ਔਰਤਾਂ ’ਤੇ ਹੋ ਰਹੇ ਜ਼ੁਲਮਾਂ ਦੀ ਇੱਕ ਹੋਰ ਦਾਸਤਾਨ, ਮਨੀਪੁਰ ਕਾਂਡ

Manipur

ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਸਾਰਥਿਕ ਨਤੀਜੇ ਨਹੀਂ ਨਿੱਕਲ ਸਕੇ |  Manipur

ਔਰਤ ਆਦਿਕਾਲ ਤੋਂ ਹੀ ਮਰਦ ਦੇ ਜ਼ੁਲਮਾਂ ਦਾ ਸ਼ਿਕਾਰ ਬਣਦੀ ਆ ਰਹੀ ਹੈ, ਜੋ ਅੱਜ ਦੇ ਮੌਜੂਦਾ ਇਨਫਰਮੇਸ਼ਨ ਟੈਕਨਾਲੋਜੀ ਵਾਲੇ ਸਮੇਂ ਵੀ ਬਾਦਸਤੂਰ ਜਾਰੀ ਹੈ। ਦੁਨੀਆਂ ਵਿੱਚ ਔਰਤ ਪੜ੍ਹ-ਲਿਖ ਕੇ ਭਾਵੇਂ ਦੇਸ਼ ਦੀ ਪ੍ਰਧਾਨ ਮੰਤਰੀ ਅਤੇ ਸਰਵਉੱਚ ਅਹੁਦਿਆਂ ’ਤੇ ਪਹੁੰਚ ਗਈ ਹੋਵੇ ਪਰੰਤੂ ਔਰਤ ਜਾਤੀ ’ਤੇ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਸਾਰਥਿਕ ਨਤੀਜੇ ਨਹੀਂ ਨਿੱਕਲ ਸਕੇ। ਪਿਛਲੇ ਦਿਨੀਂ ਮਨੀਪੁਰ ਰਾਜ ਦੇ ਇੱਕ ਪਿੰਡ ਵਿੱਚ ਦੋ ਕਬੀਲਿਆਂ ਦੀ ਆਪਸੀ ਰੰਜਿਸ਼ ਦਾ ਨਤੀਜਾ ਸਿਰਫ ਔਰਤ ਨੂੰ ਹੀ ਭੁਗਤਣਾ ਪਿਆ ਦੋ ਜਾਂ ਤਿੰਨ ਔਰਤਾਂ ਨੂੰ ਅਲਫ ਨੰਗਾ ਕਰਕੇ ਘੁਮਾਇਆ ਗਿਆ ਵਿਰੋਧ ਕਰਨ ’ਤੇ ਭੈਣ ਦੇ ਭਰਾ ਨੂੰ ਤੇ ਮਾਂ ਦੇ ਪੁੱਤ ਨੂੰ ਵੀ ਗੋਲੀਆਂ ਨਾਲ ਭੁੰਨ੍ਹ ਕੇ ਸਦਾ ਦੀ ਨੀਂਦ ਸਵਾ ਦਿੱਤਾ ਗਿਆ ਵੱਡੀ ਤੇ ਹੈਰਾਨੀ ਦੀ ਗੱਲ ਹੈ ਕਿ ਅਜਿਹਾ ਸਭ ਪੁਲਿਸ ਦੀ ਹਾਜਰੀ ਵਿੱਚ ਵਾਪਰਿਆ। (Manipur)

