ਪਟਾਕਾ ਫੈਕਟਰੀਆਂ ਦਾ ਮਾੜਾ ਧੰਦਾ

Firecracker Factories

ਪੱਛਮੀ ਬੰਗਾਲ ’ਚ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ (Firecracker Factories) ’ਚ ਧਮਾਕਾ ਹੋਣ ਨਾਲ ਸੱਤ ਮੌਤਾਂ ਹੋ ਗਈਆਂ ਹਨ। ਸੂਬਾ ਸਰਕਾਰ ਨੇ ਇਸ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਅਸਲ ’ਚ ਸਰਕਾਰਾਂ ਸਬਕ ਲੈਣ ਦਾ ਨਾਂਅ ਨਹੀਂ ਲੈ ਰਹੀਆਂ। ਇਹ ਦੇਸ਼ ਅੰਦਰ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਅਣਗਿਣਤ ਘਟਨਾਵਾਂ ਵਾਪਰ ਚੁੱਕੀਆਂ ਹਨ। ਕੋਈ ਵਿਰਲਾ ਹੀ ਸੂਬਾ ਹੋਵੇਗਾ ਜਿੱਥੇ ਅਜਿਹੀ ਘਟਨਾ ਨਾ ਵਾਪਰੀ ਹੋਵੇ। ਜਦੋਂ ਕੋਈ ਵੱਡੀ ਘਟਨਾ ਕਿਸੇ ਵੀ ਸੂਬੇ ’ਚ ਵਾਪਰ ਜਾਂਦੀ ਤਾਂ ਹੋਰਨਾਂ ਸੂਬਿਆਂ ਦਾ ਪ੍ਰਸ਼ਾਸਨ ਵੀ ਚੌਕਸ ਹੋ ਜਾਂਦਾ ਹੈ। ਕੁਝ ਦਿਨ ਜਾਂਚ-ਪੜਤਾਲ ਚੱਲਦੀ ਹੈ ਫ਼ਿਰ ਗੱਲ ਆਈ-ਗਈ ਹੋ ਜਾਂਦੀ ਹੈ ਤੇ ਦੂਸਰਿਆਂ ਸੂਬਿਆਂ ਅੰਦਰ ਵੀ ਉਸੇ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ।

ਬਟਾਲਾ ਕਾਂਡ ਬਣਿਆ ਚਰਚਾ ਦਾ ਵਿਸ਼ਾ

ਪੰਜਾਬ ’ਚ ਬਟਾਲਾ ਕਾਂਡ ਪੂਰੇ ਦੇਸ਼ ਅੰਦਰ ਚਰਚਾ ਦਾ ਵਿਸ਼ਾ ਬਣਿਆ ਸੀ ਜਦੋਂ ਪਟਾਕਾ ਫੈਕਟਰੀ ’ਚ ਹੋਏ ਧਮਾਕੇ ਕਾਰਨ ਦੋ ਦਰਜਨ ਤੋਂ ਵੱਧ ਮੌਤਾਂ ਹੋਈਆਂ ਹਨ। ਨਾ ਤਾਂ ਉਸ ਤੋਂ ਬਾਅਦ ਪੰਜਾਬ ’ਚ ਅਜਿਹੀਆਂ ਘਟਨਾਵਾਂ ਰੁਕੀਆਂ ਤੇ ਨਾ ਹੀ ਹੋਰਨਾਂ ਸੂਬਿਆਂ ਨੇ ਕੋਈ ਸਬਕ ਲਿਆ। ਇਹ ਸਿਲਸਿਲਾ ਲਗਾਤਾਰ ਚੱਲਦਾ ਆ ਰਿਹਾ ਹੈ। ਅਸਲ ’ਚ ਉਨ੍ਹਾਂ ਦੋਸ਼ੀ ਅਧਿਕਾਰੀਆਂ ਤੇ ਫੈਕਟਰੀ ਮਾਲਕਾਂ ਖਿਲਾਫ਼ ਸਹੀ ਕਾਰਵਾਈ ਨਾ ਹੋਣ ਕਰਕੇ ਕਾਨੂੰਨ ਢੰਗ ਨਾਲ ਲਾਗੂ ਨਹੀਂ ਹੁੰਦੇ। ਮੁਲਜ਼ਮ ਅਧਿਕਾਰੀਆਂ ਨੂੰ ਮੁਅੱਤਲ ਜ਼ਰੂਰ ਕੀਤਾ ਜਾਂਦਾ ਹੈ ਜੋ ਕਈ ਕਾਨੂੰਨੀ ਚੋਰ-ਮੋਰੀਆਂ ਦਾ ਫਾਇਦਾ ਉਠਾ ਕੇ ਬਰੀ ਹੋ ਜਾਂਦੇ ਹਨ। ਮਿ੍ਰਤਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇ ਕੇ ਚੱੁਪ ਕਰਵਾਉਣ ਵਾਲੀ ਗੱਲ ਹੁੰਦੀ ਹੈ। ਪਰ ਅਜਿਹਾ ਹਾਦਸਾ ਦੁਬਾਰਾ ਨਾ ਵਾਪਰੇ ਇਹ ਨਾ ਤਾਂ ਸਿਆਸਤਦਾਨਾਂ ਦੇ ਦਿਲੋ-ਦਿਮਾਗ ’ਚ ਹੁੰਦਾ ਹੈ ਤੇ ਨਾ ਹੀ ਅਧਿਕਾਰੀਆਂ ਦੇ।

