ਘੱਗਰ ਦੀ ਮਾਰ ਵਾਲੇ ਕਿਸਾਨਾਂ ਨੂੰ ਮੁਆਵਜ਼ੇ ਦੀ ਉਡੀਕ

Farmers Waiting, Compensation, Ghaggar

ਕਿਸਾਨਾਂ ਨੇ ਖਰਚ ਕਰਕੇ ਦੁਬਾਰਾ ਮੰਗ-ਤੰਗ ਕੇ ਲਾਈ ਗਈ ਝੋਨੇ ਦੀ ਫਸਲ | Ghaggar River

  • ਪਟਵਾਰੀਆਂ ਨੇ ਗਿਰਦਾਵਰੀ ਰਿਪੋਰਟਾਂ ਸੌਪੀਆਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਕੋਲ ਭੇਜਣ ‘ਚ ਕੀਤੀ ਜਾ ਰਹੀ ਐ ਦੇਰੀ | Ghaggar River
  • ਪਟਿਆਲਾ ਜ਼ਿਲ੍ਹੇ ਅੰਦਰ 48 ਹਜ਼ਾਰ ਏਕੜ ਫਸਲ ਖਰਾਬ ਹੋਣ ਦੀ ਖੁਦ ਮੁੱਖ ਮੰਤਰੀ ਵੱਲੋਂ ਕਹੀ ਗਈ ਸੀ ਗੱਲ | Ghaggar River

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਘੱਗਰ ਦੇ ਪਾਣੀ ਦੀ ਮਾਰ ਨਾਲ ਆਪਣੀ ਤਬਾਹ ਹੋਈ ਝੋਨੇ ਦੀ ਫਸਲ ਦੇ ਮੁਆਵਜ਼ੇ ਸਬੰਧੀ ਕਿਸਾਨ ਸਰਕਾਰ ਵੱਲ ਅੱਖਾਂ ਲਾਈ ਬੈਠੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਆਪਣੇ ਨੁਕਸਾਨ ਦਾ ਕੋਈ ਮੁਆਵਜ਼ਾ ਹਾਸਲ ਨਹੀਂ ਹੋਇਆ। ਉੁਂਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜ੍ਹਾਂ ਦੌਰਾਨ ਕੀਤੇ ਹਵਾਈ ਦੌਰੇ ਮੌਕੇ ਕਿਸਾਨਾਂ ਨੂੰ ਵਿਸ਼ੇਸ਼ ਗਿਰਦਵਾਰੀ ਦੀ ਰਿਪੋਰਟ ਮਿਲਣ ਦੇ ਤੁਰੰਤ ਬਾਅਦ ਹੀ ਮੁਆਵਜੇ ਦੀ ਰਾਸ਼ੀ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ।

ਜਾਣਕਾਰੀ ਅਨੁਸਾਰ ਭਾਰੀ ਮੀਂਹ ਪੈਣ ਕਾਰਨ ਜ਼ਿਲ੍ਹਾ ਪਟਿਆਲਾ ਅੰਦਰ ਜੁਲਾਈ ਮਹੀਨੇ ਦੌਰਾਨ ਕਿਸਾਨਾਂ ਦੀਆਂ ਫਸਲਾਂ ਦਾ ਘੱਗਰ ਅਤੇ ਵੱਡੀ ਨਦੀ ਦੇ ਪਾਣੀ ਨੇ ਭਾਰੀ ਨੁਕਸਾਨ ਕੀਤਾ ਸੀ। ਘੱਗਰ ਅਤੇ ਹੜ੍ਹਾਂ ਦੇ ਪਾਣੀ ਨਾਲ ਪਟਿਆਲਾ ਜ਼ਿਲ੍ਹੇ ਅੰਦਰ ਲਗਭਗ 48 ਹਜਾਰ ਏਕੜ ਜਦਕਿ ਸੰਗਰੂਰ ਜ਼ਿਲ੍ਹੇ ਅੰਦਰ ਘੱਗਰ ਵਿੱਚ ਪਾੜ ਪੈਣ ਕਰਕੇ ਲਗਭਗ 10 ਹਜ਼ਾਰ ਏਕੜ ਕਿਸਾਨਾਂ ਦੀ ਝੋਨੇ ਦੀ ਫਸਲ ਬਰਬਾਦ ਹੋਣ ਦੀ ਗੱਲ ਕਹੀ ਗਈ ਸੀ। ਇਹ ਅੰਕੜਾ ਖੁਦ ਮੁੱਖ ਮੰਤਰੀ ਵੱਲੋਂ 23 ਜੁਲਾਈ ਨੂੰ ਹਲਕਾ ਬਾਦਸ਼ਾਹਪੁਰ ਅਤੇ ਮੂਣਕ ਵਿਖੇ ਆਪਣੇ ਹਵਾਈ ਦੌਰੇ ਦੌਰਾਨ ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਅੰਦਰ ਕਈ ਘਰਾਂ ਨੂੰ ਵੀ ਇਸ ਹੜ੍ਹਾਂ ਦੇ ਪਾਣੀ ਨਾਲ ਨੁਕਸਾਨ ਪੁੱਜਿਆ ਸੀ। ਲਗਭਗ ਸਵਾ ਮਹੀਨਾ ਬੀਤਣ ਦੇ ਬਾਵਜੂਦ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਫਸਲਾਂ ਦੀ ਵਿਸ਼ੇਸ ਗਿਰਦਾਵਰੀ ਦੀ ਰਿਪੋਰਟ ਸਰਕਾਰ ਨੂੰ ਨਹੀਂ ਭੇਜੀ ਗਈ, ਜਿਸ ਕਾਰਨ ਕਿਸਾਨਾਂ ਦੇ ਮੁਆਵਜ਼ੇ ਵਿੱਚ ਦੇਰੀ ਹੋ ਰਹੀ ਹੈ।