ਦਰੌਪਤੀ ਦਾ ਚੀਰ ਹਰਨ

ਇਸ ਘਟਨਾ ਦੇ ਵਾਪਰਨ ਤੋਂ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਸੀਰੀਆ ਵਰਗੇ ਕਿਸੇ ਮੁਲਕ ਵਿੱਚ ਰਹਿ ਰਹੇ ਹਾਂ। ਅਜਿਹਾ ਵਰਤਾਰਾ ਕੋਈ ਪਹਿਲਾ ਜਾਂ ਆਖਰੀ ਨਹੀਂ ਹੈ। ਆਦਿਕਾਲ ਵਿੱਚ ਦੁਰਯੋਧਨ ਵੱਲੋਂ ਭਰੀ ਸਭਾ ਵਿੱਚ ਦਰੌਪਤੀ ਦਾ ਚੀਰ ਹਰਨ ਕੀਤਾ ਗਿਆ ਸੀ ਅੱਜ ਦੇ ਆਧੁਨਿਕ ਯੁੱਗ ਵਿੱਚ ਕਠੂਆ ਤੇ ਨਿਰਭੈਆ ਕਾਂਡ, ਅਤੇ ਇਸ ਤਰ੍ਹਾਂ ਦੀਆਂ ਸੈਂਕੜੇ ਉਦਾਹਰਨਾਂ ਹੋਰ ਹਨ ਜੋ ਮੀਡੀਆ ਵਿੱਚ ਆਈਆਂ ਤੇ ਹਜਾਰਾਂ ਉਦਾਹਰਨਾਂ ਜੋ ਮੀਡੀਆ ਵਿੱਚ ਨਸ਼ਰ ਨਹੀਂ ਹੋਈਆਂ, ਅੰਦਰ ਖਾਤੇ ਡੰਡੇ ਦੇ ਜੋਰ ਜਾਂ ਸ਼ਰਮ ਕਾਰਨ ਦਬਾ ਦਿੱਤੀਆਂ ਜਾਂ ਦੱਬ ਜਾਂਦੀਆਂ ਹਨ। ਅਜਿਹੇ ਘਿਨੌਣੇ ਜੁਲਮ ਆਪਣੇ ਪਿੰਡੇ ’ਤੇ ਸਹਿ ਕੇ ਵੀ ਅਬਲਾ, ਜੱਗਜਨਣੀ ਇਸ ਜਗਤ ਪਸਾਰੇ ਵਿੱਚ ਆਪਣਾ ਅਹਿਮ ਯੋਗਦਾਨ ਲਗਾਤਾਰ ਪਾ ਰਹੀ ਹੈ।

ਜੇਕਰ ਪੂਰੇ ਵਿਸ਼ਵ ਵਿੱਚ ਅਬਾਦੀ ਪੱਖੋਂ, ਲਿੰਗ ਅਨੁਪਾਤ ਦੇਖੀਏ ਤਾਂ ਔਰਤ ਲਗਭਗ ਦੁਨੀਆਂ ਦੇ ਅੱਧੇ ਹਿੱਸੇ ’ਤੇ ਕਾਬਜ ਹੈ। ਔਰਤ ਜਾਤੀ ’ਤੇ ਹੁੰਦੇ ਆ ਰਹੇ ਜ਼ੁਲਮਾਂ ਦੀ ਦਾਸਤਾਨ ਜੇਕਰ ਸ਼ਬਦਾਂ ਵਿਚ ਪਰੋਣ ਲੱਗੀਏ ਤਾਂ ਸ਼ਾਇਦ ਕਲਮਾਂ ਦੀ ਸਿਆਹੀ ਮੁੱਕ ਜਾਵੇ, ਪਰ ਦਾਸਤਾਨ ਨਹੀਂ ਮੁੱਕਣੀ, ਕਿਉਂਕਿ ਔਰਤ ਕਿਸੇ ਵੀ ਰੂਪ ਜਾਂ ਉਮਰ ਵਿਚੋਂ ਗੁਜ਼ਰ ਰਹੀ ਹੋਵੇ ਉਸ ਉੱਪਰ ਹੋ ਰਹੇ ਜ਼ੁਲਮ ਬਾਦਸਤੂਰ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਜਾਰੀ ਹਨ ਭਾਵੇਂ ਵਿਗਿਆਨ ਨੇ ਤਰੱਕੀ ਕਰਕੇ ਸਾਨੂੰ ਚੰਦ ’ਤੇ ਪਹੁੰਚਾ ਦਿੱਤਾ ਹੈ, ਪਰੰਤੂ ਇਸ ਮਰਦ ਪ੍ਰਧਾਨ ਸਮਾਜ ਦੀ ਸੋਚ ਔਰਤ ਪ੍ਰਤੀ ਅੱਜ ਵੀ ਬਹੁਤ ਨੀਵੀਂ ਤੇ ਪਲੀਤ ਹੈ। ਸਦੀਆਂ ਪਹਿਲਾਂ ਚੱਲਦੀ ਸਤੀ ਪ੍ਰਥਾ ਦੇ ਤਹਿਤ ਜਦ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਦੇ ਪਤੀ ਦੀ ਬਲਦੀ ਚਿਖਾ ਵਿੱਚ ਉਸ ਔਰਤ ਨੂੰ ਜਿਉਂਦਿਆਂ ਸੜ ਕੇ ਆਪਣੀ ਜਾਨ ਦੇਣੀ ਪੈਂਦੀ ਸੀ।

