ਜੰਮੂ ਵਿਖੇ ਸਰਹੱਦ ਦੀ ਰਾਖੀ ਕਰਦਿਆਂ ਫ਼ੌਜੀ ਜਵਾਨ ਸ਼ਹੀਦ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਸ਼ਹੀਦ ਜਵਾਨ

Jammu Border
ਸ਼ੇਰਪੁਰ। ਦੁੱਖ ਦੀ ਘੜੀ 'ਚ ਫੌਜੀ ਜਵਾਨ ਦੇ ਘਰ ਦੁੱਖ ਪ੍ਰਗਟ ਕਰਨ ਪਹੁੰਚੇ ਪਿੰਡ ਦੇ ਲੋਕ।

ਸ਼ੇਰਪੁਰ (ਰਵੀ ਗੁਰਮਾ) ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਕਲਾਂ ਦੇ ਜੰਮਪਲ ਤੇ 10 ਜੈਕ ਰਾਇਫਲ (Border Jammu) ਦੇ ਜਵਾਨ ਜਸਵੀਰ ਸਿੰਘ (27) ਪੁੱਤਰ ਕੁਲਦੀਪ ਸਿੰਘ ਦੀ ਜੰਮੂ ਵਿਖੇ ਸਰਹੱਦ ਦੀ ਰਾਖੀ ਕਰਦਿਆਂ ਦੁਸ਼ਮਨਾਂ ਨਾਲ ਲੋਹਾ ਲੈਂਦਿਆਂ ਦੇਸ਼ ਦੀ ਏਕਤਾ ਤੇ ਆਖੰਡਤਾਂ ਲਈ ਸ਼ਹਾਦਤ ਹੋ ਗਈ ਹੈ। ਸ਼ਹੀਦ ਫ਼ੌਜੀ ਜਵਾਨ ਜਸਵੀਰ ਸਿੰਘ ਵਜੀਦਕੇ ਕਲਾਂ ਦੀ ਸ਼ਹੀਦੀ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਤੇ ਇਲਾਕੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਮਾਪਿਆ ਦਾ ਇਕਲੌਤਾ ਪੁੱਤਰ ਸੀ ਸ਼ਹੀਦ ਜਵਾਨ | Border Jammu

ਇਸ ਮੌਕੇ ਸ਼ਹੀਦ ਦੇ ਪਿਤਾ ਕੁਲਦੀਪ ਸਿੰਘ ਵਾਸੀ ਵਜੀਦਕੇ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਜਸਵੀਰ ਸਿੰਘ ਦਾ ਜਨਮ 10 ਅਕਤੂਬਰ 1995 ਨੂੰ ਹੋਇਆ। ਉਸ ਨੇ ਮੈਟ੍ਰਿਕ ਤੱਕ ਦੀ ਸਿੱਖਿਆ ਸ਼ਹੀਦ ਰਹਿਮਤ ਅਲੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਵਜੀਦਕੇ ਖੁਰਦ ਤੋਂ ਪ੍ਰਾਪਤ ਕੀਤੀ। 12ਵੀਂ ਦੀ ਪੜਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਤੇ ਬੀਏ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਤੋਂ ਕੀਤੀ।ਇਸ ਉਪਰੰਤ ਉਹ 6 ਸਾਲ ਪਹਿਲਾਂ 2016 ਵਿੱਚ ਪਟਿਆਲਾ ਵਿਖੇ ਭਾਰਤੀ ਫ਼ੌਜ 10 ਜੈਕ ਰਾਇਫਲ ਵਿੱਚ ਭਰਤੀ ਹੋ ਗਿਆ। ਹੁਣ ਉਹ ਜੰਮੂ ‘ਚ ਰਜੌਰੀ ਮੈਦਿੜ ਵਿੱਚ ਆਪਣੀ ਡਿਊਟੀ ਨਿਭਾਅ ਰਿਹਾ ਸੀ।

Border Jammu
ਸ਼ੇਰਪੁਰ। ਫੌਜੀ ਜਵਾਨ ਦੇ ਘਰ ਦੁੱਖ ਪ੍ਰਗਟ ਕਰਨ ਪਹੁੰਚੇ ਪਿੰਡ ਦੇ ਲੋਕ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਕੋਲ ਧਮਾਕੇ ਦਾ ਮੁੱਖ ਮੁਲਜ਼ਮ ਇਸ ਤਰ੍ਹਾਂ ਫੜਿਆ ਗਿਆ, ਦੇਖੋ ਵੀਡੀਓ

ਬੁੱਧਵਾਰ ਦੀ ਰਾਤ ਨੂੰ ਜੰਮੂ ਤੋਂ ਉਸ ਦੇ ਸਾਥੀਆਂ ਦਾ ਫੋਨ ਆਇਆ ਕਿ ਜਸਵੀਰ ਸਿੰਘ ਰਜੌਰੀ ਮੈਦਿੜ ਜੰਮੂ ਵਿਖੇ ਪੋਸਟ ਤੇ ਡਿਊਟੀ ਕਰ ਰਿਹਾ ਸੀ ਤੇ ਡਿਊਟੀ ਦੌਰਾਨ ਦੁਸ਼ਮਨਾਂ ਵੱਲੋਂ ਕੀਤੇ ਹਮਲੇ ਦੌਰਾਨ ਉਹ ਸ਼ਹੀਦ ਹੋ ਗਿਆ ।ਸ਼ਹੀਦ ਜਸਵੀਰ ਦੇ ਪਿਤਾ ਨੇ ਦੱਸਿਆ ਕਿ ਜਸਵੀਰ ਦਾ ਅੰਤਿਮ ਸੰਸਕਾਰ ਮ੍ਰਿਤਕ ਦੇਹ ਦੇ ਪਿੰਡ ਪੁੱਜਣ ‘ਤੇ ਕੀਤਾ ਜਾਵੇਗਾ।

ਇਸ ਮੌਕੇ ਸਰਪੰਚ ਗੁਰਮੀਤ ਕੌਰ, ਬੀ. ਕੇ. ਯੂ. ਉਗਰਾਹਾਂ ਦੇ ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਰਜਿੰਦਰ ਸਿੰਘ ਵਜੀਦਕੇ, ਗੁਰਚਰਨ ਸਿੰਘ, ਗੁਰਦੀਪ ਸਿੰਘ, ਡਾ. ਜਸਵੀਰ ਸਿੰਘ, ਸਾਬਕਾ ਫ਼ੌਜੀ ਬਹਾਦਰ ਸਿੰਘ ਸਮਰਾ, ਹਰਮੋਲਕ ਸਿੰਘ, ਬਲਜਿੰਦਰ ਸਿੰਘ ਮਿਸਰਾ ਨੇ ਸ਼ਹੀਦ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਜਵਾਨਾਂ ਦੀ ਲਗਾਤਾਰ ਸ਼ਹਾਦਤਾਂ ਹੋ ਰਹੀਆਂ ਹਨ। ਸਰਕਾਰ ਨੂੰ ਦੇਸ਼ ਵਿਰੋਧੀ ਤਾਕਤਾਂ ਖਿਲਾਫ਼ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ। ਇਸ ਮੌਕੇ ਸ਼ਹੀਦ ਦੀ ਮਾਤਾ ਪਰਮਜੀਤ ਕੌਰ, ਚਾਚਾ ਮਲਕੀਤ ਸਿੰਘ, ਚਾਚੀ ਮਨਜੀਤ ਕੌਰ, ਚਚੇਰਾ ਭਰਾ ਰਸਵੀਰ ਸਿੰਘ ਹਾਜ਼ਰ ਸਨ।