ਇਹ ਵੀ ਪੜ੍ਹੋ : Ind Vs Aus ODI Series : ਪਹਿਲਾ ਮੁਕਾਬਲਾ ਅੱਜ IS ਬਿੰਦਰਾ ਸਟੇਡੀਅਮ ਮੋਹਾਲੀ ’ਚ

ਪਤਾ ਲੱਗਾ ਹੈ ਕਿ ਪਟਵਾਰੀਆਂ ਵੱਲੋਂ ਤਾਂ ਵੱਖ-ਵੱਖ ਪਿੰਡਾਂ ਅੰਦਰ ਕਿਸਾਨਾਂ ਦੇ ਨੁਕਸਾਨ ਦੀ ਵਿਸ਼ੇਸ ਗਿਰਦਵਾਰੀ ਰਿਪੋਰਟ ਬਣਾ ਕੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਅੱਪੜਦੀ ਕਰ ਦਿੱਤੀ ਗਈ ਹੈ, ਪਰ ਅੱਗੋਂ ਹੀ ਉਕਤ ਰਿਪੋਰਟ ਮੁੱਖ ਮੰਤਰੀ ਦੇ ਦਰਬਾਰ ਵਿੱਚ ਭੇਜਣ ਦੀ ਲੇਟ ਲਤੀਫੀ ਵਰਤੀ ਜਾ ਰਹੀ ਹੈ। ਹਲਕਾ ਸ਼ੁਤਰਾਣਾ ਵਿੱਚ ਸਭ ਤੋਂ ਵੱਧ ਘੱਗਰ ਨੇ ਕਹਿਰ ਮਚਾਇਆ ਸੀ। ਹਲਕਾ ਸ਼ੁਤਰਾਣਾ ਦੇ ਪਿੰਡ ਰਾਮਪੁਰ ਪੜਤਾ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ 100 ਏਕੜ ਤੋਂ ਵੱਧ ਝੋਨੇ ਦੀ ਫਸਲ ਤਬਾਹ ਹੋ ਗਈ ਸੀ ਅਤੇ ਪਟਵਾਰੀ ਨੁਕਸਾਨ ਦੀ ਰਿਪੋਰਟ ਵੀ ਬਣਾ ਕੇ ਲੈ ਗਏ ਸਨ, ਪਰ ਉਸ ਤੋਂ ਬਾਅਦ ਕੁਝ ਅਤਾ-ਪਤਾ ਨਹੀਂ ਲੱਗ ਰਿਹਾ। ਇਸੇ ਤਰ੍ਹਾਂ ਹੀ ਬਾਦਸ਼ਾਹਪੁਰ ਦੇ ਕਿਸਾਨ ਸੋਹਨ ਸਿੰਘ ਦਾ ਕਹਿਣਾ ਸੀ ਕਿ ਉਸ ਵੱਲੋਂ ਜ਼ਮੀਨ ਠੇਕੇ ‘ਤੇ ਲਈ ਹੋਈ ਸੀ ਅਤੇ ਉਸਦੀ 2 ਕਿਲੇ ਫਸਲ ਬਰਬਾਦ ਹੋ ਗਈ।