ਪਵਿੱਤਰ ਗੁਰਬਾਣੀ ਰਾਹੀਂ ਜੱਗਜਨਣੀ ਦੇ ਹੱਕਾਂ ਲਈ ਉਸ ਸਮੇਂ ਦੇ ਸਮਾਜਿਕ ਢਾਂਚੇ ਨੂੰ ਹਲੂਣਿਆ

ਇਸ ਮੰਜਰ ਨੂੰ ਮੌਕੇ ਦੇ ਸਾਰੇ ਸੂਝਵਾਨ ਲੋਕ ਅੱਖੀਂ ਦੇਖ ਕੇ ਵੀ ਕੁੱਝ ਬੋਲਣ ਤੋਂ ਆਪਣੀਆਂ ਜੁਬਾਨਾਂ ’ਤੇ ਜਿੰਦਰੇ ਜੜ ਕੇ ਘਰੋ-ਘਰੀ ਤੁਰ ਜਾਂਦੇ ਸਨ। ਔਰਤ ਦੇ ਸਨਮਾਨ ਦੀ ਬਹਾਲੀ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਗੁਰਬਾਣੀ ਰਾਹੀਂ ਜੱਗਜਨਣੀ ਦੇ ਹੱਕਾਂ ਲਈ ਉਸ ਸਮੇਂ ਦੇ ਸਮਾਜਿਕ ਢਾਂਚੇ ਨੂੰ ਹਲੂਣਿਆ ਹੈ। ਸਮੇਂ ਦੇ ਹਾਕਮਾਂ ਦੀ ਨੀਵੀਂ ਸੋਚ ਦੇ ਤਹਿਤ ਔਰਤ ਜਾਤੀ ’ਤੇ ਹੁੰਦੇ ਜ਼ੁਲਮਾਂ ਦੀ ਦਾਸਤਾਨ ਵਿੱਚ ਇੱਕ ਅਹਿਮ ਅਧਿਆਇ ਮੁਲਾਕਰਮ ਭਾਵ ਛਾਤੀ ਟੈਕਸ ਵੀ ਹੈ। ਕੇਰਲ ਰਾਜ ਦੇ ਵੱਡੇ ਭਾਗ ਵਿੱਚ ਤਰਾਵਣਕੋਰ ਦੇ ਰਾਜੇ ਦਾ ਜਦ ਸ਼ਾਸਨਕਾਲ ਸੀ ਤਾਂ ਉਸ ਸਮੇਂ ਜਾਤੀਵਾਦ ਸਿਖਰਾਂ ’ਤੇ ਸੀ। ਪਹਿਨਾਵੇ ਦੇ ਕਾਇਦੇ ਕਾਨੂੰਨ ਅਜਿਹੇ ਸਨ ਕਿ ਦੇਖਦੇ ਹੀ ਜਾਤੀ ਦੀ ਪਹਿਚਾਣ ਹੋ ਜਾਂਦੀ ਸੀ, ਜਾਤੀਵਾਦ ਦੀਆਂ ਜੜ੍ਹਾਂ ਇਸ ਕਦਰ ਡੂੰਘੀਆਂ ਸਨ।

