਦਾ ਹੈ

ਮਾਸ ਖਾਣਾ ਤੇ ਜੀਵ ਹੱਤਿਆ ਮਨੁੱਖ ਦੇ ਦਿਲ ‘ਚ ਬੇਰਹਿਮੀ, ਗੁੱਸਾ, ਹੰਕਾਰ ਤੇ ਕਈ ਹੋਰ ਬੁਰਾਈਆਂ ਪੈਦਾ ਕਰਦਾ ਹੈ ਮਨੁੱਖ ਸ਼ਾਕਾਹਾਰੀ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਮਾਸਾਹਾਰ ਕਰਕੇ ਹੀ ਫੈਲ ਰਹੀਆਂ ਹਨ ਕੋਰੋਨਾ ਵਾਇਰਸ ਇਸ ਦੀ ਤਾਜ਼ਾ ਮਿਸਾਲ ਹੈ ਉਂਜ ਵੀ ਵੇਖਿਆ ਜਾਵੇ ਤਾਂ ਪ੍ਰਾਚੀਨ ਕਾਲ ਤੋਂ ਪਸ਼ੂ ਮਨੁੱਖ ਦਾ ਸਾਥੀ ਤੇ ਮੱਦਦਗਾਰ ਰਿਹਾ ਹੈ ਜਿਸ ਨੇ ਦੁੱਧ, ਉੱਨ ਤੋਂ ਇਲਾਵਾ ਮਨੁੱਖ ਦੀਆਂ ਕਈ ਲੋੜਾਂ ਪੂਰੀਆਂ ਕੀਤੀਆਂ ਹਨ  ਪ੍ਰਾਚੀਨ ਸਮੇਂ ‘ਚ ਸਿਰਫ ਹਮਲਾਵਰ ਤੇ ਆਦਮਖੋਰ ਜਾਨਵਰ ਨੂੰ ਆਤਮ ਰੱਖਿਆ ਲਈ ਮਾਰਿਆ ਜਾਂਦਾ ਸੀ ਮੱਝਾਂ, ਭੇਡਾਂ, ਬੱਕਰੀਆਂ ਤੋਂ ਸਮਾਜ ਨੂੰ ਕੋਈ ਖਤਰਾ ਨਹੀਂ ਨੇਪਾਲ ਤੇ ਭਾਰਤ ਦੋਵੇਂ ਮੁਲਕ ਜੇਕਰ ਮਹਾਤਮਾ ਬੁੱਧ ‘ਤੇ ਮਾਣ ਕਰਦੇ ਹਨ ਤਾਂ ਦੋਵਾਂ ਮੁਲਕਾਂ ਨੂੰ ਹੀ ਜੀਵ ਹੱਤਿਆ ‘ਤੇ ਪਾਬੰਦੀ ਲਾਉਣ ਦੀ ਪਹਿਲ ਕਰਨੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