ਪਿੰਡ ਬਾਦਸ਼ਾਹਪੁਰ ਪਾੜੇ ਦੇ ਸਾਬਕਾ ਪੰਚ ਗੁਰਪਾਲ ਸਿੰਘ ਨੇ ਦੱਸਿਆ ਕੀ ਉਸਦੀ 23 ਏਕੜ ਫਸਲ ਘੱਗਰ ਦੇ ਪਾਣੀ ਕਰਕੇ ਖਰਾਬ ਹੋ ਗਈ। ਟਹਿਲ ਸਿੰਘ ਬਾਦਸ਼ਾਹਪੁਰ ਦੀ 2 ਏਕੜ ਫਸਲ ਪਾਣੀ ਦੀ ਭੇਂਟ ਚੜ੍ਹ ਗਈ। ਹਲਕਾ ਸਨੌਰ ਦੇ ਪਿੰਡ ਭਾਨਰੀ ਦੇ ਤਿੰਨੇ ਭਰਾਵਾਂ ਅਮਰੀਕ ਸਿੰਘ, ਗੁਰਧਿਆਨ ਸਿੰਘ ਅਤੇ ਜਰਨੈਲ ਸਿੰਘ ਦੀ 15 ਏਕੜ ਝੋਨੇ ਦੀ ਵੱਡੀ ਨਦੀ ਦੇ ਪਾਣੀ ਦੀ ਮਾਰ ਹੇਠ ਆ ਗਈ।  ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਮੁੜ ਭਾਰੀ ਖਰਚਾ ਕਰਕੇ  ਝੋਨੇ ਦੀ ਫਸਲ ਲਗਾਈ ਗਈ ਹੈ, ਇਸ ਕਰਕੇ ਉਨ੍ਹਾਂ ਨੂੰ ਦੂਹਰਾ ਖਰਚਾ ਝੱਲਣਾ ਪਿਆ ਹੈ। ਉਨ੍ਹਾਂ ਆਖਿਆ ਕਿ ਕੈਪਟਨ ਸਾਹਿਬ ਵੱਲੋਂ ਤਾਂ ਗਿਰਦਾਵਰੀ ਤੋਂ ਤੁਰੰਤ ਬਾਅਦ ਮੁਆਵਜ਼ੇ ਦੀ ਗੱਲ ਆਖੀ ਗਈ ਸੀ, ਪਰ ਗਿਰਦਵਾਰੀ ਹੋਇਆ ਨੂੰ ਲਗਭਗ ਮਹੀਨਾ ਬੀਤ ਗਿਆ ਹੈ। (Ghaggar River)

ਰਿਪੋਰਟ ਤਿਆਰ ਹੈ, ਜਲਦੀ ਭੇਜਾਂਗੇ ਸਰਕਾਰ ਨੂੰ | Ghaggar River

ਇਸ ਮਾਮਲੇ ਸਬੰਧੀ ਜਦੋਂ ਏਡੀਸੀ ਸ੍ਰੀ ਸ਼ੌਕਤ ਅਹਿਮਦ ਪਰੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਘੱਗਰ ਦੇ ਪਾਣੀ ਦੀ ਮਾਰ ਨਾਲ ਹੋਏ ਨੁਕਸਾਨ ਦੀ ਰਿਪੋਰਟ ਮਿਲ ਚੁੱਕੀ ਹੈ ਅਤੇ ਅਗਲੇ ਦਿਨਾਂ ਵਿੱਚ ਇਹ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੋ ਘਰਾਂ ਆਦਿ ਨੂੰ ਨੁਕਸਾਨ ਪੁੱਜਿਆ ਸੀ, ਉਸ ਸਬੰਧੀ 11 ਲੱਖ ਰੁਪਏ ਦੀ ਰਾਸ਼ੀ ਪੀੜਤਾਂ ਨੂੰ ਦੇ ਦਿੱਤੀ ਗਈ ਹੈ। ਜਦਕਿ ਦੂਸਰੀ ਵਾਰ ਪਾਣੀ ਆਉਣ ਕਾਰਨ ਜੋ ਘਰਾਂ ਜਾਂ ਜਾਇਦਾਦ ਦਾ ਨੁਕਸਾਨ ਹੋਇਆ ਸੀ, ਉਸ ਸਬੰਧੀ 17 ਲੱਖ ਰੁਪਏ ਦੀ ਰਾਸ਼ੀ ਜਲਦੀ ਹੀ ਦੇ ਦਿੱਤੀ ਜਾਵੇਗੀ। ਸ੍ਰੀ ਪਰੇ ਤੋਂ ਜਦੋਂ ਕੁੱਲ ਨੁਕਸਾਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੜਚੋਲ ਜਾਰੀ ਹੈ ਅਤੇ ਅਗਲੇ ਦਿਨਾਂ ਵਿੱਚ ਉਕਤ ਨੁਕਸਾਨ ਸਬੰਧੀ ਸਾਰੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।