ਕਿ ਨੀਵੀਂ ਜਾਤੀ ਦੀਆਂ ਔਰਤਾਂ ਆਪਣੀ ਛਾਤੀਆਂ ਨੂੰ ਕੱਪੜਿਆਂ ਨਾਲ ਅੱਜ ਦੀ ਤਰ੍ਹਾਂ ਢੱਕ ਨਹੀਂ ਸਕਦੀਆਂ ਸਨ ਲੱਕ ਤੋਂ ਉੱਪਰ ਕੱਪੜੇ ਪਹਿਨਣ ਦਾ ਹੁਕਮ ਨਹੀਂ ਸੀ ਇਸ ਪ੍ਰਥਾ ਅਨੁਸਾਰ ਜੇ ਦਲਿਤ ਸਮਾਜ ਦੀਆਂ ਔਰਤਾਂ ਆਪਣੀ ਛਾਤੀ ਢੱਕਣਾ ਚਾਹੁੰਦੀਆਂ ਸਨ ਤਾਂ ਉਨ੍ਹਾਂ ਨੂੰ ਮੂਲਾਕਰਮ ਭਾਵ ਛਾਤੀ ਟੈਕਸ ਦੇਣਾ ਪੈਂਦਾ ਸੀ ਇਸ ਤੋਂ ਤੰਗ ਆ ਕੇ ਔਰਤਾਂ ਨੇ ਇਸਾਈ ਧਰਮ ਨੂੰ ਅਪਣਾ ਲਿਆ ਤੇ ਲੰਬੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਇਸ ਦਾ ਸਿੱਟਾ ਇਹ ਨਿੱਕਲਿਆ ਕਿ ਉੱਚ ਜਾਤੀ ਤੇ ਨੀਵੀਂ ਜਾਤੀ ਦੇ ਲੋਕਾਂ ਵਿੱਚ ਹਿੰਸਾ ਭੜਕਣੀ ਸ਼ੁਰੂ ਹੋ ਗਈ।

ਜਾਤ-ਪਾਤ ਦੇ ਭੇਦਭਾਵ | Manipur

1813 ਤੋਂ 1859 ਤੱਕ ਤਰਾਵਣਕੋਰ ਰਾਜ ਵਿੱਚ ਬਹੁਤ ਸਾਰੇ ਕਾਨੂੰਨ ਬਣਾਏ ਅਤੇ ਰੱਦ ਕੀਤੇ ਗਏ ਉੱਚ ਜਾਤੀ ਦੇ ਲੋਕਾਂ ਵੱਲੋਂ ਇਹ ਵਿਰੋਧ ਕੀਤਾ ਗਿਆ ਕਿ ਨੀਵੀਂ ਜਾਤੀ ਦੀਆਂ ਔਰਤਾਂ ਨੂੰ ਦਿੱਤੇ ਜਾਣ ਵਾਲੇ ਹੱਕ ਜਾਤ-ਪਾਤ ਦੇ ਭੇਦਭਾਵ ਮਿਟਾ ਦੇਣਗੇ ਤੇ ਰਾਜ ਵਿੱਚ ਹਲਚਲ ਪੈਦਾ ਹੋ ਜਾਵੇਗੀ ਇਸ ਪ੍ਰਤੀ ਬਹੁਤ ਅੰਦੋਲਨ ਕੀਤੇ ਗਏ ਅਤੇ ਹਿੰਸਾ ਵੀ ਭੜਕੀ ਕਿ ਨੀਵੀਂ ਜਾਤੀ ਦੀਆਂ ਇਸਾਈ ਤੇ ਹਿੰਦੂ ਔਰਤਾਂ ਨੂੰ ਇਹ ਹੱਕ ਨਾ ਦਿੱਤੇ ਜਾਣ ਤੇ ਉੱਚ ਜਾਤੀ ਦੇ ਲੋਕਾਂ ਵੱਲੋਂ ਬਹੁਤ ਸਾਰੇ ਸਕੂਲਾਂ ਤੇ ਗਿਰਜਾਘਰਾਂ ਵਿੱਚ ਅੱਗਾਂ ਲਾ ਦਿੱਤੀਆਂ ਗਈਆਂ ਇਨ੍ਹਾਂ ਚਾਰ ਦਹਾਕਿਆਂ ਵਿਚ ਬਹੁਤ ਹਿੰਸਾ ਭੜਕੀ 1859 ਵਿੱਚ ਹਿੰਸਾ ਆਪਣੀ ਚਰਮ ਸੀਮਾ ’ਤੇ ਪਹੁੰਚ ਚੁੱਕੀ ਸੀ, ਜਿਸ ਦੇ ਚੱਲਦਿਆਂ ਨਾਦਰ ਔਰਤਾਂ ਦੇ ਉੱਪਰੀ ਕੱਪੜੇ ਉਤਾਰ ਕੇ ਉਹਨਾਂ ਨੂੰ ਦਰੱਖਤਾਂ ਨਾਲ ਫਾਹੇ ਲਾ ਦਿੱਤਾ ਗਿਆ।