ਤਬਾਦਲੇ ਦੀ ਤਲਵਾਰ | Firecracker Factories

ਅਸਲ ’ਚ ਸਿਆਸੀ ਪਹੁੰਚ ਵਾਲੇ ਲੋਕ ਹੀ ਗੈਰ-ਕਾਨੂੰਨੀ ਤੌਰ ’ਤੇ ਪਟਾਕਾ ਫੈਕਟਰੀਆਂ ਦਾ ਮਾੜਾ ਧੰਦਾ ਕਰਦੇ ਹਨ। ਪਹਿਲਾਂ ਤਾਂ ਕੋਈ ਅਫਸਰ ਗੈਰ-ਕਾਨੂੰਨੀ ਸਰਗਰਮੀ ਖਿਲਾਫ ਬੋਲਣ ਦੀ ਹਿੰਮਤ ਨਹੀਂ ਕਰਦਾ, ਜੇਕਰ ਕੋਈ ਇਮਾਨਦਾਰ ਅਫ਼ਸਰ ਐਕਸ਼ਨ ਲੈ ਵੀ ਲਏ ਤਾਂ ਉਸ ’ਤੇ ਮੁਅੱਤਲੀ ਜਾਂ ਤਬਾਦਲੇ ਦੀ ਤਲਵਾਰ ਲਟਕ ਜਾਂਦੀ ਹੈ। ਰਿਸ਼ਤਵਖੋਰੀ ਕਾਰਨ ਵੀ ਗੈਰ-ਕਾਨੂੰਨੀ ਧੰਦਾ ਕਰਨ ਵਾਲੇ ਬਚੇ ਰਹਿੰਦੇ ਹਨ। ਅਸਲ ’ਚ ਸਿਆਸੀ ਆਗੂਆਂ ਦੀ ਉਦਾਸੀਨਤਾ ਵੀ ਸੰਵੇਦਨਸ਼ੀਲ ਮੁੱਦਿਆਂ ’ਤੇ ਭਾਰੀ ਪੈ ਰਹੀ ਹੈ।

ਸਿਆਸਤਦਾਨਾਂ ’ਚ ਇਹ ਕਲਚਰ ਨਹੀਂ ਬਣ ਸਕੀ ਕੋਈ ਮਾਮਲਾ ਮੀਡੀਆ ’ਚ ਸਾਹਮਣੇ ਆਉਣ ਤੋਂ ਪਹਿਲਾਂ ਹੀ ਕਿ ਉਹ ਆਪਣੇ ਹਲਕੇ ’ਚ ਕਿਸੇ ਗੈਰ-ਕਾਨੂੰਨੀ ਧੰਦੇ ਨੂੰ ਰੋਕਣ। ਜਦੋਂ ਕੋਈ ਵਿਧਾਇਕ/ਐੱਮਪੀ ਆਪਣੀ ਪਾਰਟੀ ਨਾਲ ਸਬੰਧਿਤ ਵਿਅਕਤੀ ਨੂੰ ਗੈਰ-ਕਾਨੂੰਨੀ ਕੰਮ ਕਰਨ ਤੋਂ ਰੋਕੇਗਾ ਉਦੋਂ ਹੀ ਸੁਧਾਰ ਹੋਵੇਗਾ, ਨਹੀਂ ਤਾਂ ਸਿਆਸੀ ਆਗੂ ਦਾ ਜ਼ੋਰ ਆਪਣੇ ਬੰਦੇ ਨੂੰ ਬਚਾਉਣ ’ਤੇ ਲੱਗਾ ਰਹਿੰਦਾ ਹੈ। ਰਾਜਨੀਤਿਕ ਤਾਸੀਰ ਬਦਲੇ ਬਿਨਾਂ ਸੁਧਾਰ ਨਹੀਂ ਹੋ ਸਕਦਾ। ਸਿਆਸੀ ਆਗੂ ਸਾਰਾ ਮਾਮਲਾ ਸਿਰਫ਼ ਪ੍ਰਸ਼ਾਸਨ ’ਤੇ ਛੱਡ ਕੇ ਨਾ ਬੈਠਣ ਸਗੋਂ ਸਮਾਜਿਕ ਕਾਨੂੰਨੀ ਕੰਮਾਂ ਲਈ ਇੱਛਾ-ਸ਼ਕਤੀ ਨਾਲ ਕੰਮ ਕਰਨ।