ਸ਼ਕਤੀ ਇਕੱਠੀ ਕਰਕੇ ਵਿਦਰੋਹ ਕੀਤਾ

ਨਾਦਰਾਂ ਨੇ ਇਸ ਦੇ ਖਿਲਾਫ ਆਪਣੀ ਸ਼ਕਤੀ ਇਕੱਠੀ ਕਰਕੇ ਵਿਦਰੋਹ ਕੀਤਾ ਤੇ ਉਹਨਾਂ ਨੇ ਉੱਚ ਜਾਤੀ ਲੋਕਾਂ ਦੇ ਘਰਾਂ ਵਿੱਚ ਆਤੰਕ ਮਚਾ ਦਿੱਤਾ ਉਨ੍ਹਾਂ ਦੀਆਂ ਦੁਕਾਨਾਂ ਆਦਿ ਲੁੱਟ ਲਈਆਂ। ਇਸ ਦੇ ਚੱਲਦਿਆਂ ਸਰਕਾਰ ਨੂੰ ਇਸ ਵਿਸ਼ੇ ’ਤੇ ਕੁੱਝ ਖਾਸ ਧਿਆਨ ਦੇਣ ਦੀ ਲੋੜ ਪਈ। ਮਦਰਾਸ ਦੇ ਗਵਰਨਰ ਵੱਲੋਂ ਦਬਾਅ ਪਾਉਣ ’ਤੇ ਰਾਜੇ ਨੂੰ ਇਹ ਕਾਨੂੰਨ ਜਾਰੀ ਕਰਨਾ ਪਿਆ ਕਿ ਨੀਵੀਂ ਜਾਤੀ ਦੀਆਂ ਔਰਤਾਂ ਆਪਣੀਆਂ ਛਾਤੀਆਂ ਢੱਕ ਸਕਦੀਆਂ ਹਨ, ਪਰੰਤੂ ਫਿਰ ਵੀ ਛਾਤੀ ਢੱਕਣ ਦਾ ਢੰਗ ਉੱਚ ਜਾਤੀ ਦੀਆਂ ਔਰਤਾਂ ਤੋਂ ਅਲੱਗ ਸੀ। ਨੰਗੇਲੀ ਨਾਂਅ ਦੀ ਇੱਕ ਨੀਵੀਂ ਜਾਤੀ ਦੀ ਔਰਤ, ਜੋ 19ਵੀਂ ਸਦੀ ਵਿੱਚ ਤਰਾਵਣਕੋਰ ਦੇ ਜੱਦੀ ਰਾਜ ਦੇ ਪਿੰਡ ਚੇਰਥਲਾ ਜੋ ਕਿ ਭਾਰਤ ਵਿੱਚ ਸੀ, ਆਪਣੀ ਵੱਡੀ ਭੈਣ ਨੀਲੀ ਦੇ ਨਾਲ ਮਾਤਾ ਲਕਸ਼ਮੀ ਤੇ ਬਾਪ ਕੰਣਨ ਕੋਲ ਰਹਿੰਦੀ ਸੀ।

ਉਸ ਨੇ ਮੂਲਾਕਰਮ ਭਾਵ ਛਾਤੀ ਟੈਕਸ ਨਾ ਦੇਣ ਦੇ ਵਿਰੋਧ ਵਿੱਚ ਆਪਣੀ ਆਵਾਜ ਬੁਲੰਦ ਕੀਤੀ ਤੇ ਜ਼ੁਲਮ ਨੂੰ ਨਾ ਸਹਾਰਦੇ ਹੋਏ ਆਪਣੀਆਂ ਛਾਤੀਆਂ ਢੱਕਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਰਾਜੇ ਦੇ ਮੁਲਾਜਮ, ਜਿਨ੍ਹਾਂ ਅਧੀਨ ਨੰਗੇਲੀ ਦਾ ਪਿੰਡ ਪੈਂਦਾ ਸੀ, ਨੰਗੇਲੀ ਦੇ ਘਰ ਮੂਲਾਕਰਮ ਲੈਣ ਪਹੁੰਚੇ ਤਾਂ ਨੰਗੇਲੀ ਨੇ ਇਸਦੇ ਵਿਰੋਧ ਵਿੱਚ ਆਪਣੀਆਂ ਛਾਤੀਆਂ ਕੱਟ ਕੇ ਇੱਕ ਖਾਸ ਕਿਸਮ ਦੇ ਪੌਦੇ ਦੇ ਪੱਤਿਆਂ ਵਿੱਚ ਲਪੇਟ ਕੇ ਉਨ੍ਹਾਂ ਨੂੰ ਦੇ ਦਿੱਤੀਆਂ। ਖੂਨ ਜ਼ਿਆਦਾ ਵਹਿਣ ਕਾਰਨ ਨੰਗੇਲੀ ਦੀ ਮੌਤ ਹੋ ਗਈ ਤੇ ਉਸਦੇ ਪਤੀ ਚਿਰਕੁਨੰਦਨ ਨੇ ਗਮ ਵਿੱਚ ਆਪਣੀ ਪਤਨੀ ਦੀ ਬਲਦੀ ਚਿਖਾ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਕਾਰਨ ਜਲਦੀ ਹੀ ਨੰਗੇਲੀ ਦੀ ਮੌਤ ਇੱਕ ਖਾਸ ਘਟਨਾ ਬਣ ਗਈ।

ਨਾਦਰ ਔਰਤਾਂ ਨੇ ਵੱਡੀ ਪੱਧਰ ’ਤੇ ਅਪਣਾ ਧਰਮ ਪਰਿਵਰਤਨ ਕੀਤਾ

ਨੰਗੇਲੀ ਦੀ ਮੌਤ ਤੋਂ ਬਾਅਦ ਸਾਰੇ ਪਾਸੇ ਲੋਕ ਜਾਗਰੂਕ ਹੋ ਗਏ ਤੇ ਇਸ ਵਿਰੁੱਧ ਸੰਘਰਸ਼ ਵਿੱਢਣ ਲੱਗੇ ਇਸ ਸਮੇਂ ਇਸਾਈ ਧਰਮ ਵੀ ਫੈਲਾਓ ਵਿੱਚ ਸੀ ਨਾਦਰ ਔਰਤਾਂ ਨੇ ਵੱਡੀ ਪੱਧਰ ’ਤੇ ਅਪਣਾ ਧਰਮ ਪਰਿਵਰਤਨ ਕੀਤਾ ਉਨ੍ਹਾਂ ਨੇ ਪੂਰੇ ਕੱਪੜੇ ਪਹਿਣਨੇ ਸ਼ੁਰੂ ਕਰ ਦਿੱਤੇ ਇਸ ਨੂੰ ਦੇਖਕੇ ਹਿੰਦੂ ਔਰਤਾਂ ਨੇ ਵੀ ਮੂਲਾਕਰਮ ਵਿਰੁੱਧ ਆਪਣੀ ਆਵਾਜ ਬੁਲੰਦ ਕਰਦੇ ਹੋਏ ਆਪਣੀਆਂ ਛਾਤੀਆਂ ਢੱਕਣੀਆਂ ਸ਼ੁਰੂ ਕਰ ਦਿੱਤੀਆਂ। 1859 ਦੇ ਵਿਦਰੋਹ ਤੇ ਨੰਗੇਲੀ ਵੱਲੋਂ ਮੂਲਾਕਰਮ ਵਿਰੁੱਧ ਆਪਣੀ ਜਾਨ ਦੀ ਬਾਜੀ ਲਾਉਣ ਉਪਰੰਤ ਨੀਵੀਂ ਜਾਤੀ ਦੀਆਂ ਔਰਤਾਂ ਨੂੰ ਆਪਣੀਆਂ ਛਾਤੀਆਂ ਢੱਕਣ ਦਾ ਹੱਕ ਮਿਲ ਗਿਆ ਸੀ। ਇਸ ਸੱਚੀ ਦਾਸਤਾਨ ਨੂੰ ਲਿਖਣ ਦਾ ਮਕਸਦ ਸਿਰਫ ਤੇ ਸਿਰਫ ਲੋਕਾਂ ਨੂੰ ਜਾਗਰੂਕ ਕਰਨਾ ਹੈ ਇਸ ਮੂਲਾਕਰਮ ’ਤੇ ਇੱਕ ਫਿਲਮ ਵੀ ਬਣ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ

ਜਿਸ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਔਰਤ ਜਾਤ ’ਤੇ ਘਿਨੌਣੇ ਜ਼ੁਲਮ ਸਦੀਆਂ ਤੋਂ ਹੁੰਦੇ ਆ ਰਹੇ ਹਨ ਜੋ ਨਿਰੰਤਰ ਜਾਰੀ ਹਨ ਪੁਰਾਣੇ ਸਮਿਆਂ ਵਿੱਚ ਔਰਤਾਂ ਨੂੰ ਆਪਣਾ ਮੂੰਹ ਢੱਕ ਕੇ ਰੱਖਣਾ ਪੈਂਦਾ ਸੀ ਤੇ ਉਸ ਨੂੰ ਪੈਰ ਦੀ ਜੁੱਤੀ ਸਮਾਨ ਸਮਝਿਆ ਜਾਂਦਾ ਸੀ ਉਸ ਸਮੇਂ ਔਰਤ ਜੇਕਰ ਲੜਕੀ ਨੂੰ ਜਨਮ ਦਿੰਦੀ ਸੀ ਤਾਂ ਉਸਦੇ ਸਹੁਰੇ ਪਰਿਵਾਰ ਵੱਲੋਂ ਦਾਈ ਕੋਲੋਂ ਉਸੇ ਵੇਲੇ ਉਸਦੀ ਜੰਮੀ ਧੀ ਨੂੰ ਗਲ ਗੂਠਾ ਦੇ ਕੇ ਮਰਵਾ ਦਿੱਤਾ ਜਾਂਦਾ ਸੀ ਇਹ ਪ੍ਰਥਾ ਚੀਨ ਤੋਂ ਸ਼ੁਰੂ ਹੋ ਕੇ ਭਾਰਤ ਵਿੱਚ ਫੈਲੀ ਸੀ। ਮੇਰੇ ਲਿਖਣ ਜਾਂ ਤੁਹਾਡੇ ਪੜ੍ਹਨ ਨਾਲ ਇਹ ਫ਼ਰਜ ਪੂਰਾ ਨਹੀਂ ਹੁੰਦਾ। ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਤੇ ਰਾਜਨੀਤਿਕ ਪਾਰਟੀਆਂ ਦੇਸ਼ ਦੇ ਕਾਨੂੰਨ ਵਿੱਚ ਤਬਦੀਲੀ ਲਈ ਹੰਭਲਾ ਮਾਰਨ ਤੇ ਔਰਤਾਂ ਦੇ ਹੱਕਾਂ ਲਈ ਤੁਰੰਤ ਇਨਸਾਫ ਦੀ ਲਹਿਰ ਚਲਾਈ ਜਾਵੇ। ਕਿਉਂਕਿ ਮੂਲਾਕਰਮ ਦਾ ਬਦਲਿਆ ਰੂਪ ਅੱਜ ਵੀ ਜਮਾਨੇ ਵਿੱਚ ਬਾਦਸਤੂਰ ਜਾਰੀ ਹੈ।